ਨਗਰ ਕੌਂਸਲ ਵੱਲੋਂ ਸੀਵਰੇਜ ਕੁਨੈਕਸ਼ਨ ਕੱਟਣ ਦੇ ਫ਼ਰਮਾਨ ਨਾਲ ਲੋਕਾਂ ''ਚ ਮਚਿਆ ਹੜਕੰਪ

10/22/2020 8:56:10 PM

ਗੜ੍ਹਸ਼ੰਕਰ,(ਸ਼ੋਰੀ)-ਨਗਰ ਕੌਂਸਲ ਗੜ੍ਹਸ਼ੰਕਰ ਵੱਲੋਂ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਆਮ ਲੋਕਾਂ ਨੂੰ ਭੇਜੇ ਉਨ੍ਹਾਂ ਨੋਟਿਸਾਂ ਨਾਲ ਭਾਰੀ ਹੜਕੰਪ ਮੱਚ ਗਿਆ ਹੈ, ਜਿਨ੍ਹਾਂ ਰਾਹੀਂ ਨਗਰ ਕੌਂਸਲ ਨੇ ਲੋਕਾਂ ਨੂੰ ਕਿਹਾ ਹੈ ਕਿ ਆਪਣੇ ਸੀਵਰੇਜ ਦੇ ਕੁਨੈਕਸ਼ਨ ਤੁਰੰਤ ਮੇਨ ਲਾਈਨ ਤੋਂ ਡਿਸ ਕਨੈਕਟ ਕਰ ਲੈਣ ਨਹੀਂ ਤਾਂ ਨਗਰ ਕੌਂਸਲ ਆਪ ਕੁਨੈਕਸ਼ਨ ਨੂੰ ਕੱਟ ਕੇ ਹਰਜ਼ਾਨਾ ਖ਼ਪਤਕਾਰ ਦੇ ਖਾਤੇ 'ਚ ਪਾ ਦੇਵੇਗੀ ਅਤੇ ਨਾਲ ਹੀ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 125, 129, 129 –ਏ, 135, 155 ਅਤੇ 156 ਦੇ ਅਧੀਨ ਅਦਾਲਤੀ, ਕਾਨੂੰਨੀ ਤੇ ਅਪਰਾਧਿਕ ਕਾਰਵਾਈ ਵੀ ਕਰੇਗੀ।

ਨਗਰ ਕੌਂਸਲ ਦੇ ਇਸ ਫਰਮਾਨ ਤੇ ਸਮਾਜਿਕ ਵਰਕਰ ਅਤੇ ਸੀਨੀਅਰ ਸਿਟੀਜ਼ਨ ਸੋਮ ਨਾਥ ਅੋਹਰੀ ਨੇ ਕਿਹਾ ਕਿ ਇਨ੍ਹਾਂ ਨੋਟਿਸਾਂ ਨਾਲ ਆਮ ਲੋਕਾਂ 'ਚ ਬਹੁਤ ਜ਼ਿਆਦਾ ਬੇਚੈਨੀ ਫੈਲੀ ਹੋਈ ਹੈ ਕਿਉਂਕਿ ਨਗਰ ਕੌਂਸਲ ਦੇ ਹੁਕਮਾਂ ਅਨੁਸਾਰ ਹੁਣ ਲੋਕਾਂ ਨੂੰ ਪਿਛਲੇ ਕਈ ਸਾਲਾਂ ਤੋਂ ਮਿਲਣ ਵਾਲੀ ਸਹੂਲਤ ਖ਼ਤਮ ਹੋ ਹੋਣ ਜਾ ਰਹੀ ਹੈ। ਨਗਰ ਕੌਂਸਲ ਵਲੋਂ ਭੇਜੇ ਗਏ ਨੋਟਿਸਾਂ ਨੂੰ ਪੜ•ਕੇ ਉਨ੍ਹਾਂ ਨੇ ਦੱਸਿਆ ਕਿ ਨਗਰ ਕੌਂਸਲ ਦਾ ਇਹ ਹੁਕਮ ਪ੍ਰਸ਼ਾਸਕ, ਐਸ. ਡੀ. ਐਮ. ਗੜ੍ਹਸ਼ੰਕਰ ਦੇ ਹੁਕਮ ਨੰਬਰ 7 ਦੇ ਆਧਾਰ 'ਤੇ ਜਾਰੀ ਕੀਤੇ ਗਏ ਹਨ। ਇਹ ਨੋਟਿਸ 'ਚ ਨਗਰ ਕੌਂਸਲ ਦਾ ਕਹਿਣਾ ਹੈ ਕਿ ਕਿਉਂਕਿ ਨਗਰ ਕੌਂਸਲ ਦੇ ਕੋਲ ਟ੍ਰੀਟਮੈਂਟ ਪਲਾਂਟ ਨਹੀਂ ਹੈ, ਇਸ ਲਈ ਇਹ ਸੁਵਿਧਾ ਤੁਰੰਤ ਪ੍ਰਭਾਵ ਤੋਂ ਬੰਦ ਕੀਤੀ ਜਾ ਰਹੀ ਹੈ। ਲੋਕਾਂ ਨੂੰ ਆਪਣੇ ਸੈਪਟਿਕ ਟੈਂਕ ਬਣਾਉਣ ਦੇ ਹੁਕਮ ਵੀ ਜਾਰੀ ਕੀਤੇ ਹਨ। ਸੋਮ ਨਾਥ ਅੋਹਰੀ ਨੇ ਕਿਹਾ ਕਿ ਗੜ੍ਹਸ਼ੰਕਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਬਹੁਤ ਜ਼ਿਆਦਾ ਤੰਗ ਗਲੀਆਂ ਅਤੇ ਲੋਕਾਂ ਨੇ ਬਹੁਤ ਘੱਟ ਥਾਵਾਂ 'ਚ ਆਪਣੇ ਮਕਾਨ ਬਣਾਏ ਹਨ, ਲੋਕਾਂ ਲਈ ਸੰਭਵ ਨਹੀਂ ਹੈ ਕਿ ਉਹ ਆਪਣੇ ਸੈਪਟਿਕ ਟੈਂਕ ਬਣਾ ਸਕਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ ਦੀ ਮੁਸ਼ਕਲ ਨੂੰ ਧਿਆਨ 'ਚ ਰੱਖਦੇ ਫ਼ੈਸਲਾ ਲੈਣਾ ਚਾਹੀਦਾ ਸੀ।
 


Deepak Kumar

Content Editor

Related News