ਟਰੇਨਾਂ ਚੱਲ ਰਹੀਆਂ ਘੱਟ, ਫਿਰ ਵੀ ਰੋਜ਼ਾਨਾ ਡੇਢ ਤੋਂ 2 ਲੱਖ ਰੁਪਏ ਦੀਆਂ ਟਿਕਟਾਂ ਹੋ ਰਹੀਆਂ ਬੁੱਕ

02/08/2021 5:53:21 PM

ਜਲੰਧਰ (ਗੁਲਸ਼ਨ)-ਸਿਟੀ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰ ’ਤੇ ਟਿਕਟ ਬੁੱਕ ਕਰਵਾਉਣ ਵਾਲੇ ਯਾਤਰੀਆਂ ਦੀ ਇਨ੍ਹੀਂ ਦਿਨੀਂ ਕਾਫੀ ਭੀੜ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸ ਸਮੇਂ ਕੁਝ ਟਰੇਨਾਂ ਹੀ ਚੱਲ ਰਹੀਆਂ ਹਨ ਪਰ ਫਿਰ ਵੀ ਰਿਜ਼ਰਵੇਸ਼ਨ ਕੇਂਦਰ ਦੇ ਬਾਹਰ ਰੋਜ਼ਾਨਾ ਡੇਢ ਤੋਂ ਦੋ ਲੱਖ ਰੁਪਏ ਦੀਆਂ ਟਿਕਟਾਂ ਬੁੱਕ ਹੋ ਰਹੀਆਂ ਹਨ, ਜਦਕਿ ਕੁਝ ਹਫ਼ਤੇ ਪਹਿਲਾਂ ਇਹ ਅੰਕੜਾ ਇਕ ਲੱਖ ਦੇ ਨੇੜੇ ਹੀ ਰਹਿੰਦਾ ਸੀ। ਟਿਕਟਾਂ ਬੁੱਕ ਕਰਵਾਉਣ ਵਾਲਿਆਂ ਵਿਚ ਗੁਰੂ ਰਵਿਦਾਸ ਜੈਅੰਤੀ ਮਨਾਉਣ ਲਈ ਵਾਰਾਨਸੀ ਅਤੇ ਹੋਲੀ ਦੇ ਦਿਨਾਂ ਵਿਚ ਯੂ. ਪੀ. ਅਤੇ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ।

ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ

ਵਾਰਾਨਸੀ ਲਈ ਜਲੰਧਰ ਸਿਟੀ ਤੋਂ ਕੋਈ ਟਰੇਨ ਨਹੀਂ ਹੈ। ਜਲੰਧਰ ਕੈਂਟ ਤੋਂ ਦੋ ਟਰੇਨਾਂ ਬੇਗਮਪੁਰਾ ਐਕਸਪ੍ਰੈੱਸ ਅਤੇ ਧਨਬਾਦ ਐਕਸਪ੍ਰੈੱਸ ਚੱਲ ਰਹੀਆਂ ਹਨ। ਇਨ੍ਹਾਂ ਦੋਵਾਂ ਟਰੇਨਾਂ ਦੀ ਬੁਕਿੰਗ ਤੇਜ਼ੀ ਨਾਲ ਹੋ ਰਹੀ ਹੈ। ਇਸ ਤੋਂ ਇਲਾਵਾ ਯੂ. ਪੀ.-ਬਿਹਾਰ ਜਾਣ ਵਾਲਿਆਂ ਲਈ ਸਿਟੀ ਰੇਲਵੇ ਸਟੇਸ਼ਨ ਤੋਂ ਫਲਾਇੰਗ ਮੇਲ, ਕਰਮਭੂਮੀ ਐਕਸਪ੍ਰੈੱਸ ਅਤੇ ਇਕ ਹਫਤਾਵਾਰੀ ਟਰੇਨ ਅੰਤੋਦਿਆ ਐਕਸਪ੍ਰੈੱਸ ਚੱਲ ਰਹੀ ਹੈ। ਇਨ੍ਹਾਂ ਟਰੇਨਾਂ ਵਿਚ ਵੀ ਸਿਰਫ਼ ਰਿਜ਼ਰਵ ਟਿਕਟ ’ਤੇ ਹੀ ਸਫਰ ਕੀਤਾ ਜਾ ਸਕਦਾ ਹੈ, ਜਦਕਿ ਕੋਰੋਨਾ ਕਾਲ ਤੋਂ ਪਹਿਲਾਂ ਇਨ੍ਹਾਂ ਟਰੇਨਾਂ ਵਿਚ ਜਨਰਲ ਟਿਕਟ ਰਾਹੀਂ ਭਾਰੀ ਗਿਣਤੀ ਵਿਚ ਲੋਕ ਸਫ਼ਰ ਕਰਦੇ ਸਨ। ਹੁਣ ਕੋਰੋਨਾ ਕਾਲ ਕਾਰਣ ਰੇਲਵੇ ਨੇ ਸਿਰਫ ਰਿਜ਼ਰਵ ਟਿਕਟ ’ਤੇ ਹੀ ਸਫਰ ਕਰਨ ਦੇ ਨਿਯਮ ਬਣਾਏ ਹਨ। ਇਸ ਲਈ ਇਨ੍ਹਾਂ ਟਰੇਨਾਂ ਲਈ ਵੀ ਕਾਫ਼ੀ ਯਾਤਰੀ ਹੁਣ ਤੋਂ ਹੀ ਟਿਕਟਾਂ ਬੁੱਕ ਕਰਵਾ ਰਹੇ ਹਨ।

ਇਹ ਵੀ ਪੜ੍ਹੋ :  ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ

ਹੋਲੀ ਲਈ ਸਪੈਸ਼ਲ ਟਰੇਨ ਦਾ ਐਲਾਨ ਫਿਲਹਾਲ ਨਹੀਂ
ਰੇਲਵੇ ਮਹਿਕਮੇ ਵੱਲੋਂ ਹੋਲੀ ਦੇ ਦਿਨਾਂ ਵਿਚ ਯਾਤਰੀਆਂ ਦੀ ਵਧਦੀ ਗਿਣਤੀ ਨੂੰ ਵੇਖਦਿਆਂ ਅੰਮ੍ਰਿਤਸਰ ਜਾਂ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਫਿਲਹਾਲ ਕੋਈ ਵੀ ਸਪੈਸ਼ਲ ਟਰੇਨ ਚਲਾਉਣ ਦਾ ਐਲਾਨ ਨਹੀਂ ਕੀਤਾ ਗਿਆ ਹੈ। ਜਿਹੜੀਆਂ ਟਰੇਨਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚ ਹੀ ਯਾਤਰੀ ਟਿਕਟਾਂ ਬੁੱਕ ਕਰਵਾ ਰਹੇ ਹਨ। ਯਾਤਰੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਮੱਦੇਨਜ਼ਰ ਰੇਲਵੇ ਵਿਭਾਗ ਨੂੰ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਜ਼ਰੂਰ ਕਰਨਾ ਚਾਹੀਦਾ ਹੈ, ਤਾਂ ਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਨਾ ਝੱਲਣੀਆਂ ਪੈਣ।

ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਕਾਂਗਰਸ ਤੇ ਪੰਜਾਬ ਪੁਲਸ ਕਰੇਗੀ ਅਕਾਲੀਆਂ ਦਾ ਹਿਸਾਬ : ਜਾਖ਼ੜ

ਡੇਰਾ ਸੱਚਖੰਡ ਬੱਲਾਂ ਨੇ ਇਸ ਵਾਰ ਬੁੱਕ ਨਹੀਂ ਕਰਵਾਈ ਵਾਰਾਨਸੀ ਲਈ ਸਪੈਸ਼ਲ ਟਰੇਨ
ਡੇਰਾ ਸੱਚਖੰਡ ਬੱਲਾਂ ਵੱਲੋਂ ਹਰ ਸਾਲ ਵਾਰਾਨਸੀ ਲਈ ਸਪੈਸ਼ਲ ਟਰੇਨ ਬੁੱਕ ਕਰਵਾਈ ਜਾਂਦੀ ਹੈ, ਜਿਹੜੀ ਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੋਂ ਚੱਲਦੀ ਹੈ, ਜਿਸ ਵਿਚ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਦੀ ਅਗਵਾਈ ਵਿਚ 1500 ਦੇ ਲਗਭਗ ਸੰਗਤ ਵਾਰਾਨਸੀ ਲਈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਉਣ ਲਈ ਜਾਂਦੀ ਹੈ ਪਰ ਇਸ ਸਾਲ ਕੋਰੋਨਾ ਕਾਰਣ ਡੇਰੇ ਵੱਲੋਂ ਸਪੈਸ਼ਲ ਟਰੇਨ ਬੁੱਕ ਨਹੀਂ ਕਰਵਾਈ ਗਈ। ਫਿਰ ਵੀ ਕਈ ਲੋਕ ਆਪਣੇ ਪੱਧਰ ’ਤੇ ਵਾਰਾਨਸੀ ਲਈ ਟਿਕਟਾਂ ਬੁੱਕ ਕਰਵਾ ਰਹੇ ਹਨ। ਕੁਝ ਯਾਤਰੀਆਂ ਨੇ ਦੱਸਿਆ ਕਿ ਰੇਲਵੇ ਨੇ ਇਸ ਵਾਰ ਕਿਰਾਇਆ ਵਧਾ ਦਿੱਤਾ ਹੈ। ਪਿਛਲੀ ਵਾਰ ਬੇਗਮਪੁਰਾ ਐਕਸਪ੍ਰੈੱਸ ਵਿਚ ਜਲੰਧਰ ਕੈਂਟ ਤੋਂ ਵਾਰਾਨਸੀ ਤਕ ਦਾ ਸਲੀਪਰ ਕਲਾਸ ਦਾ ਆਉਣ-ਜਾਣ ਦਾ ਕਿਰਾਇਆ 1060 ਰੁਪਏ ਲੱਗਦਾ ਸੀ ਪਰ ਇਸ ਵਾਰ ਲਗਭਗ 1400 ਰੁਪਏ ਵਿਚ ਆਉਣ-ਜਾਣ ਦੀ ਟਿਕਟ ਬੁੱਕ ਹੋ ਰਹੀ ਹੈ। ਇਸੇ ਤਰ੍ਹਾਂ ਥਰਡ ਏ. ਸੀ. ਦਾ ਵਾਰਾਨਸੀ ਤੱਕ ਦਾ ਇਕ ਸਾਈਡ ਦਾ ਕਿਰਾਇਆ, ਜਿਹੜਾ ਕਿ 1400 ਰੁਪਏ ਸੀ, ਇਸ ਵਾਰ ਇਹ ਵਧ ਕੇ ਲਗਭਗ 1750 ਰੁਪਏ ਹੋ ਗਿਆ ਹੈ।


shivani attri

Content Editor

Related News