ਅਮਰੀਕਾ ਦੀ ਥਾਂ ਭੇਜਿਆ ਯੁਗਾਂਡਾ, ਲੱਖਾਂ ਰੁਪਏ ਤੇ ਡਾਲਰ ਠੱਗੇ

12/31/2019 6:38:33 PM

ਭੁਲੱਥ,(ਰਜਿੰਦਰ) : ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਤੇ 44 ਹਜ਼ਾਰ 600 ਅਮਰੀਕੀ ਡਾਲਰਾਂ ਦੀ ਠੱਗੀ ਮਾਰਨ ਦੇ ਦੋਸ਼ 'ਚ ਭੁਲੱਥ ਪੁਲਸ ਨੇ ਪਤੀ, ਪਤਨੀ ਸਮੇਤ ਪੰਜ ਲੋਕਾਂ ਖਿਲਾਫ ਕਬੂਤਰਬਾਜ਼ੀ ਦਾ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ ਮਨਮਹਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਖਲੀਲ, ਥਾਣਾ ਭੁਲੱਥ ਨੇ ਐਸ. ਐਸ. ਪੀ. ਕਪੂਰਥਲਾ ਨੂੰ ਦਿੱਤੀ ਦਰਖਾਸਤ ਵਿਚ ਦੱਸਿਆ ਕਿ ਬਲਜੀਤ ਸਿੰਘ ਉਰਫ ਲਾਡੀ ਪੁੱਤਰ ਸ਼ਾਮ ਸਿੰਘ ਤੇ ਉਸ ਦੀ ਪਤਨੀ ਪਲਵਿੰਦਰ ਕੌਰ ਵਾਸੀ ਰਾਏਪੁਰ ਪੀਰ ਬਖਸ਼ ਨਾਲ ਉਸ ਦੀ ਗੱਲ ਹੋਈ ਸੀ, ਜਿਸ ਤਹਿਤ ਉਨ੍ਹਾਂ ਨੇ ਉਸ ਨੂੰ, ਉਸ ਦੀ ਭੈਣ ਉਪਿੰਦਰ ਪਾਲ ਕੌਰ ਅਤੇ ਭਾਣਜੀ ਗੁਰਸੀਰਤ ਕੌਰ ਨੂੰ ਅਮਰੀਕਾ ਭੇਜਣਾ ਸੀ। ਜਿਸ ਸੰਬੰਧੀ ਉਹ ਇਨ੍ਹਾਂ ਦੋਵਾਂ ਤੇ ਇਨਾਂ ਦੇ ਸਾਥੀਆਂ ਨੂੰ ਪਹਿਲਾਂ 22 ਲੱਖ ਰੁਪਏ ਅਤੇ ਆਪਣੇ ਤਿੰਨਾਂ ਦੇ ਪਾਸਪੋਰਟ ਦਿੱਤੇ, ਜਿਸ ਉਪਰੰਤ ਉਹ ਸਾਨੂੰ ਅੰਮ੍ਰਿਤਸਰ ਲੈ ਗਏ।
ਜਿਥੋਂ ਉਸ ਦੀ, ਭੈਣ ਤੇ ਭਾਣਜੀ ਦੀ ਅੰਮ੍ਰਿਤਸਰ ਤੋਂ ਕਤਰ ਅਤੇ ਕਤਰ ਤੋਂ ਯੁਗਾਂਡਾ ਦੀ ਫਲਾਈਟ ਕਰਵਾ ਦਿੱਤੀ। ਯੁਗਾਂਡਾ ਪੁੱਜਣ 'ਤੇ ਉਨ੍ਹਾਂ ਨੂੰ ਉਥੋਂ ਦੇ ਸ਼ਹਿਰ ਚਤਿਬਲੂ ਦੇ ਇਕ ਕਮਰੇ ਵਿਚ ਬਿਠਾਇਆ ਗਿਆ। ਜਿਥੇ ਉਨ੍ਹਾਂ ਦੇ ਕਮਰੇ ਨੂੰ ਟਰੈਵਲ ਏਜੰਟਾਂ ਵਲੋਂ ਬਾਹਰੋਂ ਕੁੰਡੀ ਲਗਾ ਦਿੱਤੀ ਗਈ ਸੀ ਤੇ ਉਹ ਲੋਕ ਕਹਿੰਦੇ ਸਨ ਕਿ ਘਰੋਂ ਪੈਸੇ ਮੰਗਵਾਓ ਤਾਂ ਜੋ ਉਨ੍ਹਾਂ ਨੂੰ ਅੱਗੇ ਭੇਜੀਆ ਜਾਵੇ। ਉਸ ਕੋਲ 15 ਹਜ਼ਾਰ ਅਮਰੀਕੀ ਡਾਲਰ ਸਨ, ਜੋ ਉਨ੍ਹਾਂ ਨੇ ਖੋਹ ਲਏ ਤੇ ਤਿੰਨਾਂ ਨੂੰ ਕਮਰੇ ਵਿਚ ਬੰਦ ਕਰ ਦਿੱਤਾ ਤੇ ਪੈਸੇ ਮੰਗਵਾਉਣ ਲਈ ਧਮਕੀਆਂ ਦਿਤੀਆਂ। ਜਿਸ ਉਪਰੰਤ ਡਰਾ-ਧਮਕਾ ਕੇ ਵੱਖ-ਵੱਖ ਤਰੀਕਾਂ 'ਤੇ ਅਮਰੀਕੀ ਡਾਲਰ ਖਾਤਿਆਂ ਵਿਚ ਜਮਾ ਕਰਵਾਏ ਗਏ। ਜਿਸ ਤੋਂ ਬਾਅਦ 23 ਮਈ 2018 ਨੂੰ ਉਹ, ਉਸ ਦੀ ਭੈਣ ਉਪਿੰਦਰ ਪਾਲ ਕੌਰ ਤੇ ਭਾਣਜੀ ਗੁਰਸੀਰਤ ਕੌਰ ਇਨ੍ਹਾਂ ਦੇ ਚੁੰਗਲ ਵਿਚੋਂ ਛੁੱਟ ਕੇ 2400 ਅਮਰੀਕੀ ਡਾਲਰ ਦੀਆਂ ਟਿਕਟਾਂ ਕਰਵਾ ਕੇ ਫਲਾਈਟ ਲੈ ਕੇ ਵਾਪਸ ਭਾਰਤ ਆ ਗਏ। ਇਸ ਸ਼ਿਕਾਇਤ ਦੀ ਜਾਂਚ ਉਪਰੰਤ ਪੁਲਸ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਮਨਮਹਿੰਦਰ ਸਿੰਘ, ਉਸਦੀ ਭੈਣ ਉਪਿੰਦਰ ਪਾਲ ਕੌਰ ਪਤਨੀ ਰਵੀ ਕਰਨਜੀਤ ਸਿੰਘ ਵਾਸੀ ਹਰਦੇਵ ਨਗਰ ਜਲੰਧਰ ਅਤੇ ਭਾਣਜੀ ਗੁਰਸੀਰਤ ਕੌਰ ਨੂੰ ਵਿਦੇਸ਼ ਅਮਰੀਕਾ ਭੇਜਣ ਦੇ ਨਾਮ 'ਤੇ 35 ਲੱਖ ਰੁਪਏ ਅਤੇ 44 ਹਜ਼ਾਰ 600 ਅਮਰੀਕੀ ਡਾਲਰ ਦੀ ਧੋਖਾਦੇਹੀ ਕਰਕੇ ਠੱਗੀ ਮਾਰੀ ਗਈ ਹੈ। ਦੂਜੇ ਪਾਸੇ ਇਸ ਰਿਪੋਰਟ ਤੋਂ ਬਾਅਦ ਐਸ. ਐਸ. ਪੀ. ਕਪੂਰਥਲਾ ਦੇ ਹੁਕਮਾਂ 'ਤੇ ਬਲਜੀਤ ਸਿੰਘ ਉਰਫ ਲਾਡੀ ਪੁੱਤਰ ਸ਼ਾਮ ਸਿੰਘ, ਉਸਦੀ ਪਤਨੀ ਪਲਵਿੰਦਰ ਕੌਰ ਵਾਸੀ ਰਾਏਪੁਰ ਪੀਰ ਬਖਸ਼ ਵਾਲਾ, ਦਲਵਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਵਾਸੀ ਕਮਰਾਏ, ਅਜੀਤਪਾਲ ਸਿੰਘ ਵਾਸੀ ਮੁੱਲਾਪੁਰ ਦਾਖਾ ਤੇ ਬਲਵੀਰ ਸਿੰਘ ਵਾਸੀ ਮਾਹਿਲਪੁਰ ਜ਼ਿਲਾ ਹੁਸ਼ਿਆਰਪੁਰ ਖਿਲਾਫ ਪੰਜਾਬ ਟਰੈਵਲ ਪ੍ਰਫੈਸ਼ਨਲ ਐਕਟ ਤੇ ਧੋਖਾਦੇਹੀ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ।