ਸਿਟੀ ਰੇਲਵੇ ਸਟੇਸ਼ਨ ਤੱਕ ਆਉਣ-ਜਾਣ ਵਾਲੇ ਰਸਤੇ ਡਾਈਵਰਟ, ਜਾਣੋ ਕੀ ਰਿਹਾ ਕਾਰਨ

02/10/2021 5:59:58 PM

ਜਲੰਧਰ (ਵਰੁਣ)– ਸਿਟੀ ਰੇਲਵੇ ਸਟੇਸ਼ਨ ਦੇ ਫਰੰਟ ’ਤੇ ਸਮਾਰਟ ਸਿਟੀ ਸਕੀਮ ਤਹਿਤ ਸ਼ੁਰੂ ਹੋਏ ਨਿਰਮਾਣ ਕਾਰਜ ਕਾਰਨ ਟਰੈਫਿਕ ਪੁਲਸ ਨੇ ਸਿਟੀ ਰੇਲਵੇ ਸਟੇਸ਼ਨ ਦੇ ਫਰੰਟ ਤੱਕ ਆਉਣ-ਜਾਣ ਵਾਲੇ ਟਰੈਫਿਕ ਨੂੰ ਡਾਈਵਰਟ ਕਰ ਦਿੱਤਾ ਹੈ। ਇਹ ਪ੍ਰਾਜੈਕਟ 15 ਮਾਰਚ 2021 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ ਅਤੇ ਉਦੋਂ ਤੱਕ ਇਹ ਰਸਤਾ ਪੂਰੀ ਤਰ੍ਹਾਂ ਬੰਦ ਰਹੇਗਾ। ਡਾਈਵਰਟ ਹੋਣ ਤੋਂ ਬਾਅਦ ਹੁਣ ਸਿਟੀ ਰੇਲਵੇ ਸਟੇਸ਼ਨ ਦੇ ਆਸ-ਪਾਸ ਦੇ ਇਲਾਕੇ ਜਿਵੇਂ ਰੇਲਵੇ ਕਾਲੋਨੀ, ਮੁਹੱਲਾ ਗੋਬਿੰਦਗੜ੍ਹ, ਮਦਨ ਫਲੋਰ ਮਿੱਲ ਚੌਂਕ ਅਤੇ ਦੋਮੋਰੀਆ ਪੁਲ ਵੱਲੋਂ ਆਉਣ ਵਾਲਾ ਟਰੈਫਿਕ ਰੇਲਵੇ ਸਟੇਸ਼ਨ ਤੱਕ ਨਹੀਂ ਪਹੁੰਚ ਸਕੇਗਾ। ਪੁਲਸ ਨੇ ਇਨ੍ਹਾਂ ਸਾਰੇ ਰਸਤਿਆਂ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਐਂਟਰੀ ਬੰਦ ਕਰਕੇ ਟਰੈਫਿਕ ਨੂੰ ਡਾਈਵਰਸ਼ਨ ਦੇ ਦਿੱਤੀ ਹੈ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

ਏ. ਡੀ. ਸੀ. ਪੀ. ਟਰੈਫਿਕ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਤੋਂ ਇਹ ਨਿਰਮਾਣ ਕੰਮ ਸ਼ੁਰੂ ਹੋ ਚੁੱਕਾ ਹੈ। ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਰੇਲਵੇ ਦੇ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਡਾਈਵਰਸ਼ਨ ਦਾ ਰੂਟ ਤਿਆਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਟੀ ਰੇਲਵੇ ਸਟੇਸ਼ਨ ਦੇ ਫਰੰਟ ’ਤੇ ਸੀਵਰੇਜ ਲਾਈਨ, ਪੀਣ ਵਾਲੇ ਪਾਣੀ ਦੀ ਪਾਈਪਲਾਈਨ, ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਪਾਈਆਂ ਜਾਣੀਆਂ ਹਨ। ਇਸ ਤੋਂ ਇਲਾਵਾ ਉਥੇ ਵਾਹਨਾਂ ਦੇ ਖੜ੍ਹੇ ਹੋਣ ਲਈ ਪਾਰਕਿੰਗ ਸਥਾਨ ਅਤੇ ਡਬਲ ਰੋਡ ਵੀ ਤਿਆਰ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਅਜਿਹੇ ਵਿਚ ਰੇਲਵੇ ਕਾਲੋਨੀ, ਮੁਹੱਲਾ ਗੋਬਿੰਦਗੜ੍ਹ ਰੋਡ, ਮਦਨ ਫਲੋਰ ਮਿੱਲ ਵਾਲੀ ਰੋਡ ਅਤੇ ਦੋਮੋਰੀਆ ਪੁਲ ਵਾਲੀ ਰੋਡ ਤੋਂ ਸਿਟੀ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਵਾਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ ਹੈ। ਉਨ੍ਹਾਂ ਕਿਹਾ ਕਿ ਇਸ ਰੂਟ ਤੋਂ ਸਿਰਫ ਪੈਦਲ ਹੀ ਲੋਕ ਲੰਘ ਸਕਦੇ ਹਨ। ਰੇਲਵੇ ਵਿਭਾਗ ਵੱਲੋਂ ਕੀਤੇ ਜਾ ਰਹੇ ਨਿਰਮਾਣ ਕਾਰਜ ਨੂੰ ਜਲਦੀ ਅਤੇ ਤੈਅ ਸਮੇਂ ਵਿਚ ਪੂਰਾ ਕਰਨ ਕਾਰਨ ਮੰਡੀ ਫੈਂਟਨਗੰਜ ਪੁਆਇੰਟ ਤੋਂ ਅੱਗੇ, ਇਸੇ ਤਰ੍ਹਾਂ ਮੁਹੱਲਾ ਗੋਬਿੰਦਗੜ੍ਹ ਵਾਲੇ ਪਾਸੇ ਸਥਿਤ ਰੇਲਵੇ ਕਾਲੋਨੀ ਤੋਂ ਅੱਗੇ ਅਤੇ ਦੋਮੋਰੀਆ ਪੁਲ ਸਾਈਡ ’ਤੇ ਸਥਿਤ ਪਾਰਕਿੰਗ ਸਥਾਨ ਵੀ ਬੰਦ ਰਹਿਣਗੇ। ਏ. ਡੀ. ਸੀ. ਪੀ. ਗਗਨੇਸ਼ ਸ਼ਰਮਾ ਨੇ ਅਪੀਲ ਕਰਦਿਆਂ ਕਿਹਾ ਕਿ ਮਦਨ ਫਲੋਰ ਮਿੱਲ ਚੌਕ ਵਾਇਆ ਭਗਤ ਸਿੰਘ ਚੌਕ, ਮੁਹੱਲਾ ਗੋਬਿੰਦਗੜ੍ਹ ਤੋਂ ਐੱਸ. ਡੀ. ਕਾਲਜ ਰੋਡ ਅਤੇ ਦੋਮੋਰੀਆ ਪੁਲ ਤੋਂ ਯੂ-ਟਰਨ ਲੈ ਕੇ ਅੱਡਾ ਹੁਸ਼ਿਆਰਪੁਰ ਚੌਕ ਅਤੇ ਫਿਰ ਭਗਤ ਸਿੰਘ ਚੌਂਕ ਦਾ ਰੂਟ ਹੀ ਵਰਤਿਆ ਜਾਵੇ ਤਾਂ ਕਿ ਟਰੈਫਿਕ ਜਾਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਲੋਕਾਂ ਦੀ ਜ਼ਰੂਰਤ ਲਈ ਹੈਲਪਲਾਈਨ ਨੰਬਰ 0181-2227296 ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)

shivani attri

This news is Content Editor shivani attri