ਸਿਵਲ ਸਰਜਨ ਦਫਤਰ ''ਚ ਜਨਮ ਤੇ ਮੌਤ ਰਜਿਸਟ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ਦਾ ਵੀ ਜਵਾਬ ਨਹੀਂ!

12/23/2019 4:44:32 PM

ਜਲੰਧਰ (ਰੱਤਾ)— ਜਨਮ ਅਤੇ ਮੌਤ ਰਜਿਸਟ੍ਰੇਸ਼ਨ ਨੂੰ ਸਰਕਾਰ ਨੇ ਜ਼ਰੂਰੀ ਕੀਤਾ ਹੋਇਆ ਹੈ ਅਤੇ ਪਰਿਵਾਰ 'ਚ ਕਿਸੇ ਬੱਚੇ ਦੇ ਜਨਮ ਜਾਂ ਮੈਂਬਰ ਦੀ ਮੌਤ ਸਬੰਧੀ ਐਂਟਰੀ ਖੇਤਰ ਦੇ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਦਫਤਰ 'ਚ 21 ਦਿਨ ਦੇ ਅੰਦਰ ਕਰਵਾਉਣੀ ਜ਼ਰੂਰੀ ਹੁੰਦੀ ਹੈ। ਜਾਗਰੂਕਤਾ ਦੀ ਕਮੀ ਕਾਰਨ ਕਈ ਲੋਕ ਸਮੇਂ 'ਤੇ ਐਂਟਰੀ ਨਹੀਂ ਕਰਵਾ ਪਾਉਂਦੇ, ਜਿਸ ਕਾਰਨ ਉਨ੍ਹਾਂ ਨੂੰ ਬਾਅਦ 'ਚ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ ਅਤੇ ਨਾਲ ਹੀ ਕਈ ਵਾਰ ਸਬੰਧਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਸ਼ਾਇਦ ਇਸ ਗੱਲ ਦਾ ਫਾਇਦਾ ਉਠਾਉਂਦੇ ਹਨ ਅਤੇ ਬਿਨੇਕਾਰ ਵਾਰ-ਵਾਰ ਚੱਕਰ ਲਾਉਂਦੇ ਹਨ।
ਸਿਵਲ ਸਰਜਨ ਦਫ਼ਤਰ 'ਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਜਪ੍ਰਣਾਲੀ ਵੀ ਕੁਝ ਅਜਿਹੀ ਹੀ ਹੈ ਅਤੇ ਇਸ ਕਾਰਣ ਇਹ ਵਿਭਾਗ ਹਮੇਸ਼ਾ ਚਰਚਾਵਾਂ 'ਚ ਹੀ ਰਹਿੰਦਾ ਹੈ।

ਇਕ ਹੀ ਕੇਸ 'ਤੇ ਕਈ ਵਾਰ ਲਾ ਦਿੰਦੇ ਹਨ ਆਬਜੈਕਸ਼ਨ
ਉਕਤ ਵਿਭਾਗ 'ਚ ਤਾਇਨਾਤ ਕਰਮਚਾਰੀਆਂ ਨੂੰ ਜਾਂ ਤਾਂ ਜਨਮ ਅਤੇ ਮੌਤ ਪੰਜੀਕਰਨ ਐਕਟ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਜਾਂ ਫਿਰ ਇਹ ਕਿਸੇ ਨਿੱਜੀ ਸਵਾਰਥ ਦੇ ਕਾਰਣ ਇਕ ਐਪਲੀਕੇਸ਼ਨ 'ਤੇ ਦੋ ਵਾਰ ਆਬਜੈਕਸ਼ਨ ਲਾ ਦਿੰਦੇ ਹਨ। ਅਜਿਹਾ ਹੀ ਇਕ ਮਾਮਲਾ ਕੁਝ ਦਿਨ ਪਹਿਲਾਂ ਚਰਚਾ 'ਚ ਸੀ। ਬਿਨੇਕਾਰ ਨੇ ਆਪਣੇ ਬੱਚੇ ਦੇ ਜਨਮ ਸਰਟੀਫਿਕੇਟ 'ਚ ਆਪਣਾ ਨਾਂ ਠੀਕ ਕਰਵਾਉਣ ਲਈ ਜਦੋਂ ਉਕਤ ਵਿਭਾਗ 'ਚ ਸੰਪਰਕ ਕੀਤਾ ਤਾਂ ਸਟਾਫ ਨੇ ਉਸ ਨੂੰ ਕਿਹਾ ਕਿ ਉਸ ਦੇ ਨਾਂ ਵਿਚਕਾਰ ਉਰਫ ਲਿਖਿਆ ਜਾਵੇਗਾ। ਬਿਨੇਕਾਰ ਨੇ ਇਸ ਗੱਲ ਨਾਲ ਸਹਿਮਤ ਹੋ ਕੇ ਜਦੋਂ ਫਾਈਲ ਜਮ੍ਹਾ ਕਰਵਾਈ ਤਾਂ ਉਸ ਤੋਂ ਬਾਅਦ ਸਟਾਫ ਨੇ ਇਹ ਆਬਜੈਕਸ਼ਨ ਲਾ ਕੇ ਫਾਈਲ ਵਾਪਸ ਭੇਜ ਦਿੱਤੀ ਕਿ ਇਸ ਦੇ ਨਾਲ ਹਸਪਤਾਲ ਤੋਂ ਲੈਟਰਪੈਡ 'ਤੇ ਲਿਖਵਾ ਕੇ ਲਿਆਇਆ ਜਾਵੇ ਕਿ ਉਨ੍ਹਾਂ ਦੇ ਰਿਕਾਰਡ ਵਿਚ ਬੱਚੇ ਦੇ ਪਿਤਾ ਦਾ ਨਾਂ ਕੀ ਲਿਖਿਆ ਹੈ ਅਤੇ ਬਿਨੇਕਾਰ ਨੇ ਇਹ ਵੀ ਲਿਖਵਾ ਕੇ ਲਗਾ ਦਿੱਤਾ। ਇਸ ਤੋਂ ਬਾਅਦ ਵੀ ਉਸ ਦੇ ਨਾਂ ਦੀ ਕਰੈਕਸ਼ਨ ਨਹੀਂ ਹੋਈ, ਸਗੋਂ ਤੀਜੀ ਵਾਰ ਇਹ ਆਬਜੈਕਸ਼ਨ ਲਾ ਕੇ ਫਾਈਲ ਵਾਪਸ ਭੇਜ ਦਿੱਤੀ ਗਈ ਕਿ ਬਿਨੇਕਾਰ ਆਪਣੇ ਬਾਕੀ ਬੱਚਿਆਂ ਦੇ ਜਨਮ ਸਰਟੀਫਿਕੇਟ ਵੀ ਨਾਲ ਲਾਵੇ। ਹੈਰਾਨੀ ਦੀ ਗੱਲ ਇਹ ਹੈ ਬਿਨੇਕਾਰ ਨੇ ਫਾਈਲ 'ਚ ਇਕ ਸਵੈ-ਘੋਸ਼ਣਾ ਪੱਤਰ ਵੀ ਲਾਇਆ ਹੋਇਆ ਸੀ, ਜਿਸ ਵਿਚ ਲਿਖਿਆ ਸੀ ਕਿ ਉਸ ਦਾ ਸਿਰਫ ਇਕ ਬੱਚਾ ਹੈ। ਇਸ ਕੇਸ 'ਚ ਸਾਫ ਪਤਾ ਲੱਗਦਾ ਹੈ ਕਿ ਜਾਂ ਤਾਂ ਸਟਾਫ ਨੂੰ ਐਕਟ ਦੀ ਜਾਣਕਾਰੀ ਨਹੀਂ ਜਾਂ ਫਿਰ ਬਿਨੇਕਾਰ ਨੂੰ ਵਾਰ-ਵਾਰ ਚੱਕਰ ਲਵਾਉਣ ਲਈ ਸ਼ਾਇਦ ਉਨ੍ਹਾਂ ਦਾ ਨਿੱਜੀ ਸਵਾਰਥ ਸੀ ਕਿ ਬਿਨੇਕਾਰ ਪ੍ਰੇਸ਼ਾਨ ਹੋ ਕੇ ਉਨ੍ਹਾਂ ਦਾ ਕੁਝ ਫਾਇਦਾ ਕਰਕੇ ਜਾਵੇ।

ਕਈ ਸਾਲਾਂ ਤੋਂ ਇਸ ਵਿਭਾਗ 'ਚ ਤਾਇਨਾਤ ਹਨ ਕੁਝ ਕਰਮਚਾਰੀ
ਸਰਕਾਰੀ ਨੌਕਰੀ ਕਰਨ ਵਾਲਿਆਂ 'ਤੇ ਟਰਾਂਸਫਰ ਰੂਪੀ ਤਲਵਾਰ ਭਾਵੇਂ ਹਰ ਸਮੇਂ ਲਟਕਦੀ ਰਹਿੰਦੀ ਹੈ ਪਰ ਸਿਵਲ ਸਰਜਨ ਦਫਤਰ 'ਚ ਜਨਮ ਅਤੇ ਮੌਤ ਰਜਿਸਟ੍ਰੇਸ਼ਨ ਵਿਭਾਗ ਦੇ ਕੁਝ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਕਬਜ਼ਾ ਜਮਾਈ ਬੈਠੇ ਹਨ ਅਤੇ ਇਨ੍ਹਾਂ ਦੀ ਟਰਾਂਸਫਰ ਵੱਲ ਸ਼ਾਇਦ ਕਿਸੇ ਦਾ ਧਿਆਨ ਨਹੀਂ ਹੈ। ਇਨ੍ਹਾਂ ਦੀ ਪਹੁੰਚ ਬਹੁਤ ਉੱਪਰ ਤੱਕ ਹੈ, ਇਹ ਤਾਂ ਵਿਭਾਗ ਦੇ ਅਧਿਕਾਰੀ ਵੀ ਨਹੀਂ ਜਾਣਦੇ।


ਇਸ ਸਬੰਧ 'ਚ ਜਦੋਂ ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਟਾਫ ਨੂੰ ਇਕ ਹੀ ਫਾਈਲ 'ਤੇ ਵਾਰ-ਵਾਰ ਆਬਜੈਕਸ਼ਨ ਨਹੀਂ ਲਾਉਣੇ ਚਾਹੀਦੇ ਅਤੇ ਜੇਕਰ ਕਿਸੇ ਨੇ ਅਜਿਹਾ ਕੀਤਾ ਹੈ ਤਾਂ ਉਹ ਉਨ੍ਹਾਂ ਨੂੰ ਬੁਲਾ ਕੇ ਪੁੱਛੇਗੀ ਕਿ ਉਸ ਨੇ ਅਜਿਹਾ ਕਿਉਂ ਕੀਤਾ ਹੈ। ਡਾ. ਚਾਵਲਾ ਨੇ ਇਹ ਵੀ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਪ੍ਰੇਸ਼ਾਨੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਮਿਲ ਸਕਦਾ ਹੈ।


shivani attri

Content Editor

Related News