ਬੱਸ ਸਟੈਂਡ ''ਤੇ 2 ਧਿਰਾਂ ''ਚ ਹਿੰਸਕ ਵਿਵਾਦ ਤੋਂ ਬਾਅਦ ਸਿਵਲ ਹਸਪਤਾਲ ''ਚ ਵੀ ਹੋਈ ਗੁੰਡਾਗਰਦੀ

11/13/2019 11:38:57 PM

ਜਲੰਧਰ,(ਸ਼ੋਰੀ): ਦੇਰ ਸ਼ਾਮ ਬੱਸ ਸਟੈਂਡ ਕੰਪਲੈਕਸ ਦੇ ਬਾਹਰ ਲਾਟਰੀ ਦੀ ਦੁਕਾਨ ਵਿਚ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚ ਵਿਵਾਦ ਨੇ ਤੂਲ ਫੜ ਲਿਆ। ਦੋਵਾਂ ਧਿਰਾਂ ਵਿਚ ਹਿੰਸਕ ਵਿਵਾਦ ਤੋਂ ਬਾਅਦ ਤੇਜ਼ਧਾਰ ਹਥਿਆਰ ਤੱਕ ਚੱਲੇ। ਮੌਕੇ 'ਤੇ ਪਹੁੰਚੀ ਪੁਲਸ ਨੇ ਇਕ ਜ਼ਖ਼ਮੀ ਨੂੰ ਰਾਊਂਡਅਪ ਕੀਤਾ ਤੇ ਉਸਨੂੰ ਜਿਵੇਂ ਹੀ ਸਿਵਲ ਹਸਪਤਾਲ ਤੋਂ ਮੈਡੀਕਲ ਕਰਵਾਉਣ ਲਈ ਲੈ ਕੇ ਗਏ ਤਾਂ ਦੂਜੀ ਧਿਰ ਵੀ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਇਲਾਜ਼ ਲਈ ਪਹੁੰਚ ਗਈ। ਜਿਥੇ ਕਿਸੇ ਗੱਲ ਨੂੰ ਲੈ ਕੇ ਦੁਬਾਰਾ ਮਾਮਲਾ ਭੜ੍ਹਕ ਗਿਆ। ਇਕ ਧਿਰ ਦਾ ਦੋਸ਼ ਸੀ ਕਿ ਡਾਕਟਰ ਦਰਵਾਜਾ ਬੰਦ ਕਰਕੇ ਪੁਲਸ ਵਲੋਂ ਹਿਰਾਸਤ ਵਿਚ ਲਏ ਨੌਜਵਾਨ ਦੀ ਐੱਮ. ਐੱਲ. ਆਰ. ਵਿਚ ਮਦਦ ਕਰ ਰਿਹਾ ਹੈ।

ਐਮਰਜੈਂਸੀ ਦੇ ਆਪ੍ਰੇਸ਼ਨ ਥਿਏਟਰ 'ਚ ਵੀ ਡਾ. ਰਾਜਕੁਮਾਰ ਨਾਲ ਦੂਜੀ ਧਿਰ ਵਲੋਂ ਵਿਵਾਦ ਕੀਤਾ ਗਿਆ ਤੇ ਕਥਿਤ ਤੌਰ 'ਤੇ ਕਈ ਦੋਸ਼ ਲਾਏ। ਪੁਲਸ ਫੋਰਸ ਮਾਮਲੇ ਨੂੰ ਸ਼ਾਂਤ ਨਹੀਂ ਕਰ ਸਕੀ ਤੇ ਭੜਕੇ ਡਾਕਟਰ ਤੇ ਹੋਰ ਸਟਾਫ ਨੇ ਐਮਰਜੈਂਸੀ ਸੇਵਾਵਾਂ ਛੱਡ ਦਿੱਤੀਆਂ ਤੇ ਵਾਰਡ ਤੋਂ ਬਾਹਰ ਆ ਗਏ।
ਉਥੇ ਦੂਜੀ ਧਿਰ ਦੇ ਲੋਕਾਂ ਵਲੋਂ ਵੀ ਡਾਕਟਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਮੌਕੇ 'ਤੇ ਪਹੁੰਚੇ ਏ. ਸੀ. ਪੀ. ਹਰਸਿਮਰਤ ਸਿੰਘ ਤੇ ਐੱਸ. ਐੱਚ. ਓ. ਬਾਰਾਦਰੀ ਸੁਖਜੀਤ ਸਿੰਘ ਨੇ ਮੌਕਾ ਸੰਭਾਲਿਆ ਤੇ 2 ਨੌਜਵਾਨਾਂ ਨੂੰ ਰਾਊਂਡਅਪ ਕੀਤਾ ਪਰ ਉਨ੍ਹਾਂ ਦੇ ਸਮਰਥਕਾਂ ਨੇ ਪੁਲਸ 'ਤੇ ਧੱਕੇਸ਼ਾਹੀ ਦਾ ਦੋਸ਼ ਲਾ ਕੇ ਪੰਜਾਬ ਪੁਲਸ ਖਿਲਾਫ ਵੀ ਨਾਅਰੇਬਾਜ਼ੀ ਕੀਤੀ। ਕਾਫੀ ਸਮੇਂ ਬਾਅਦ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਮੌਕਾ ਸੰਭਾਲਿਆ ਤੇ ਮਾਮਲੇ ਨੂੰ ਸ਼ਾਂਤ ਕੀਤਾ। ਪਹਿਲੀ ਧਿਰ ਦੇ ਜ਼ਖ਼ਮੀ ਬੱਸ ਸਟੈਂਡ ਸ਼ਾਪਕੀਪਰਜ਼ ਦੇ ਪ੍ਰਧਾਨ ਚੰਦਰਨ ਕੁਮਾਰ ਉਰਫ ਮਾਗਾ ਪੁੱਤਰ ਮੰਗਤ ਰਾਮ ਵਾਸੀ ਨਿਊ ਮਾਡਲ ਹਾਊਸ ਨੇ ਦੱਸਿਆ ਕਿ ਦੇਰ ਸ਼ਾਮ ਰਾਜ ਨਗਰ ਵਾਸੀ ਅਮਨ ਉਨ੍ਹਾਂ ਦੀ ਲਾਟਰੀ ਦੀ ਦੁਕਾਨ 'ਤੇ ਸਾਥੀਆਂ ਸਣੇ ਕੈਸ਼ ਲੁੱਟਣ ਲਈ ਆਇਆ। ਵਿਰੋਧ ਕਰਨ 'ਤੇ ਹਮਲਾਵਰਾਂ ਨੇ ਉਸ ਨੂੰ ਤੇ ਉਸ ਦੇ ਭਤੀਜੇ ਸੋਨੂੰ ਤੇ ਭਾਣਜੇ ਸੂਰਜ ਵਾਸੀ ਸੂਰਿਆ ਐਨਕਲੇਵ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਕਾਰਣ ਅਮਨ ਦੇ ਸਾਥੀ ਵਲੋਂ ਤੇਜ਼ਧਾਰ ਹਥਿਆਰ ਘੁਮਾਉਣ ਦੌਰਾਨ ਅਮਨ 'ਤੇ ਹੀ ਵਾਰ ਹੋ ਗਿਆ। ਹਮਲਾਵਰ ਕਰੀਬ 5 ਲੱਖ ਦਾ ਕੈਸ਼ ਲੁੱਟ ਕੇ ਲੈ ਗਏ। ਜਦੋਂਕਿ ਅਮਨ ਨੂੰ ਉਨ੍ਹਾਂ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਉਥੇ ਮਾਗਾ ਨੇ ਦੋਸ਼ ਲਾਇਆ ਕਿ ਡਿਊਟੀ 'ਤੇ ਬੈਠੇ ਡਾ. ਰਾਜ ਕੁਮਾਰ ਬੱਧਨ ਨੇ ਉਨ੍ਹਾਂ ਦਾ ਇਲਾਜ ਤੱਕ ਨਹੀਂ ਕੀਤਾ ਅਤੇ ਦੂਜੀ ਧਿਰ ਦੇ ਜ਼ਖ਼ਮੀ ਨੌਜਵਾਨ ਦੀ ਐੱਮ. ਐੱਲ. ਆਰ. 'ਚ ਮਦਦ ਕਰਦੇ ਵੇਖੇ ਗਏ। ਉਨ੍ਹਾਂ ਦੇ ਸਿਰ ਤੇ ਸਰੀਰ ਵਿਚੋਂ ਖੂਨ ਵਗਦਾ ਰਿਹਾ । ਇਥੋਂ ਤੱਕ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਖੁਦ ਹੀ ਖੂਨ ਸਾਫ ਕੀਤਾ।

ਦੂਜੀ ਧਿਰ ਦੇ ਜ਼ਖ਼ਮੀ ਅਮਨ ਪੁੱਤਰ ਤਰਸੇਮ ਵਾਸੀ ਰਾਜਨਗਰ ਦਾ ਕਹਿਣਾ ਸੀ ਕਿ ਉਹ ਫਾਈਨਾਂਸ ਦਾ ਕੰਮ ਕਰਦਾ ਹੈ ਅਤੇ ਮਾਗਾ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਨੌਜਵਾਨ ਨੂੰ ਪੈਸੇ ਵਿਆਜ 'ਤੇ ਦਿੱਤੇ ਹੋਏ ਹਨ ਅਤੇ ਉਹ ਪੈਸੇ ਲੈਣ ਗਿਆ ਸੀ ਕਿ ਮਾਗਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਪੁਲਸ ਨੇ ਉਸਨੂੰ ਬਚਾਇਆ। ਅਮਨ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।

ਮਰੀਜ਼ ਤੇ ਰਿਸ਼ਤੇਦਾਰ ਹੁੰਦੇ ਰਹੇ ਪ੍ਰੇਸ਼ਾਨ
ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਜਿਥੇ ਸੀਰੀਅਸ ਹਾਲਤ ਵਿਚ ਮਰੀਜ਼ ਇਲਾਜ ਕਰਵਾਉਣ ਆਉਂਦੇ ਹਨ। ਬੁੱਧਵਾਰ ਦੇਰ ਸ਼ਾਮ ਇਥੇ ਜੰਗ ਦਾ ਮਾਹੌਲ ਬਣਿਆਹੋਇਆ ਸੀ। ਵਾਰਡ ਵਿਚ ਗਾਲ੍ਹਾਂ ਗੂੰਜ ਰਹੀਆਂ ਸਨ ਅਤੇ ਸਾਰਾ ਸਟਾਫ ਕੰਮ ਛੱਡ ਕੇ ਟਰੋਮਾ ਵਾਰਡ ਵਿਚ ਬੈਠ ਗਿਆ। ਕਿਸੇ ਨੂੰ ਇਸ ਦਾ ਗਲੂਕੋਜ਼ ਖਤਮ ਹੋ ਗਿਆ ਸੀ ਅਤੇ ਕਿਸੇ ਨੂੰ ਦਰਦ ਹੋ ਰਿਹਾ ਸੀ ਪਰ ਮਰੀਜ਼ਾਂ ਦੀ ਸੁਣਵਾਈ ਨਹੀਂ ਸੀ ਹੋ ਰਹੀ ਸੀ। ਕਰੀਬ 3 ਘੰਟੇ ਤੱਕ ਐਮਰਜੈਂਸੀ ਸੇਵਾਵਾਂ ਬੰਦ ਰਹੀਆਂ, ਜਿਸ ਨਾਲ ਮਰੀਜ਼ ਪ੍ਰੇਸ਼ਾਨ ਵੇਖੇ ਗਏ।

ਕੇਸ ਦਰਜ, ਜਲਦੀ ਹੋਵੇਗੀ ਗ੍ਰਿਫਤਾਰੀ :ਏ. ਸੀ. ਪੀ.
ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਨੇ ਦੱਸਿਆ ਕਿ ਪੁਲਸ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਪੁਲਸ ਨੇ ਡਾ. ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਕੁਝ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਪੁਲਸ ਕੋਲ ਹਮਲਾਵਰਾਂ ਦੀ ਵੀਡੀਓ ਵੀ ਪਹੁੰਚ ਗਈ ਹੈ।

ਜੂਆ ਲੁੱਟਣ ਦੀ ਵੀ ਚਰਚਾ ਰਹੀ
ਲਾਟਰੀ ਦੀ ਦੁਕਾਨ 'ਤੇ ਹੇ ਹਮਲੇ ਦੇ ਮਾਮਲੇ ਵਿਚ ਚਰਚਾ ਇਹ ਵੀ ਰਹੀ ਕਿ ਦੁਕਾਨ 'ਤੇ ਜੂਆ ਖੇਡਿਆ ਜਾ ਰਿਹਾ ਸੀ ਅਤੇ ਉਸਨੂੰ ਲੁੱਟਣ ਲਈ ਕੁਝ ਹਥਿਆਰਾਂ ਨਾਲ ਲੈਸ ਨੌਜਵਾਨ ਆਏ ਅਤੇ ਹੋਏ ਵਿਵਾਦ ਦੌਰਾਨ ਤੇਜ਼ਧਾਰ ਹਥਿਆਰ ਚੱਲੇ। ਇਸ ਬਾਰੇ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਦਾ ਕਹਿਣਾ ਹੈ ਕਿ ਪੁਲਸ ਕੇਸ ਦੀ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।