ਵਿਆਹ ਦਾ ਝਾਂਸਾ ਦੇ ਕੇ ਔਰਤ ਨੂੰ ਆਪਣੇ ਕੋਲ ਰੱਖਣ ਵਾਲੇ 2 ਭਰਾਵਾਂ ਸਣੇ 7 ਖ਼ਿਲਾਫ਼ ਮਾਮਲਾ ਦਰਜ

07/21/2022 5:28:13 PM

ਭੋਗਪੁਰ (ਸੂਰੀ)-ਥਾਣਾ ਭੋਗਪੁਰ ’ਚ ਇਕ ਔਰਤ ਦੇ ਬਿਆਨਾਂ ਹੇਠ 2 ਸਕੇ ਭਰਾਵਾਂ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੀੜਤਾ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਸੰਦੀਪ ਸਿੰਘ ਪੁੱਤਰ ਰਾਮਪਾਲ ਵਾਸੀ ਸੱਗਰਾਂਵਾਲੀ, ਜਿਸ ਨੇ ਉਸ ਨੂੰ ਵਿਆਹ ਕਰਾਉਣ ਲਈ 7 ਮਹੀਨਿਆਂ ਤੋਂ ਆਪਣੇ ਕੋਲ ਰੱਖਿਆ ਹੋਇਆ ਸੀ ਤੇ ਇਸ ਦੌਰਾਨ ਉਸ ਦੀ ਧੀ ਵੀ ਉਸ ਨਾਲ ਸੰਦੀਪ ਸਿੰਘ ਦੇ ਘਰ ’ਚ ਰਹਿ ਰਹੀ ਸੀ। 7 ਮਹੀਨੇ ਦਾ ਸਮਾਂ ਬੀਤਣ ਤੋਂ ਬਾਅਦ ਵੀ ਸੰਦੀਪ ਸਿੰਘ ਨੇ ਪੀੜਤਾ ਨਾਲ ਵਿਆਹ ਨਹੀਂ ਕਰਵਾਇਆ। ਸੰਦੀਪ ਸਿੰਘ ਦਾ ਇਕ ਭਰਾ ਕੁਲਦੀਪ ਸਿੰਘਵੀ ਉਸੇ ਘਰ ’ਚ ਪੀੜਤਾ ਤੇ ਸੰਦੀਪ ਸਿੰਘ ਨਾਲ ਰਹਿੰਦਾ ਸੀ। ਪੀੜਤਾ ਤੇ ਸੰਦੀਪ ਸਿੰਘ ਦੇ ਵਿਆਹ ਦੀ ਗੱਲਬਾਤ ਪੀੜਤਾ ਦੇ ਮੂੰਹ ਬੋਲੇ ਭਰਾ ਗੁਰਵਿੰਦਰ ਸਿੰਘ ਨੇ ਕਰਵਾਈ ਸੀ। ਪੀੜਤਾ ਜਦੋਂ ਵੀ ਸੰਦੀਪ ਸਿੰਘ ਨੂੰ ਵਿਆਹ ਕਰਵਾਉਣ ਲਈ ਕਹਿੰਦੀ ਤਾਂ ਉਹ ਉਸ ਨਾਲ ਕੁੱਟਮਾਰ ਕਰਦਾ ਤੇ ਆਂਢ-ਗੁਆਂਢ ’ਚ ਕਿਸੇ ਨੂੰ ਵੀ ਮਿਲਣ ਨਹੀਂ ਦਿੰਦਾ ਸੀ। ਸੰਦੀਪ ਸਿੰਘ ਦਾ ਭਰਾ ਕੁਲਦੀਪ ਸਿੰਘ ਵੀ ਪੀੜਤਾ ਦੀ ਲੜਕੀ ਨਾਲ ਗਲਤ ਹਰਕਤਾਂ ਕਰਦਾ ਸੀ ਤੇ ਲੜਕੀ ਨੂੰ ਧਮਕੀਆਂ ਦਿੰਦਾ ਸੀ। ਜਦ ਸੰਦੀਪ ਸਿੰਘ ਨੇ ਪੀੜਤਾ ਨਾਲ ਵਿਆਹ ਨਹੀਂ ਕਰਵਾਇਆ ਤਾਂ ਉਹ ਆਪਣੀ ਲੜਕੀ ਨਾਲ ਕਿਸੇ ਤਰ੍ਹਾਂ ਪਿੰਡ ਸੱਗਰਾਂਵਾਲੀ ਤੋਂ ਵਾਪਸ ਆ ਕੇ ਤੇ ਆਪਣੇ ਕਿਸੇ ਰਿਸ਼ਤੇਦਾਰ ਕੋਲ ਹੇਜਮਾ ਪਿੰਡ ਚਲੀਆਂ ਗਈਆਂ।

ਅਗਲੇ ਦਿਨ ਜਦੋਂ ਪੀੜਤਾ ਆਪਣੀ ਲੜਕੀ ਤੇ ਕਿਸੇ ਰਿਸ਼ਤੇਦਾਰ ਨਾਲ ਸਿਵਲ ਹਸਪਤਾਲ ਕਾਲਾ ਬੱਕਰਾ ਨੂੰ ਜਾ ਰਹੀ ਸੀ ਤਾਂ ਰਸਤੇ ’ਚ ਸੰਦੀਪ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਇਨ੍ਹਾਂ ਨਾਲ ਤਿੰਨ-ਚਾਰ ਹੋਰ ਅਣਪਛਾਤਿਆਂ ਨੇ ਉਨ੍ਹਾਂ ਨੂੰ ਰੋਕ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਮੌਕੇ ’ਤੇ ਹੋਰ ਲੋਕ ਵੀ ਇਕੱਠੇ ਹੋ ਗਏ ਤਾਂ ਉਕਤ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਉਪਰੰਤ ਸੁਖਵਿੰਦਰ ਕੌਰ ਨੇ ਪੀੜਤਾ ਨੂੰ ਕਾਲਾ ਬੱਕਰਾ ਹਸਪਤਾਲ ’ਚ ਦਾਖਲ ਕਰਵਾ ਦਿੱਤਾ। ਪੁਲਸ ਵੱਲੋਂ ਪੀੜਤਾ ਦੇ ਬਿਆਨ ਲੈਣ ਉਪਰੰਤ ਦੋਵਾਂ ਭਰਾਵਾਂ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Manoj

Content Editor

Related News