ਕੈਬਨਿਟ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਵਿਖੇ ਪੁਲਸ ਸਟੇਸ਼ਨਾਂ ਦੇ ਰੱਖੇ ਨੀਂਹ ਪੱਥਰ

02/29/2020 6:49:28 PM

ਰੂਪਨਗਰ (ਵਿਜੇ ਸ਼ਰਮਾ)— ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪੁਲਸ ਸਟੇਸ਼ਨ ਸ੍ਰੀ ਚਮਕੌਰ ਸਾਹਿਬ ਦੀ ਇਮਾਰਤ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਪੁਲਸ ਸਟੇਸ਼ਨ ਸ਼ਹਿਰੀ ਮੋਰਿੰਡਾ ਦੀ ਨਵੀਂ ਇਮਾਰਤ ਅਤੇ ਨਾਲ ਹੀ ਪੁਲਸ ਸਟੇਸ਼ਨ ਸਦਰ ਮੋਰਿੰਡਾ ਦੀ ਇਮਾਰਤ ਦੇ ਵਿਸਤਾਰ ਦਾ ਵੀ ਨੀਂਹ ਪੱਥਰ ਰੱਖਿਆ।

ਇਸ ਮੌਕੇ ਉਨ੍ਹਾਂ ਦੇ ਨਾਲ ਡੀ. ਜੀ. ਪੀ. ਐੱਮ. ਕੇ. ਤਿਵਾੜੀ ਅਤੇ ਐੱਸ. ਐੱਸ. ਪੀ. ਸਵਪਨ ਸ਼ਰਮਾ ਵੀ ਮੌਜੂਦ ਸਨ। ਕੈਬਨਿਟ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਪੁਲਸ ਸਟੇਸ਼ਨ ਦੀ ਇਮਾਰਤ ਕਰੀਬ 1 ਕਰੋੜ 17 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ। ਜਿਸ ਵਿਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਮੋਰਿੰਡਾ ਵਿਖੇ ਵੀ 2 ਥਾਣਿਆਂ ਦੀਆਂ ਇਮਾਰਤਾਂ ਕਰੀਬ ਪੋਣੇ 3 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਣਗੀਆਂ। ਬਜਟ ਦੌਰਾਨ ਬੇਲੇ ਦਰਿਆ 'ਤੇ ਵੀ ਪੁਲ ਅਤੇ ਮੋਰਿੰਡੇ ਤੋਂ ਸ੍ਰੀ ਚਮਕੌਰ ਸਾਹਿਬ, ਬੇਲਾ ਪਨਿਆਲੀ ਤੱਕ ਸੜਕ ਦੇ ਨਵੀਨੀਕਰਨ ਦੇ ਲਈ 120 ਕਰੋੜ ਰੁਪਏ ਪਾਸ ਹੋਏ ਹਨ, ਜਿਸ ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜੋ ਕਿ ਇਲਾਕਾ ਨਿਵਾਸੀਆਂ ਦੀ ਬਹੁਤ ਦੇਰ ਤੋਂ ਮੰਗ ਸੀ।

ਸ੍ਰੀ ਚਮਕੌਰ ਸਾਹਿਬ ਵਿਖੇ ਬਣਨ ਵਾਲੀ ਯੂਨੀਵਰਸਿਟੀ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਰੀਬ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਮਾਰਤ ਦੇ ਟੈਂਡਰ ਲੱਗ ਚੁੱਕੇ ਹਨ, ਜੋ ਕਿ ਇਕ ਸਾਲ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ। ਸੱਲੋਮਾਜਰੇ ਵਿਚ ਇਕ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਵੀ ਜਲਦ ਹੀ ਰੱਖਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਵਿਕਾਸ ਕਾਰਜਾਂ ਦੇ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋ ਗਈ ਹੈ, ਬਹੁਤ ਜਲਦ ਪਿੰਡ ਦੀਆਂ ਪੰਚਾਇਤਾਂ ਨੂੰ ਇਹ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਸ.ਡੀ.ਐੱਮ. ਸ੍ਰੀ ਚਮਕੌਰ ਸਾਹਿਬ ਮਨਕਮਲ ਸਿੰਘ ਚਾਹਲ, ਐੱਸ.ਡੀ.ਐੱਮ. ਮੋਰਿੰਡਾ ਹਰਬੰਸ ਸਿੰਘ ਤੋਂ ਇਲਾਵਾ ਪਿੰਡਾਂ ਦੇ ਪੰਚ-ਸਰਪੰਚ ਵੀ ਮੌਜੂਦ ਸਨ।


shivani attri

Content Editor

Related News