ਸੀਨੀਅਰ ਸਹਾਇਕ ਦੇ ਕਿਡਨੈਪ ਦੀ ਸੀ. ਸੀ. ਟੀ. ਵੀ. ਫੁਟੇਜ ਪੁਲਸ ਕੋਲ ਪਹੁੰਚੀ

01/29/2020 1:03:23 PM

ਜਲੰਧਰ (ਵਰੁਣ)— ਸਿਵਲ ਹਸਪਤਾਲ ਦੇ ਸੀਨੀਅਰ ਸਹਾਇਕ ਸ਼ੁੱਭ ਪ੍ਰਕਾਸ਼ ਨੂੰ ਕਿਡਨੈਪ ਕਰਕੇ ਉਸ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਪੁਲਸ ਨੂੰ ਇਕ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ। ਹਾਲਾਂਕਿ ਫੁਟੇਜ ਨੂੰ ਪੁਲਸ ਨੇ ਮੀਡੀਆ 'ਚ ਜਾਰੀ ਨਹੀਂ ਕੀਤਾ ਪਰ ਸੂਤਰਾਂ ਦੀ ਮੰਨੀਏ ਤਾਂ ਫੁਟੇਜ 'ਚ ਕਾਫ਼ੀ ਕੁਝ ਕਲੀਅਰ ਹੋ ਚੁੱਕਾ ਹੈ। ਫੁਟੇਜ 'ਚ ਮੁਲਜ਼ਮਾਂ ਦੇ ਚਿਹਰੇ ਅਤੇ ਗੱਡੀ ਵੀ ਕੈਦ ਹੋ ਚੁੱਕੀ ਹੈ। ਹਾਲਾਂਕਿ ਮੁਲਜ਼ਮ ਨਕਾਬਪੋਸ਼ ਸਨ ਪਰ ਜਲਦੀ ਹੀ ਪੁਲਸ ਇਸ ਕੇਸ ਨੂੰ ਟਰੇਸ ਕਰ ਸਕਦੀ ਹੈ। ਇਸ ਕੇਸ 'ਚ ਬੀ. ਜੇ. ਪੀ. ਆਗੂ ਦੇ ਛੋਟੇ ਭਰਾ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਪੁਲਸ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਜਲਦੀ ਹੀ ਬੀ. ਜੇ. ਪੀ. ਆਗੂ ਦੇ ਭਰਾ ਨੂੰ ਪੁਲਸ ਜਾਂਚ 'ਚ ਸ਼ਾਮਲ ਕਰਨ ਲਈ ਥਾਣੇ ਤਲਬ ਕਰ ਸਕਦੀ ਹੈ।

ਸੁਤਰਾਂ ਦੀ ਮੰਨੀਏ ਤਾਂ ਪੁਲਸ ਨੇ ਇਕ ਸ਼ੱਕੀ ਮੁਲਜ਼ਮ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਸੀ, ਜਿਸ ਦੀ ਵੀਡੀਓਗ੍ਰਾਫੀ ਵੀ ਹੋਈ। ਉਸ ਵੀਡੀਓ 'ਚ ਵੀ ਸ਼ੱਕੀ ਮੁਲਜ਼ਮਾਂ ਨੇ ਬੀ. ਜੇ. ਪੀ. ਆਗੂ ਦੇ ਭਰਾ ਦਾ ਨਾਂ ਲਿਆ ਹੈ। ਹਾਲਾਂਕਿ ਪੁਲਸ ਨੇ ਇਸ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਦੱਸ ਦਈਏ ਕਿ 24 ਜਨਵਰੀ ਦੀ ਰਾਤ ਗੱਡੀ 'ਚ ਸਵਾਰ ਕੁਝ ਲੋਕਾਂ ਨੇ ਮਕਸੂਦਾਂ ਮੰਡੀ ਕੋਲ ਸ਼ਰਾਬ ਪੀ ਕੇ ਘਰ ਜਾਣ ਨੂੰ ਖੜ੍ਹੇ ਸਿਵਲ ਹਸਪਤਾਲ ਦੇ ਸੀਨੀਅਰ ਸਹਾਇਕ ਸ਼ੁੱਭ ਪ੍ਰਕਾਸ਼ ਤ੍ਰੇਹਨ ਨਿਵਾਸੀ ਰੋਜ਼ ਪਾਰਕ ਅਤੇ ਉਸ ਦੇ ਸਾਥੀ ਸੂਰਜ ਨੂੰ ਕਿਡਨੈਪ ਕਰ ਲਿਆ ਸੀ।

ਮੁਲਜ਼ਮਾਂ ਨੇ ਸ਼ੁੱਭ ਪ੍ਰਕਾਸ਼ ਨੂੰ ਧਮਕਾਇਆ ਸੀ ਕਿ ਉਸ ਦੀ ਜਾਨ ਲੈਣ ਲਈ ਉਨ੍ਹਾਂ ਨੂੰ 20 ਲੱਖ ਦੀ ਫਿਰੌਤੀ ਮਿਲੀ ਹੈ। ਜੇਕਰ ਉਹ ਉਨ੍ਹਾਂ ਨੂੰ 30 ਲੱਖ ਰੁਪਏ ਦਿੰਦਾ ਹੈ ਤਾਂ ਉਸ ਦੀ ਜਾਨ ਬਖਸ਼ੀ ਜਾ ਸਕਦੀ ਹੈ। ਡੀਲ 10 ਲੱਖ ਰੁਪਏ 'ਚ ਤੈਅ ਹੋਈ ਤਾਂ ਮੁਲਜ਼ਮ ਨੇ 10 ਲੱਖ ਰੁਪਏ ਲਿਆਉਣ ਲਈ ਸ਼ੁੱਭ ਪ੍ਰਕਾਸ਼ ਨੂੰ ਉਸ ਦੇ ਦੋਸਤ ਸੂਰਜ ਦੇ ਘਰ ਬਾਹਰ ਛੱਡ ਦਿੱਤਾ ਪਰ ਸ਼ੁੱਭ ਪ੍ਰਕਾਸ਼ ਨੇ ਘਰ ਨੂੰ ਅੰਦਰੋਂ ਲਾਕ ਕਰ ਲਿਆ ਅਤੇ ਗੱਡੀ ਸਵਾਰ ਲੋਕ ਭੱਜ ਗਏ ਸਨ। ਸੀ. ਪੀ. ਨੂੰ ਸ਼ਿਕਾਇਤ ਦੇਣ ਤੋਂ ਬਾਅਦ ਥਾਣਾ ਨੰ. 1 'ਚ ਅਣਪਛਾਤੇ ਲੋਕਾਂ 'ਤੇ ਕੇਸ ਦਰਜ ਕਰ ਲਿਆ ਸੀ। ਉਸ ਤੋਂ ਬਾਅਦ ਪਤਾ ਲੱਗਾ ਕਿ ਮੈਚ 'ਚ ਪੈਸੇ ਹਾਰਨ ਤੋਂ ਬਾਅਦ ਬੀ. ਜੇ. ਪੀ. ਆਗੂ ਦੇ ਭਰਾ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਫਿਲਹਾਲ ਉਸ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ। ਜਲਦੀ ਹੀ ਪੁਲਸ ਇਸ ਕੇਸ ਨੂੰ ਲੈ ਕੇ ਵੱਡਾ ਖੁਲਾਸਾ ਕਰ ਸਕਦੀ ਹੈ। ਸ਼ੁੱਭ ਪ੍ਰਕਾਸ਼ ਨੇ ਬੀ. ਜੇ. ਪੀ. ਆਗੂ ਦੇ ਭਰਾ ਅਤੇ ਉਸ ਦੇ ਸਾਥੀਆਂ 'ਤੇ ਪਿਸਟਲ ਰੱਖ ਕੇ ਧਮਕਾਉਣ ਅਤੇ ਪੈਸਿਆਂ ਸਮੇਤ ਏ. ਟੀ. ਐੱਮ. ਕਾਰਡ ਲੁੱਟਣ ਦੇ ਵੀ ਦੋਸ਼ ਲਾਏ ਸਨ।


shivani attri

Content Editor

Related News