ਕੇਂਦਰ ਸਰਕਾਰ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਵਿਸ਼ੇਸ਼ ਫੰਡ ਜਾਰੀ ਕਰੇ : ਮੱਤੇਵਾਲ

03/12/2018 1:38:12 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਫੂਲੇ ਭਾਰਤੀ ਲੋਕ ਪਾਰਟੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਮੱਤੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਉਹ 2019 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਫੰਡ ਜਾਰੀ ਕਰਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਸ਼ਹਿਰ ਜੋ ਕਿ ਵਿਕਾਸ ਦੇ ਪੱਖੋਂ ਬਹੁਤ ਹੀ ਪਿਛੜਿਆ ਹੋਇਆ ਹੈ, ਵੱਲ ਕੇਂਦਰ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਸ਼ਹਿਰ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਬਹੁਤ ਵੱਡਾ ਹਿੱਸਾ ਗੁਜ਼ਾਰਿਆ ਤੇ ਇਸ ਸ਼ਹਿਰ ਤੋਂ ਗੁਰੂ ਜੀ ਨੇ ਪੂਰੀ ਮਾਨਵਤਾ ਦੀ ਭਲਾਈ ਦੇ ਸੰਦੇਸ਼ ਨੂੰ ਲੈ ਕੇ ਚਾਰ ਉਦਾਸੀਆਂ ਸ਼ੁਰੂ ਕੀਤੀਆਂ ਸਨ।
ਮੱਤੇਵਾਲ ਨੇ ਕਿਹਾ ਕਿ ਦੇਸ਼ ਦੁਨੀਆ 'ਚ ਰਹਿੰਦੀ ਕਰੋੜਾਂ ਨਾਨਕ ਨਾਮ ਲੇਵਾ ਸੰਗਤ ਦੇ ਮੰਨਾਂ 'ਚ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਪਵਿੱਤਰ ਗੁਰਧਾਮਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਗੁਰੂ ਕਾ ਬਾਗ, ਹੱਟ ਸਾਹਿਬ ਆਦਿ ਗੁਰਧਾਮਾਂ ਦਾ ਸਤਿਕਾਰ ਤੇ ਸ਼ਰਧਾ ਵਸੀ ਹੋਈ ਹੈ, ਇਸ ਲਿਹਾਜ਼ ਨਾਲ ਇਸ ਨਗਰੀ 'ਚ ਹਰ ਸਾਲ ਗੁਰਪੁਰਬ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਮਨਾਏ ਜਾਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਪੱਧਰ 'ਤੇ ਤਿਆਰੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਸੂਬਾ ਤੇ ਕੇਂਦਰ ਸਰਕਾਰ ਵੱਲੋਂ ਅਜੇ ਤਕ ਕੋਈ ਹਾਂ ਪੱਖੀ ਸਰਗਰਮੀ ਨਜ਼ਰ ਨਹੀਂ ਆ ਰਹੀ ਹੈ, ਜਿਸ ਕਾਰਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ 'ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ 550ਵੇਂ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਸ਼ਹਿਰ ਸੁਲਤਾਨਪੁਰ ਲੋਧੀ 'ਚ, ਏਮਜ ਦੀ ਤਰਜ਼ 'ਤੇ ਸਰਕਾਰੀ ਹਸਪਤਾਲ, ਮੈਡੀਕਲ ਕਾਲਜ ਦੇ ਨਿਰਮਾਣ ਕਰਵਾਏ ਜਾਣ ਤੋਂ ਇਲਾਵਾ, ਇਸ ਸ਼ਹਿਰ ਦੇ ਰੇਲ ਤੇ ਬੱਸ ਆਵਾਜਾਈ ਨੂੰ ਦੇਸ਼ ਦੇ ਸਾਰੇ ਗੁਰਧਾਮਾਂ ਨਾਲ ਸਬੰਧਤ ਨਗਰਾਂ ਨਾਲ ਜੋੜਨ, ਮਹਿਤਾ ਕਾਲੂ ਜੀ ਤੇ ਮਾਤਾ ਤ੍ਰਿਪਤਾ ਜੀ ਦੇ ਨਾਲ ਦੀ ਯੂਨੀਵਰਸਿਟੀ ਖੋਲ੍ਹਣ, ਸਾਰੇ ਸ਼ਹਿਰ ਨੂੰ ਸਰਕਾਰੀ ਪੱਧਰ 'ਤੇ ਸੋਲਰ ਐਨਰਜੀ ਨਾਲ ਜੋੜਨ, ਇਲਾਕੇ ਭਰ ਦੇ ਘਰਾਂ ਸਰਕਾਰੀ ਤੇ ਗੈਰ ਸਰਕਾਰੀ ਦਫ਼ਤਰਾਂ 'ਚ ਮੀਂਹ ਦਾ ਪਾਣੀ ਧਰਤੀ 'ਚ ਰੀਚਾਰਜ ਕਰਨ, ਘਰੇਲੂ ਅਤੇ ਵਿਦੇਸ਼ੀ ਪੱਧਰ ਦੀਆਂ ਹਵਾਈ ਉੜਾਨਾਂ ਲਈ ਏਅਰਪੋਰਟ ਦੇ ਨਿਰਮਾਣ ਕਰਾਉਣ, ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਕਰਮਜੀਤਪੁਰ ਫਾਟਕ 'ਤੇ ਓਵਰ ਪੁਲ ਦਾ ਨਿਰਮਾਣ ਕਰਾਉਣ, ਖੇਤੀ 'ਤੇ ਆਧਾਰਿਤ ਇਲਾਕਾ ਹੋਣ ਕਾਰਨ ਇਸ ਇਲਾਕੇ ਲਈ ਮਾਤਾ ਸੁਲਖਣੀ ਜੀ ਦੇ ਨਾਂ 'ਤੇ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਮਾਣ ਕਰਾਉਣ ਆਦਿ ਮੰਗਾਂ ਕੇਂਦਰ ਸਰਕਾਰ ਪਾਸੋਂ ਕੀਤੀਆਂ ਗਈਆਂ।