ਲੋਨ ਲੈ ਕੇ ਘਰ ਨੂੰ ਵੇਚਣ ਦੀ ਕੋਸ਼ਿਸ਼, ਔਰਤ ’ਤੇ ਮਾਮਲਾ ਦਰਜ

05/05/2021 2:19:52 PM

ਜਲੰਧਰ (ਜ. ਬ.)–ਬੈਂਕ ਕੋਲੋਂ ਹੋਮ ਲੋਨ ਲੈਣ ਤੋਂ ਬਾਅਦ ਉਸੇ ਘਰ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਔਰਤ ਖ਼ਿਲਾਫ਼ ਥਾਣਾ ਨੰਬਰ 8 ਵਿਚ ਧੋਖਾਦੇਹੀ ਦਾ ਕੇਸ ਦਰਜ ਕੀਤਾ ਗਿਆ ਹੈ। ਉਕਤ ਔਰਤ ਨੇ ਘਰ ਖਰੀਦਣ ਵਾਲੀ ਦੂਜੀ ਔਰਤ ਕੋਲੋਂ ਬਿਆਨੇ ਵਜੋਂ 4.85 ਲੱਖ ਰੁਪਏ ਵੀ ਲੈ ਲਏ ਸਨ। ਥਾਣਾ ਨੰਬਰ 8 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਰੇਖਾ ਸ਼ਰਮਾ ਨਿਵਾਸੀ ਜੇਲ ਰੋਡ ਨੇ ਦੱਸਿਆ ਕਿ ਉਸ ਨੇ ਪ੍ਰੀਤ ਨਗਰ ਸੋਢਲ ਰੋਡ ’ਤੇ ਮਕਾਨ ਨੰਬਰ 339/340 ਦੇਖਿਆ ਸੀ। ਇਹ ਮਕਾਨ ਮਨੀਸ਼ਾ ਨਿਵਾਸੀ ਨਿਊ ਲਕਸ਼ਮੀਪੁਰਾ ਦਾ ਸੀ, ਜਿਸ ਨਾਲ ਘਰ ਦਾ ਸੌਦਾ 26.85 ਲੱਖ ਰੁਪਏ ਵਿਚ ਹੋਇਆ ਸੀ। ਦੋਸ਼ ਹੈ ਕਿ ਮਨੀਸ਼ਾ ਨੇ ਉਸ ਕੋਲੋਂ 4.85 ਲੱਖ ਰੁਪਏ ਬਿਆਨੇ ਦੇ ਲੈ ਲਏ ਅਤੇ ਰਜਿਸਟਰੀ ਦੀ ਤਰੀਕ ਵੀ ਤੈਅ ਹੋ ਗਈ।

ਰੇਖਾ ਸ਼ਰਮਾ ਨੇ ਕਿਹਾ ਕਿ ਰਜਿਸਟਰੀ ਕਰਵਾਉਣ ਦੀਆਂ 3 ਤਰੀਕਾਂ ਟਲ ਗਈਆਂ ਅਤੇ ਇਸੇ ਵਿਚਕਾਰ ਪਤਾ ਲੱਗਾ ਕਿ ਮਨੀਸ਼ਾ ਉਹੀ ਘਰ ਕਿਸੇ ਹੋਰ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਉਸ ਘਰ ’ਤੇ 16 ਲੱਖ ਰੁਪਏ ਦਾ ਲੋਨ ਵੀ ਹੈ। ਰੇਖਾ ਦਾ ਦੋਸ਼ ਹੈ ਕਿ ਚੌਥੀ ਤਰੀਕ ’ਤੇ ਮਨੀਸ਼ਾ ਆਈ ਤਾਂ ਤੈਅ ਕੀਮਤ ਤੋਂ ਵੱਧ ਪੈਸੇ ਮੰਗਣ ਲੱਗੀ। ਉਸ ਘਰ ਦੀ ਰਜਿਸਟਰੀ ਵੀ ਮਨੀਸ਼ਾ ਨੇ ਗਹਿਣੇ ਰੱਖੀ ਹੋਈ ਸੀ। ਮਾਮਲਾ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਥਾਣਾ ਨੰਬਰ 8 ’ਚ ਮਨੀਸ਼ਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Manoj

This news is Content Editor Manoj