ਸਰਕਾਰ ਦਾ ਅੱਗਾ ਦੌੜ, ਪਿੱਛਾ ਚੌੜ...

01/21/2019 1:42:29 PM

ਰੂਪਨਗਰ (ਕੈਲਾਸ਼)—ਸਿਵਲ ਹਸਪਤਾਲ ਦੇ ਮਾਹਰ ਡਾਕਟਰਾਂ ਲਈ ਰਿਹਾਇਸ਼ੀ ਕਾਲੋਨੀ 'ਚ ਬਣੀਆਂ 4 ਕੋਠੀਆਂ ਜਿੱਥੇ ਖਸਤਾਹਾਲ 'ਤੇ ਹੰਝੂ ਵਹਾ ਰਹੀਆਂ ਹਨ ਅਤੇ ਡਾਕਟਰਾਂ ਨੇ ਵੀ ਕੋਠੀਆਂ ਤੋਂ ਮੋਹ ਤੋੜ ਕੇ ਪ੍ਰਾਈਵੇਟ ਕਿਰਾਏ ਦੇ ਮਕਾਨਾਂ 'ਚ ਰਹਿਣਾ ਸ਼ੁਰੂ ਕਰ ਦਿੱਤਾ ਹੈ ਉਥੇ ਉਨ੍ਹਾਂ ਦੀ ਰਿਪੇਅਰ ਦੀ ਬਜਾਏ ਸਰਕਾਰ ਨੇ ਇਕ ਹੋਰ ਨਵੀਂ ਕੋਠੀ ਬਣਾਉਣ ਦਾ ਕਾਰਜ ਸ਼ੁਰੂ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਨਿਰਮਾਣ ਦੇ ਨਾਲ ਹੀ ਹਸਪਤਾਲ ਵਿਚ ਤਾਇਨਾਤ ਮਾਹਰ ਡਾਕਟਰਾਂ ਦੀ ਰਿਹਾਇਸ਼ ਲਈ ਵੀ 4 ਕੋਠੀਆਂ ਦਾ ਨਿਰਮਾਣ ਕੀਤਾ ਗਿਆ ਸੀ ਅਤੇ ਕੋਠੀਆਂ ਦੀ ਅਲਾਟਮੈਂਟ ਦੇ ਲਈ ਡਾਕਟਰਾਂ ਵਲੋਂ ਕਈ ਤਰ੍ਹਾਂ ਦੀਆਂ ਸਿਫਾਰਸ਼ਾਂ ਵੀ ਕਰਵਾਈਆਂ ਜਾਂਦੀਆਂ ਸਨ, ਇਥੋਂ ਤੱਕ ਕਿ ਡਾਕਟਰਾਂ ਵਿਚ ਹੀ ਕੋਠੀਆਂ ਦੀ ਅਲਾਟਮੈਂਟ ਲਈ ਰੇਸ ਲੱਗੀ ਰਹਿੰਦੀ ਸੀ ਪਰੰਤੂ ਸਮੇਂ ਦੇ ਬੀਤਣ 'ਤੇ ਹੁਣ ਉਹੀ ਕੋਠੀਆਂ ਪਿਛਲੇ ਦੋ ਦਹਾਕਿਆਂ ਤੋਂ ਰਿਪੇਅਰ, ਰੰਗ-ਰੋਗਨ ਨੂੰ ਲੈ ਕੇ ਤਰਸ ਰਹੀਆਂ ਹਨ ਅਤੇ ਹੁਣ ਚਾਰੇ ਕੋਠੀਆਂ  ਦੁਰਦਸ਼ਾ ਦਾ ਸ਼ਿਕਾਰ ਹੋਣ 'ਤੇ ਵਿਰਾਨ ਪਈਆਂ ਹਨ। 

ਜਦੋਂ ਵੀ ਇਸ ਸਬੰਧ ਵਿਚ ਪੰਜਾਬ ਹੈਲਥ ਸਿਸਟਮ ਦੇ ਇੰਜੀਨੀਅਰਿੰਗ ਵਿੰਗ ਨਾਲ ਗੱਲ ਕੀਤੀ ਗਈ ਤਾਂ ਇਕ ਹੀ ਜਵਾਬ ਮਿਲਦਾ ਰਿਹਾ ਕਿ ਅਜੇ ਇਸ ਲਈ ਫੰਡ ਉਪਲੱਬਧ ਨਹੀਂ ਹੈ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਉਕਤ 4 ਕੋਠੀਆਂ ਨੂੰ ਦਰਕਿਨਾਰ ਕਰਦੇ ਹੋਏ ਵਿਭਾਗ ਵਲੋਂ ਮਾਹਿਰ ਡਾਕਟਰਾਂ ਲਈ ਇਕ ਨਵੀਂ ਕੋਠੀ ਦਾ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ।

ਪ੍ਰਬੰਧਕ ਡਾਕਟਰਾਂ ਲਈ ਬਣੀਆਂ ਕੋਠੀਆਂ ਵੀ ਅਸੁਰੱਖਿਅਤ
ਉਕਤ 4 ਡਾਕਟਰਾਂ ਲਈ ਬਣੀਆਂ ਕੋਠੀਆਂ ਤੋਂ ਇਲਾਵਾ 2 ਵੱਡੀਆਂ ਕੋਠੀਆਂ ਦਾ ਨਿਰਮਾਣ ਵੀ ਕੀਤਾ ਗਿਆ ਸੀ ਜੋ ਕਿ ਸਿਵਲ  ਹਸਪਤਾਲ ਵਿਚ ਜਾਂ ਜ਼ਿਲਾ ਸਿਵਲ ਸਰਜਨ ਦਫ਼ਤਰ ਵਿਚ ਤਾਇਨਾਤ ਪ੍ਰਬੰਧਕੀ ਡਾਕਟਰਾਂ ਲਈ ਨਿਰਧਾਰਤ ਕੀਤੀਆਂ ਗਈਆਂ ਪ੍ਰੰਤੂ ਉਕਤ ਦੋ ਵੱਡੀਆਂ ਕੋਠੀਆਂ ਵੀ ਅਸੁਰੱਖਿਅਤ ਹੋਣ ਕਾਰਨ ਖਾਲੀ ਪਈਆਂ ਹਨ। ਉਕਤ ਦੋਨਾਂ ਵਿਚੋਂ ਇਕ ਕੋਠੀ ਵਿਚ ਬੀਤੇ ਸਾਲ ਈ. ਐੱਸ. ਆਈ. ਹਸਪਤਾਲ ਸਿਫ਼ਟ ਕੀਤਾ  ਗਿਆ ਸੀ। ਕੁੱਝ ਹੀ ਦੇਰ ਬਾਅਦ ਇਕ ਦਰੱਖਤ ਡਿੱਗਣ 'ਤੇ ਜਿੱਥੇ ਇਸ ਦੀ ਚਾਰਦੀਵਾਰੀ ਟੁੱਟ ਗਈ ਉਥੇ ਹੀ ਚਾਰਦੀਵਾਰੀ ਦੇ ਨਾਲ ਖੜ੍ਹੇ 8-10 ਦੋਪਹੀਆ ਵਾਹਨ ਵੀ ਮਲਬੇ ਵਿਚ ਦਬਣ ਨਾਲ ਨੁਕਸਾਨੇ ਗਏ ਸਨ। ਲਗਭਗ 1 ਸਾਲ ਬੀਤਣ ਤੋਂ ਬਾਅਦ ਵੀ ਉਕਤ ਟੁੱਟੀ ਚਾਰਦੀਵਾਰੀ ਦਾ ਨਿਰਮਾਣ ਨਹੀਂ ਕੀਤਾ ਗਿਆ ਜਿਸ ਕਾਰਨ ਈ. ਐੱਸ. ਆਈ. ਹਸਪਤਾਲ ਵਿਚ ਬੇਸਹਾਰਾ ਪਸ਼ੂਆਂ ਦੀ ਭਰਮਾਰ ਰਹਿੰਦੀ ਹੈ। 

ਡਾਕਟਰਾਂ ਦੀਆਂ ਕੋਠੀਆਂ 'ਤੇ ਨਾਜਾਇਜ਼ ਕਬਜ਼ੇ
ਮਿਲੀ ਜਾਣਕਾਰੀ ਅਨੁਸਾਰ ਰਿਹਾਇਸ਼ੀ ਕਾਲੋਨੀ ਵਿਚ ਡਾਕਟਰਾਂ ਲਈ ਬਣੀਆਂ 4 ਕੋਠੀਆਂ ਲੰਬੇ ਸਮੇਂ ਤੋਂ ਖਾਲੀ ਹੋਣ ਕਾਰਨ ਹੁਣ ਕੁੱਝ ਪੈਰਾ ਮੈਡੀਕਲ ਸਟਾਫ ਲਈ ਲੋਕਾਂ ਨੇ ਪਿਛਲੇ ਗੇਟ ਖੋਲ੍ਹ ਕੇ ਉਨ੍ਹਾਂ ਵਿਚ ਆਪਣਾ ਕਬਜ਼ਾ ਕਰ ਲਿਆ ਹੈ ਅਤੇ ਆਪਣੇ-ਆਪਣੇ ਤਾਲੇ ਲਾ ਦਿੱਤੇ ਹਨ ਜਿਸ ਦੀ ਅਧਿਕਾਰੀਆਂ ਨੂੰ ਖ਼ਬਰ ਤੱਕ ਨਹੀਂ।

ਪੈਰਾ ਮੈਡੀਕਲ ਸਟਾਫ ਲਈ ਬਣੇ ਕੁਆਰਟਰ ਵੀ ਖਸਤਾ ਹਾਲਤ 'ਚ
ਜਾਣਕਾਰੀ ਮੁਤਾਬਕ ਹਸਪਤਾਲ ਸਟਾਫ ਲਈ ਬਣੀ ਰਿਹਾਇਸ਼ੀ ਕਾਲੋਨੀ 'ਚ ਉਕਤ ਡਾਕਟਰਾਂ ਦੀਆਂ 4 ਕੋਠੀਆਂ ਦੇ ਪਿੱਛੇ ਲਗਭਗ 18-20 ਕੁਆਰਟਰ ਪੈਰਾ ਮੈਡੀਕਲ ਸਟਾਫ ਲਈ ਬਣੇ ਹਨ ਪਰੰਤੂ ਉਕਤ ਕੁਆਰਟਰ ਵੀ ਸਰਕਾਰ ਦੀ ਅਣਦੇਖੀ ਕਾਰਨ ਖਸਤਾ ਹਾਲਤ 'ਚ ਹਨ। ਇਥੋਂ ਤੱਕ ਕਿ ਪਿਛਲੇ 2 ਦਹਾਕਿਆਂ ਤੋਂ ਕੁਆਰਟਰਾਂ ਦੀ ਰਿਪੇਅਰ ਅਤੇ ਰੰਗ-ਰੋਗਨ ਵੀ ਨਹੀਂ ਕੀਤਾ ਗਿਆ ਜਿਸ ਕਾਰਨ ਕੁੱਝ ਕੁਆਰਟਰ ਤਾਂ ਖਾਲੀ ਪਏ ਹਨ। ਵਰਨਣਯੋਗ ਹੈ ਕਿ ਕੁਆਰਟਰਾਂ 'ਤੇ ਪਾਈ ਗਈ ਲੰਬੀ ਸਲੈਬ ਵੀ ਇਕ ਵਾਰ ਟੁੱਟ ਕੇ ਡਿੱਗ ਚੁੱਕੀ ਸੀ ਜਿਸ ਨਾਲ ਕਰਮਚਾਰੀਆਂ ਦੀਆਂ ਕਾਰਾਂ ਅਤੇ ਦੋਪਹੀਆ ਵਾਹਨਾਂ ਦਾ ਵੀ ਨੁਕਸਾਨ ਹੋਇਆ ਸੀ ਪਰੰਤੂ ਇਸ ਦੇ ਬਾਵਜੂਦ ਕੁਆਰਟਰਾਂ ਦੀ ਰਿਪੇਅਰ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਖਸਤਾਹਾਲ ਕੁਆਰਟਰਾਂ ਜਿਨ੍ਹਾਂ ਦੀਆਂ ਖਿੜਕੀਆਂ, ਦਰਵਾਜ਼ੇ ਵੀ ਟੁੱਟ ਚੁੱਕੇ ਹਨ ਵਿਚ ਪੈਰਾ ਮੈਡੀਕਲ ਦੇ ਮੁਲਾਜ਼ਮ ਰਹਿਣ ਲਈ ਮਜਬੂਰ ਹਨ।

ਕੀ ਕਹਿੰਦੇ ਹਨ ਐੱਸ. ਐੱਮ. ਓ.
ਇਸ ਸਬੰਧ ਵਿਚ ਜਦੋਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡਾਕਟਰਾਂ ਲਈ ਬਣੀਆਂ 4 ਕੋਠੀਆਂ ਅਤੇ ਪੈਰਾਮੈਡੀਕਲ ਸਟਾਫ ਦੇ ਕੁਆਰਟਰਾਂ ਦੀ ਦੁਰਦਸ਼ਾ ਲਈ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਇੰਜੀਨੀਅਰਿੰਗ ਵਿੰਗ ਨੂੰ ਸੂਚਨਾ ਕਈ ਵਾਰ ਭੇਜੀ ਜਾ ਚੁੱਕੀ ਹੈ।

ਇੰਜੀਨੀਅਰਿੰਗ ਵਿੰਗ ਦੇ ਐੱਸ. ਡੀ. ਓ. ਨੇ ਨਹੀਂ ਚੁੱਕਿਆ ਫੋਨ
ਉਕਤ ਮਾਮਲੇ ਸਬੰਧੀ ਅਤੇ ਨਵੀਂ ਬਣਨੀ ਸ਼ੁਰੂ ਹੋਈ ਇਕ ਵੱਡੀ ਕੋਠੀ ਦੇ ਬਾਰੇ ਵਿਚ ਜਦੋਂ ਕਾਰਪੋਰੇਸ਼ਨ ਦੇ ਐੱਸ. ਡੀ. ਓ. ਅਜੇ ਕੁਮਾਰ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।


Shyna

Content Editor

Related News