ਬਾਲ ਵਿਕਾਸ ਵਿਭਾਗ ਸਟਾਫ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

09/30/2022 3:51:37 PM

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਸਟਾਫ਼ ਐਸੋਸੀਏਸ਼ਨ ਦੇ ਮੈਂਬਰਾਂ ਨੇ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀ ਤਨਖ਼ਾਹ ਪਿਛਲੇ 3-4 ਮਹੀਨਿਆਂ ਤੋਂ ਜਾਰੀ ਨਾ ਕਰਨ ਦੇ ਰੋਸ ਵਜੋਂ ਅੱਜ ਸੀ. ਡੀ. ਪੀ. ਓ. ਦਫ਼ਤਰ ਟਾਂਡਾ ਵਿਖੇ ਰੋਸ ਪ੍ਰਦਰਸ਼ਨ ਕੀਤਾ। 

ਐਸੋਸੀਏਸ਼ਨ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਸਟਾਫ਼ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀਆਂ ਤਨਖ਼ਾਹਾਂ ਸਬੰਧੀ  ਪਿਛਲੇ ਮਹੀਨਿਆਂ ਤੋਂ ਨਾ ਜਾਰੀ ਹੋਣ ਦੇ ਰੋਸ ਵਜੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਅਤੇ ਇਸ ਸਬੰਧੀ ਵਧੀਕ ਸਕੱਤਰ ਪੰਜਾਬ ਨਾਲ ਹੋਈ ਮੀਟਿੰਗ ਉਪਰੰਤ ਇਕ ਹਫ਼ਤੇ ਦੇ ਅੰਦਰ ਅੰਦਰ ਤਨਖ਼ਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਇਸ ਉਪਰੰਤ 20 ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਪੰਜਾਬ ਨਾਲ  ਵੀ ਹੋਈ ਪੈਨਲ ਮੀਟਿੰਗ ਉਪਰੰਤ ਉਨ੍ਹਾਂ 10 ਦਿਨਾਂ ਦੇ ਅੰਦਰ-ਅੰਦਰ ਤਿੰਨ ਚਾਰ ਮਹੀਨੇ ਦੀ ਤਨਖ਼ਾਹ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਉਹ ਆਪਣੀਆਂ ਤਨਖ਼ਾਹਾਂ ਤੋਂ ਵਾਂਝੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਗੁਜ਼ਾਰਾ ਕਰਨਾ ਔਖਾ ਹੋਇਆ ਪਿਆ ਹੈ ਅਤੇ ਉਹ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ। 

ਇਹ ਵੀ ਪੜ੍ਹੋ: SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ 'ਚ ਚਰਚੇ, ਹੋਣਾ ਪਿਆ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ

ਇਸ ਮੌਕੇ  ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਤਨਖ਼ਾਹਾਂ ਜਲਦ ਹੀ ਜਾਰੀ ਨਾ ਕੀਤੀਆਂ ਤਾਂ ਉਹ 3 ਅਕਤੂਬਰ ਨੂੰ ਕਲਮਛੋੜ ਹੜਤਾਲ ਕਰਕੇ 4 ਅਕਤੂਬਰ ਨੂੰ ਸਮੂਹਿਕ ਛੁੱਟੀ  ਲੈ ਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਦੇ ਦਫ਼ਤਰਾਂ ਅੱਗੇ ਰੋਸ ਧਰਨੇ ਦੇਣਗੇ। ਜੇਕਰ ਫਿਰ ਵੀ ਉਨ੍ਹਾਂ ਦੀਆਂ ਤਨਖ਼ਾਹਾਂ ਜਾਰੀ ਨਾ ਹੋਈਆਂ ਤਾਂ ਉਹ 7  ਅਕਤੂਬਰ ਨੂੰ ਜਥੇਬੰਦੀ ਦੀ ਮੀਟਿੰਗ ਉਪਰੰਤ ਅਗਲੇ ਸੰਘਰਸ਼ ਨੂੰ ਤਿੱਖਾ ਕਰਦਿਆਂ ਅਗਲੀ ਰਣਨੀਤੀ ਤੈਅ ਕਰਨਗੇ। ਇਸ ਰੋਸ ਪ੍ਰਦਰਸ਼ਨ ਦੌਰਾਨ  ਜਗੀਰ ਕੌਰ, ਯਸ਼ਪ੍ਰੀਤ ਕੌਰ, ਸੁਰਿੰਦਰ ਸਿੰਘ, ਮਨਪ੍ਰੀਤ ਕੌਰ, ਰੇਨੂੰ ਬਾਲਾ, ਜਸਪਾਲ ਸਿੰਘ, ਮਨਜੀਤ ਕੌਰ ਅਤੇ ਹੋਰ ਸਟਾਫ਼ ਮੈਂਬਰਾਂ ਨੇ ਵੀ ਹਿੱਸਾ ਲਿਆ।

ਇਹ ਵੀ ਪੜ੍ਹੋ: ਪੰਜਾਬ ਰੋਡਵੇਜ਼ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਮੁਲਾਜ਼ਮਾਂ ਨੇ ਵਜਾਇਆ ਸੰਘਰਸ਼ ਦਾ ਬਿਗੁਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri