ਔਲਾਦ ਨਾ ਹੋਣ ''ਤੇ ਔਰਤ ਨੇ ਸਾਥੀ ਨਾਲ ਮਿਲ ਕੇ ਕੀਤਾ ਬੱਚਾ ਚੋਰੀ, ਦੋਵੇਂ ਚੜ੍ਹੇ ਪੁਲਸ ਅੜਿੱਕੇ

10/17/2018 2:02:56 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਪਿੰਡ ਮੋਹਕਮਗੜ 'ਚ 45 ਦਿਨ ਦੇ ਛੋਟੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਮਿਆਣੀ ਨਿਵਾਸੀ ਔਰਤ ਅਤੇ ਉਸ ਦਾ ਸਾਥ ਦੇਣ ਵਾਲੇ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਰਾਜ ਮਿਸਤਰੀ ਰਜਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਨਿਵਾਸੀ ਮੋਹਕਮਗੜ ਦੇ ਬਿਆਨ ਦੇ ਆਧਾਰ 'ਤੇ ਪੂਜਾ ਰਾਣੀ ਪਤਨੀ ਜਸਵਿੰਦਰ ਪਾਲ ਸਿੰਘ ਨਿਵਾਸੀ ਵਾਰਡ 1 ਮਿਆਣੀ ਅਤੇ ਕਰਨ ਕੁਮਾਰ ਕੰਨੁ ਪੁੱਤਰ ਲਾਲ ਚੰਦ ਨਿਵਾਸੀ ਵਾਰਡ 2 ਮਿਆਣੀ ਦੇ ਖਿਲਾਫ ਦਰਜ ਕੀਤਾ ਹੈ।

ਕੀ ਹੈ ਮਾਮਲਾ
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਰਜਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਕੰਮ 'ਤੇ ਗਿਆ ਹੁੰਦਾ ਸੀ ਤਾਂ ਪਿਛਲੇ ਇਕ ਮਹੀਨੇ 'ਚ ਉਸ ਦੇ ਬਿਮਾਰ ਪਿਤਾ ਦੀ ਹਾਜ਼ਰੀ 'ਚ ਉਕਤ ਔਰਤ 3 ਵਾਰ ਉਨ੍ਹਾਂ ਦੇ ਘਰ ਆਈ ਅਤੇ ਆਪਣਾ ਗਲਤ ਪਤਾ ਪਿੰਡ ਖਰਲਾਂ ਦੱਸ ਕੇ ਰਜਿੰਦਰ ਸਿੰਘ ਕੋਲੋਂ ਮਕਾਨ ਬਣਾਉਣ ਦਾ ਕਹਿੰਦੀ ਰਹੀ। ਹਮੇਸ਼ਾ ਕਹਿੰਦੀ ਰਹੀ ਕਿ ਉਹ ਇਕੱਲੀ ਆਈ ਹੈ ਪਰ ਜਦੋਂ 30 ਸਤੰਬਰ ਨੂੰ ਦੋਬਾਰਾ ਉਨ੍ਹਾਂ ਦੇ ਘਰ ਆਈ ਤਾਂ ਉਸ ਦੇ ਵਾਪਸ ਜਾਂਦੇ ਸਮੇਂ ਉਹ ਦੂਰ ਖੜ੍ਹੇ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਫਰਾਰ ਹੋ ਗਈ। ਉਸ ਸਮੇਂ ਮੋਟਰਸਾਈਕਲ ਦੀ ਖਿੱਚੀ ਫੋਟੋ ਦੇ ਆਧਾਰ 'ਤੇ ਜਦੋਂ ਉਨ੍ਹਾਂ ਦੋਹਾਂ ਦੀ ਪੈਰਵੀ ਕੀਤੀ ਤਾਂ ਉਨ੍ਹਾਂ ਦੀ ਪਛਾਣ ਪੂਜਾ ਅਤੇ ਕਰਨ ਵਜੋਂ ਹੋਈ। ਉਨ੍ਹਾਂ ਨੂੰ ਸ਼ੱਕ ਪੈ ਗਿਆ ਕਿ ਦੋਵੇਂ ਉਨ੍ਹਾਂ ਦਾ ਬੱਚਾ ਅਗਵਾ ਕਰਨ ਆਏ ਹਨ ਅਤੇ ਫਿਰ ਉਨ੍ਹਾਂ ਦਾ ਸ਼ੱਕ ਯਕੀਨ 'ਚ ਉਸ ਸਮੇਂ ਬਦਲ ਗਿਆ ਜਦੋਂ ਆਪਣੀ ਪਛਾਣ ਹੋਣ ਤੋਂ ਡਰੇ ਕਰਨ ਕੁਮਾਰ ਨੇ ਬੀਤੀ ਸ਼ਾਮ ਉਨ੍ਹਾਂ ਦੇ ਘਰ ਆ ਕੇ ਮੰਨ ਲਿਆ ਕਿ ਉਨ੍ਹਾਂ ਨੇ ਉਸ ਦਾ ਬੱਚਾ ਮਨਕੀਰਤ ਸਿੰਘ ਅਗਵਾ ਕਰਨਾ ਸੀ। 

ਪੁਲਸ ਨੇ ਰਜਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਹਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੌਰਾਨ ਜਦੋਂ ਪੁਲਸ ਵੱਲੋਂ ਦੋਹਾਂ ਤੋਂ ਮੁੱਢਲੀ ਪੁੱਛਗਿੱਛ ਕੀਤੀ ਗਈ ਤਾਂ ਹੈਰਾਨੀ ਵਾਲੀ ਗੱਲ ਸਾਹਮਣੇ ਆਈ। ਤਫਤੀਸ਼ੀ ਅਫਸਰ ਏ. ਐੱਸ. ਆਈ. ਗੁਰਬਚਨ ਸਿੰਘ ਨੇ ਦੱਸਿਆ ਮੁੱਢਲੀ ਜਾਂਚ 'ਚ ਪਤਾ ਲੱਗਾ ਹੈ ਕਿ ਮਾਮਲੇ 'ਚ ਨਾਮਜ਼ਦ ਔਰਤ ਕੋਈ ਬੱਚਾ ਨਾ ਹੋਣ ਦੀ ਸੂਰਤ 'ਚ ਉਸ ਨੇ ਪਿੰਡ ਨਿਵਾਸੀ ਉਕਤ ਨੌਜਵਾਨ ਦੀ ਮਦਦ ਨਾਲ 45 ਦਿਨਾਂ ਦੇ ਛੋਟੇ ਬੱਚੇ ਨੂੰ ਅਗਵਾ ਕਰਕੇ ਆਪਣਾ ਬੱਚਾ ਬਣਾਉਣ ਦੀ ਯੋਜਨਾ ਬਣਾਈ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।