ਮਾਮਲਾ ACP ਵੱਲੋਂ ਗੰਨਮੈਨ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ, ਸਾਥੀਆਂ ਸਣੇ ਫਰਾਰ ਮੁਲਜ਼ਮਾਂ ਦੀ ਨਹੀਂ ਹੋਈ ਗ੍ਰਿਫ਼ਤਾਰੀ

06/06/2022 11:51:08 AM

ਜਲੰਧਰ (ਵਰੁਣ): ਆਪਣੇ ਹੀ ਗੰਨਮੈਨ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਏ. ਸੀ. ਪੀ. ਸੁਖਜਿੰਦਰ ਸਿੰਘ ਦੀ 5 ਦਿਨਾਂ ਦੇ ਬਾਅਦ ਵੀ ਗ੍ਰਿਫ਼ਤਾਰੀ ਨਹੀਂ ਹੋ ਪਾਈ ਹੈ। ਏ. ਸੀ. ਪੀ. ਆਪਣੇ ਸਾਥੀਆਂ ਸਮੇਤ ਫਰਾਰ ਹੈ। ਉਸ ਦੇ ਦੋ ਸਾਥੀਆਂ ਦਾ ਵੀ ਪੁਲਸ ਨੂੰ ਕੋਈ ਸੁਰਾਗ ਨਹੀਂ ਮਿਲਿਆ। ਹੈਰਾਨੀ ਦੀ ਗੱਲ ਹੈ ਕਿ ਏ. ਸੀ. ਪੀ. ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਵੀ ਚੁੱਪ ਹੈ। ਹਾਲਾਂਕਿ ਪੁਲਸ ਨੇ ਕਿਹਾ ਸੀ ਕਿ ਏ. ਸੀ. ਪੀ. ਦੀ ਤਲਾਸ਼ ’ਚ ਰੇਡ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਪੁਲਸ ਏ. ਸੀ. ਪੀ. ਨੂੰ ਗ੍ਰਿਫ਼ਤਾਰ ਕਰਨ ਦੇ ਪਿੱਛੇ ਢਿੱਲਾ ਰਵੱਈਆ ਅਪਣਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ’ਤੇ ਪਾਬੰਦੀ ਲਾਉਣ ਦਾ ਐਲਾਨ

ਥਾਣਾ 7 ਦੇ ਇੰਚਾਰਜ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਏ. ਸੀ. ਪੀ. ਆਪਣੇ ਘਰੋਂ ਫਰਾਰ ਹੈ ਜਿਸ ਦੀ ਤਲਾਸ਼ ’ਚ ਰੇਡ ਕੀਤੀ ਜਾ ਰਹੀ ਹੈ। ਏ. ਸੀ. ਪੀ. ਨੇ ਆਪਣੇ ਵਕੀਲ ਦੀ ਮਦਦ ਨਾਲ ਮਾਣਯੋਗ ਅਦਾਲਤ ’ਚ ਜ਼ਮਾਨਤ ਲਈ ਅਰਜ਼ੀ ਵੀ ਦਿੱਤੀ ਹੋਈ ਹੈ, ਜਿਸ ’ਤੇ 6 ਜੂਨ ਨੂੰ ਸੁਣਵਾਈ ਹੋਣੀ ਹੈ। ਦੱਸ ਦਈਏ ਕਿ ਬੀਤੇ ਸ਼ੁੱਕਰਵਾਰ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਦੇ ਗੰਨਮੈਨ ਸਰਵਣ ਸਿੰਘ ਨੇ ਖੁਦ ਦੇ ਸਿਰ ’ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਗੰਨਮੈਨ ਦੀ ਪਤਨੀ ਦਾ ਦੋਸ਼ ਲਾਇਆ ਕਿ ਸਰਵਣ ਸਿੰਘ ਨੇ ਆਪਣੇ ਅਫ਼ਸਰ ਏ. ਸੀ. ਪੀ. ਸੁਖਜਿੰਦਰ ਸਿੰਘ ਤੋਂ ਪੀੜ੍ਹਤ ਹੋ ਕੇ ਇਹ ਕਦਮ ਚੁੱਕਿਆ ਹੈ ਕਿਉਂਕਿ ਉਹ ਕਾਫ਼ੀ ਸਮੇਂ ਤੋਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ ਜਦਕਿ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀ ਸਰਵਣ ਸਿੰਘ ਨੂੰ ਏ. ਸੀ. ਪੀ. ਨੇ ਆਪਣੇ ਦੋ ਦੋਸਤਾਂ ਸਾਹਮਣੇ ਬੇਇੱਜ਼ਤੀ ਕੀਤੀ ਸੀ।

ਇਹ ਵੀ ਪੜ੍ਹੋ- ‘ਆਪ’ ਨਾਲ ਪਿਆਰ ਦੀਆਂ ਪੀਂਘਾਂ ਝੂਟਣ ਵਾਲੇ ਕਾਂਗਰਸੀ ਕੌਂਸਲਰ ਹੁਣ ਨਿਰਾਸ਼, ਭਾਜਪਾ ਵੱਲ ਟਿਕਟਿਕੀ ਲਾ ਕੇ ਲੱਗੇ ਵੇਖਣ

ਥਾਣਾ 7 ’ਚ ਏ. ਸੀ. ਪੀ. ਸੁਖਜਿੰਦਰ ਸਿੰਘ, ਉਸ ਦੇ ਦੋਸਤ ਰਾਜੀਵ ਅਗਰਵਾਲ ਅਤੇ ਗੁਰਇਕਬਾਲ ਸਿੰਘ ਦੇ ਖ਼ਿਲਾਫ਼ ਧਾਰਾ 306, 34 ਆਈ. ਪੀ. ਸੀ. ਅਧੀਨ ਕੇਸ ਦਰਜ ਕੀਤਾ ਸੀ। ਕੇਸ ਦਰਜ ਹੋਣ ਤੋਂ ਬਾਅਦ ਤਿੰਨੋਂ ਲੋਕ ਫਰਾਰ ਹੋ ਗਏ ਸਨ। ਇਸ ਦੇ ਬਾਅਦ ਇਕ ਸੀ. ਸੀ. ਟੀ. ਵੀ. ਵੀਡੀਓ ਵੀ ਵਾਇਰਲ ਹੋਈ ਸੀ ਜਿਸ ’ਚ ਏ. ਸੀ. ਪੀ. ਦੋ ਪ੍ਰਾਈਵੇਟ ਲੋਕਾਂ ਦੇ ਸਾਹਮਣੇ ਗੰਨਮੈਨ ਸਰਵਣ ਸਿੰਘ ਨੂੰ ਧੱਕੇ ਮਾਰ ਰਹੇ ਸਨ। ਸਰਵਣ ਸਿੰਘ ਨੇ ਖੁਦਕੁਸ਼ੀ ਤੋਂ ਪਹਿਲਾਂ ਵੀ ਆਪਣੀ ਕੈਨੇਡਾ ਰਹਿੰਦੀ ਬੇਟੀ ਨੂੰ ਇਕ ਵੀਡੀਓ ਵਾਟ੍ਹਸਐਪ ਕੀਤੀ ਸੀ ਜਿਸ ’ਚ ਉਸ ਨੂੰ ਬੇਇੱਜ਼ਤ ਕੀਤਾ ਜਾ ਰਿਹਾ ਸੀ।

ਕੌਂਸਲਰ ਪਤੀ-ਪਤਨੀ ਤੋਂ ਮਿਲ ਸਕਦਾ ਹੈ ਏ. ਸੀ. ਪੀ. ਦਾ ਟਿਕਾਣਾ

ਪੁਲਸ ਜੇਕਰ ਏ. ਸੀ. ਪੀ. ਸੁਖਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਉਸ ਦੇ ਬਾਰੇ ਸ਼ਹਿਰ ਦੇ ਇਕ ਕੌਂਸਲਰ ਦੰਪਤੀ ਨੂੰ ਏ. ਸੀ. ਪੀ. ਦੇ ਟਿਕਾਣੇ ਦਾ ਪਤਾ ਹੋ ਸਕਦਾ ਹੈ। ਏ. ਸੀ. ਪੀ. ਅਤੇ ਕੌਂਸਲਰ ਪਤੀ-ਪਤਨੀ ਦੀ ਇਕ-ਦੂਜੇ ਨਾਲ ਕਾਫ਼ੀ ਨਜ਼ਦੀਕੀਆਂ ਹਨ। ਕਾਫ਼ੀ ਲੰਮੇ ਸਮੇਂ ਤੋਂ ਦੋਹਾਂ ’ਚ ਨਜ਼ਦੀਕੀ ਚਲਦੀ ਆ ਰਹੀ ਹੈ। ਜ਼ਿਆਦਾਤਰ ਏ. ਸੀ. ਪੀ. ਉਸ ਦੇ ਦਫ਼ਤਰ ’ਚ ਹੀ ਵੇਖਿਆ ਜਾਂਦਾ ਸੀ। ਹਾਲਾਂਕਿ ਏ. ਸੀ. ਪੀ. ਦੇ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਕੌਂਸਲਰ ਦੰਪਤੀ ਵੀ ਸਾਈਡ ’ਚ ਹੋ ਗਏ ਹਨ ਪਰ ਏ. ਸੀ. ਪੀ. ਦੇ ਟਿਕਾਣੇ ਬਾਰੇ ਉਹ ਭਲੀ-ਭਾਂਤੀ ਨਾਲ ਜਾਣਕਾਰੀ ਰੱਖਦੇ ਹੋਣਗੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Harnek Seechewal

This news is Content Editor Harnek Seechewal