ਚੋਣ ਜ਼ਾਬਤੇ ਦੌਰਾਨ ਬੱਲਾਂ ਵਿਖੇ ਸਸਤੀ ਕਣਕ ਵੰਡਦੇ 2 ਕਾਬੂ

09/19/2018 6:55:47 AM

ਕਿਸ਼ਨਗੜ੍ਹ,    (ਬੈਂਸ)-  ਸੂਬੇ ’ਚ ਬੁੱਧਵਾਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲਾ  ਪ੍ਰੀਸ਼ਦ ਚੋਣਾਂ ’ਚ ਵੋਟਰਾਂ ਨੂੰ ਭਰਮਾਉਣ ਹਿੱਤ ਪਿੰਡ ਬੱਲਾਂ ਵਿਖੇ ਸਰਕਾਰੀ ਸਸਤੀ ਕਣਕ  ਵੰਡੇ ਜਾਣ ਦਾ ਪਤਾ ਲੱਗਣ ’ਤੇ ਅਕਾਲੀ ਵਰਕਰਾਂ ਤੇ ਬਸਪਾ ਵਰਕਰਾਂ ਵੱਲੋਂ ਕਣਕ ਵੰਡਣ ਆਏ  ਮਹਿਕਮਾ ਸਿਵਲ ਸਪਲਾਈ ਦੇ ਮੁਲਾਜ਼ਮ ਮੁਕੇਸ਼ ਕੁਮਾਰ ਉਰਫ ਬੌਬੀ  ਤੇ  ਗੱਡੀ  ਚਾਲਕ ਜੋਗਿੰਦਰ  ਸਿੰਘ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਸਰਕਾਰੀ ਮੁਲਾਜ਼ਮ ਤੇ ਚਾਲਕ ਨੇ  ਮੰਨਿਆ ਕਿ ਇੰਸ. ਕਪਿਲ  ਨੇ ਉਨ੍ਹਾਂ ਨੂੰ ਕਣਕ ਵੰਡਣ ਲਈ ਬੱਲਾਂ ਪਿੰਡ ’ਚ ਭੇਜਿਆ ਸੀ।  ਗੱਡੀ ’ਚੋਂ ਉਕਤ ਮੁਲਾਜ਼ਮਾਂ ਵੱਲੋਂ 110 ਬੋਰੇ ਕਣਕ ਲਿਆਂਦੀ ਸੀ, ਜਿਨ੍ਹਾਂ ’ਚੋਂ  4 ਬੋਰੇ  ਕਣਕ ਬਚੇ ਸਨ ਤੇ ਬਾਕੀ ਸਾਰੀ ਕਣਕ ਵੰਡ ਦਿੱਤੀ ਗਈ ਸੀ। 
     ਇਸ ਮੌਕੇ ਇਕੱਤਰ ਹੋਏ  ਅਕਾਲੀ ਵਰਕਰ ਪ੍ਰਿਥੀਪਾਲ ਸਿੰਘ ਰਾਏਪੁਰ ਰਸੂਲਪੁਰ, ਬਸਪਾ ਦੇ ਸ਼ਾਦੀ ਲਾਲ, ਜਸਵਿੰਦਰ ਬੱਲ,   ਸਰਪੰਚ ਸੁਖਦੇਵ ਸਿੰਘ ਸੁੱਖੀ ਬੱਲਾਂ, ਅਮਨਪ੍ਰੀਤ ਸਿੰਘ, ਗੁਰਮੁੱਖ ਸਿੰਘ  ਬੱਬੂ, ਵਿਕਾਸ ਭਾਰਗਵ, ਰੂਬੀ ਬੱਲ, ਦੇਵ ਰਾਜ  ਤੇ ਮਨਜੀਤ ਰਾਏ ਆਦਿ ਨੇ ਕਿਹਾ  ਕਿ ਇਹ ਜੋ ਕਣਕ ਵੰਡੀ  ਜਾ ਰਹੀ ਸੀ। ਉਹ ਵੋਟਾਂ ’ਚ ਵੋਟਰਾਂ ਦੀਆਂ ਵੋਟਾਂ ਲੈਣ ਦੀ ਨੀਅਤ ਨਾਲ ਵੰਡੀ ਜਾ ਰਹੀ ਸੀ। ਜਿਸ ਪਿੱਛੇ ਬੱਲਾਂ ਪਿੰਡ ਦੇ ਸਾਬਕਾ ਸਰਪੰਚ ਤੇ ਕਾਂਗਰਸ ਆਗੂ  ਦੀ ਵਿਭਾਗ ਨਾਲ ਮਿਲੀ-ਭੁਗਤ ਹੈ। ਉਕਤ ਵਿਅਕਤੀਆਂ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਪੰਜਾਬ, ਐੱਸ. ਡੀ. ਐੱਮ.-2 ਪਰਮਵੀਰ  ਸਿੰਘ  ਤੇ ਪੁਲਸ ਚੌਕੀ ਕਿਸ਼ਨਗੜ੍ਹ ’ਚ ਕੀਤੀ ਤਾਂ ਮੌਕੇ ’ਤੇ ਥਾਣਾ ਕਰਤਾਰਪੁਰ ਮੁਖੀ  ਪਰਮਜੀਤ ਸਿੰਘ ਤੇ  ਏ. ਐੱਸ. ਆਈ. ਸੁਖਜੀਤ ਸਿੰਘ ਬੈਂਸ ਪੁਲਸ  ਪਾਰਟੀ ਸਮੇਤ ਪਹੁੰਚੇ। ਜਿਨ੍ਹਾਂ ਨੇ ਗੱਡੀ ਸਮੇਤ ਚਾਲਕ ਤੇ ਮੁਲਾਜ਼ਮ ਮੁਕੇਸ਼ ਕੁਮਾਰ ਬੌਬੀ  ਨੂੰ ਕਾਬੂ ਕਰ ਲਿਆ। ਇਸ ਸਬੰਧੀ ਪੁਲਸ ਚੌਕੀ ਕਿਸ਼ਨਗੜ੍ਹ ਦੇ ਏ. ਐੱਸ. ਆਈ. ਸੁਖਜੀਤ  ਸਿੰਘ ਬੈਂਸ ਨੇ ਦੱਸਿਆ ਕਿ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ  ਉਨ੍ਹਾਂ  ਕਿਹਾ ਕਿ ਕਣਕ ਵੰਡ ਸਕਦੇ ਹਾਂ ਇਸ ਲਈ ਗੱਡੀ ਸਮੇਤ  ਮੁਲਾਜ਼ਮ ਤੇ ਗੱਡੀ ਚਾਲਕ  ਨੂੰ ਬਿਨਾਂ ਕਾਰਵਾਈ ਛੱਡ ਦਿੱਤਾ ਗਿਆ ਹੈ। 
 ਪੰਚਾਇਤੀ ਚੋਣਾਂ ’ਚ ਸਰਕਾਰੀ ਕਣਕ ਤੇ ਪੈਨਸ਼ਨਾਂ ਵੰਡਣਾ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ : ਜਦ ਚੋਣਾਂ ਦੌਰਾਨ ਬੱਲਾਂ ਪਿੰਡ ’ਚ ਕਣਕ ਵੰਡਣ  ਦੀ ਗੱਲਬਾਤ ਐੱਸ. ਡੀ. ਐੱਮ.-2 ਪਰਮਵੀਰ ਸਿੰਘ ਨਾਲ ਕੀਤੀ ਤਾਂ ਉਨ੍ਹਾਂ  ਕਿਹਾ ਕਿ ਚੋਣਾਂ ’ਚ  ਕਣਕ ਵੰਡਣ ਤੇ ਪੈਨਸ਼ਨ ਵੰਡਣ ਦਾ ਕੰਮ ਚੋਣ ਜ਼ਾਬਤੇ ’ਚ ਨਹੀਂ ਆਉਂਦਾ।