ਭਤੀਜੇ ਨਾਲ ਕੁੱਟਮਾਰ ਕਰਨ ’ਤੇ ਚਾਚੇ ਖਿਲਾਫ਼ ਮਾਮਲਾ ਦਰਜ

05/13/2020 6:56:10 PM

ਟਾਂਡਾ ਉਡ਼ਮੁਡ਼ (ਮੋਮੀ, ਪੰਡਿਤ, ਕੁਲਦੀਸ਼) - ਪਿੰਡ ਤਲਵੰਡੀ ਡੱਡੀਆਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਵਿਅਕਤੀ ਵੱਲੋਂ ਆਪਣੇ ਹੀ ਭਤੀਜੇ ਨਾਲ ਮਾਰ-ਕੁਟਾਈ ਕਰਨ ਦੇ ਦੋਸ਼ ਅਧੀਨ ਟਾਂਡਾ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਏ ਬਖਸ਼ੀਸ਼ ਸਿੰਘ ਦੇ ਪਿਤਾ ਪਿਆਰਾ ਸਿੰਘ ਪੁੱਤਰ ਖਜ਼ਾਨ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਨਿਵਾਸੀ ਬਲਕਾਰ ਸਿੰਘ ਪੁੱਤਰ ਖਜ਼ਾਨ ਸਿੰਘ ਦੇ ਖਿਲਾਫ਼ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਪਿਆਰਾ ਸਿੰਘ ਨੇ ਦੱਸਿਆ ਕਿ ਉਸਦਾ ਲਡ਼ਕਾ ਬਖ਼ਸ਼ੀਸ਼ ਸਿੰਘ ਉਸਦੇ ਨਾਲ ਹੀ ਖੇਤੀਬਾਡ਼ੀ ਦਾ ਕੰਮ ਕਰਦਾ ਹੈ। ਬੀਤੀ 9 ਮਈ ਨੂੰ ਜਦੋਂ ਉਸ ਦਾ ਪੁੱਤਰ ਬਖਸ਼ੀਸ਼ ਸਿੰਘ ਸ਼ਾਮ ਕਰੀਬ 7.30 ਵਜੇ ਖੇਤਾਂ ’ਚੋਂ ਵਾਪਸ ਆ ਰਿਹਾ ਸੀ ਅਤੇ ਮੈਂ ਖੇਤਾਂ ਵੱਲ ਸੈਰ ਕਰਨ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਸਰਪੰਚ ਭਗਵਾਨ ਸਿੰਘ ਦੀ ਮੋਟਰ ’ਤੇ ਖਡ਼੍ਹੇ ਉਸ ਦੇ ਭਰਾ ਬਲਕਾਰ ਸਿੰਘ ਨੇ ਬਖਸ਼ੀਸ਼ ਸਿੰਘ ਦੇ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਤੈਸ਼ ਵਿਚ ਆ ਕੇ ਉਸ ਦੇ ਸਿਰ ’ਤੇ ਕਹੀ ਨਾਲ ਵਾਰ ਕਰ ਦਿੱਤਾ, ਜਿਸ ਕਾਰਨ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਥੱਲੇ ਡਿੱਗ ਪਿਆ। ਇਸ ਦੀ ਸੂਚਨਾ ਇਹ ਸਭ ਅੱਖੀਂ ਦੇਖਣ ਵਾਲੇ ਲਖਵਿੰਦਰ ਸਿੰਘ ਨੇ ਬਖਸ਼ੀਸ਼ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਜਿਸ ’ਤੇ ਮੇਰੀ ਪੁੱਤਰੀ ਸੁਖਵਿੰਦਰ ਕੌਰ ਅਤੇ ਮੇਰੀ ਨੂੰਹ ਬਲਵਿੰਦਰ ਕੌਰ ਮੌਕੇ ’ਤੇ ਪਹੁੰਚ ਗਈਆਂ ਤੇ ਜ਼ਖ਼ਮੀ ਹਾਲਤ ਵਿਚ ਬਖਸ਼ੀਸ਼ ਸਿੰਘ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦਿਆਂ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਟਾਂਡਾ ਪੁਲਸ ਨੇ ਕੁੱਟਮਾਰ ਕਰਨ ਵਾਲੇ ਬਖਸ਼ੀਸ਼ ਸਿੰਘ ਦੇ ਚਾਚਾ ਬਲਕਾਰ ਸਿੰਘ ਖਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Harinder Kaur

Content Editor

Related News