ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਦਲਜੀਤ ਆਹਲੂਵਾਲੀਆ ਨਾਲ ਕੀਤੀ ਮੁਲਾਕਾਤ

10/22/2019 1:07:41 PM

ਜਲੰਧਰ (ਚੋਪੜਾ)— ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਬੀਤੇ ਦਿਨ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨਾਲ ਮੁਲਾਕਾਤ ਕਰਕੇ ਟਰੱਸਟ ਦੇ ਨਾਨ-ਪਰਫਾਰਮਰ ਬੈਂਕ ਅਕਾਊਂਟ (ਐੱਨ. ਪੀ. ਏ.) ਅਤੇ ਕਰਜ਼ੇ ਦੀ ਅਦਾਇਗੀ ਸਣੇ 15 ਜੁਲਾਈ ਨੂੰ ਟਰੱਸਟ ਵੱਲੋਂ ਕਰਵਾਈ ਗਈ ਬੋਲੀ ਰਾਹੀਂ ਇਕੱਠੇ ਕੀਤੇ ਬਕਾਇਆਂ ਦੀ ਵਸੂਲੀ ਬਾਰੇ ਚਰਚਾ ਕੀਤੀ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਟਰੱਸਟ ਨੇ ਬੈਂਕ ਕੋਲ ਗਹਿਣੇ ਰੱਖੀਆਂ ਜ਼ਮੀਨਾਂ 'ਚੋਂ ਕੁਝ ਜ਼ਮੀਨਾਂ ਨੂੰ ਵੇਚਣ ਦੀ ਅਪਰੂਵਲ ਲਈ ਸੀ ਕਿਉਂਕਿ ਬੈਂਕ ਲੋਨ ਦਾ ਭੁਗਤਾਨ ਨਾ ਹੋਣ ਕਾਰਣ ਉਕਤ ਪ੍ਰਾਪਰਟੀਆਂ ਨੂੰ ਜ਼ਬਤ ਕਰ ਲਿਆ ਗਿਆ ਸੀ। ਬੈਂਕ ਨੇ ਟਰੱਸਟ ਅਧਿਕਾਰੀਆਂ ਨੂੰ ਕਿਹਾ ਕਿ ਕੁਝ ਜਾਇਦਾਦਾਂ ਦੀ ਨੀਲਾਮੀ ਲਈ ਐੱਨ. ਓ. ਸੀ. ਇਸ ਵਾਅਦੇ ਤਹਿਤ ਦਿੱਤੀ ਸੀ ਕਿ ਜੋ ਵੀ ਪ੍ਰਾਪਰਟੀਆਂ ਵਿਕਣਗੀਆਂ ਉਸ ਦਾ ਸਮੁੱਚਾ ਭੁਗਤਾਨ ਲੋਨ ਅਕਾਊਂਟ ਵਿਚ ਜਮ੍ਹਾ ਕਰਵਾਇਆ ਜਾਵੇਗਾ। ਟਰੱਸਟ ਰੈੱਡ ਕਰਾਸ ਭਵਨ 'ਚ ਕਰਵਾਈ ਗਈ ਖੁੱਲ੍ਹੀ ਬੋਲੀ 'ਚ ਰੱਖੀਆਂ 79 ਜਾਇਦਾਦਾਂ 'ਚੋਂ 27 ਜਾਇਦਾਦਾਂ ਵੇਚ ਕੇ 8.75 ਕਰੋੜ ਰੁਪਏ ਇਕੱਠੇ ਕਰਨ ਵਿਚ ਸਫਲ ਰਿਹਾ, ਜਿਸ ਤੋਂ ਬਾਅਦ ਅਲਾਟੀਆਂ ਵੱਲੋਂ ਟਰੱਸਟ ਨੂੰ ਜਮ੍ਹਾ ਕਰਵਾਈ 25 ਫੀਸਦੀ ਰਕਮ ਨੂੰ ਟਰੱਸਟ ਨੇ ਬੈਂਕ ਨੂੰ ਦੇ ਦਿੱਤਾ ਸੀ ਪਰ 4 ਮਹੀਨਿਆਂ ਬਾਅਦ ਪੀ. ਐੱਨ. ਬੀ. ਖਾਤੇ 'ਚ ਕੋਈ ਰਕਮ ਨਾ ਆਉਣ 'ਤੇ ਹੈੱਡ ਆਫਿਸ ਨੇ ਲੋਕਲ ਬ੍ਰਾਂਚ ਦੇ ਅਧਿਕਾਰੀਆਂ ਕੋਲੋਂ ਕਰਜ਼ ਵਾਪਸੀ ਸਟੇਟਸ ਰਿਪੋਰਟ ਤਲਬ ਕੀਤੀ ਹੈ।

ਬੈਂਕ ਅਧਿਕਾਰੀਆਂ ਨੇ ਚੇਅਰਮੈਨ ਨੂੰ ਕਿਹਾ ਕਿ ਟਰੱਸਟ ਦੱਸੇ ਕਿ ਬੋਲੀ 'ਚ ਵੇਚੀਆਂ ਗਈਆਂ ਪ੍ਰਾਪਰਟੀਆਂ ਦੀ ਬਕਾਇਆ 75 ਫੀਸਦੀ ਰਕਮ ਦੀ ਅਦਾਇਗੀ ਕਦੋਂ ਹੋਵੇਗੀ। ਇਸ ਤੋਂ ਇਲਾਵਾ ਐੱਨ. ਪੀ. ਏ. ਅਕਾਊਂਟ ਲੋਨ ਦਾ ਭੁਗਤਾਨ ਕਿਵੇਂ ਕੀਤਾ ਜਾਵੇਗਾ। ਜਿਸ ਦੇ ਜਵਾਬ 'ਚ ਚੇਅਰਮੈਨ ਆਹਲੂਵਾਲੀਆ ਨੇ ਦੱਸਿਆ ਕਿ ਟਰੱਸਟ ਵੱਲੋਂ ਵੇਚੀਆਂ ਗਈਆਂ ਜ਼ਮੀਨਾਂ ਦਾ ਅਲਾਟੀਆਂ ਨੇ 6-6 ਮਹੀਨਿਆਂ ਦੀਆਂ ਕਿਸ਼ਤਾਂ 'ਚ ਭੁਗਤਾਨ ਕਰਨਾ ਹੁੰਦਾ ਹੈ, ਜਿਸ ਕਾਰਨ ਉਕਤ ਰਕਮ ਪੈਂਡਿੰਗ ਹੈ, ਜਿਉਂ ਹੀ ਟਰੱਸਟ ਕੋਲ ਫੰਡ ਜਮ੍ਹਾ ਹੋਣਗੇ, ਅਸੀਂ ਬੈਂਕ ਨੂੰ ਦੇ ਦੇਵਾਂਗੇ।

ਆਹਲੂਵਾਲੀਆ ਨੇ ਦੱਸਿਆ ਕਿ ਟਰੱਸਟ ਅਗਲੇ 15 ਦਿਨਾਂ 'ਚ ਇਕ ਵੱਡੀ ਪ੍ਰਾਪਰਟੀ ਦੀ ਨੀਲਾਮੀ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਵਿਚ 150 ਕਰੋੜ ਦੇ ਕਰੀਬ ਦੀਆਂ ਪ੍ਰਾਪਰਟੀਆਂ ਨੂੰ ਵੇਚਿਆ ਜਾਵੇਗਾ, ਜਿਸ ਨੂੰ ਵੇਚਣ ਤੋਂ ਬਾਅਦ ਅਲਾਟੀਆਂ ਕੋਲੋਂ ਪਹਿਲੀ ਕਿਸ਼ਤ ਦੇ ਤੌਰ 'ਤੇ 40 ਕਰੋੜ ਰੁਪਏ ਇਕੱਠੇ ਹੋਣ ਦੇ ਆਸਾਰ ਹਨ, ਜਿਸ ਨੂੰ ਟਰੱਸਟ ਬੈਂਕ ਨੂੰ ਦੇ ਕੇ ਆਪਣੇ ਖਾਤੇ ਨੂੰ ਐੱਨ. ਪੀ. ਏ. ਤੋਂ ਬਾਹਰ ਕੱਢੇਗਾ। ਟਰੱਸਟ ਬੈਂਕ ਵਿਚ ਜ਼ਬਤ ਕੁਝ ਪ੍ਰਾਪਰਟੀਆਂ ਦੀ ਐੱਨ. ਓ. ਸੀ. ਲੈ ਕੇ ਅਗਲੀ ਨੀਲਾਮੀ 'ਚ ਸ਼ਾਮਲ ਕਰੇਗਾ ਅਤੇ ਉਨ੍ਹਾਂ ਨੂੰ ਵੇਚ ਕੇ ਮਿਲੇ ਪੈਸਿਆਂ ਨੂੰ ਵੀ ਬੈਂਕ ਲੋਨ ਖਾਤੇ 'ਚ ਜਮ੍ਹਾ ਕਰਵਾਇਆ ਜਾਵੇਗਾ।

shivani attri

This news is Content Editor shivani attri