ਜਬਰ-ਜ਼ਨਾਹ ਅਤੇ ਗਾਲੀ-ਗਲੋਚ ਕਰਨ ’ਤੇ 6 ਖਿਲਾਫ਼ ਕੇਸ ਦਰਜ

08/07/2019 2:54:09 AM

ਹਾਜੀਪੁਰ, (ਜੋਸ਼ੀ)- ਹਾਜੀਪੁਰ ਪੁਲਸ ਨੇ ਇਕ ਲਡ਼ਕੀ ਦੇ ਬਿਆਨ ਦੇ ਆਧਾਰ ’ਤੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਣ, ਅਸ਼ਲੀਲ ਫੋਟੋਆਂ ਖਿੱਚਣ ਅਤੇ ਗਾਲੀ-ਗਲੋਚ ਕਰਨ ’ਤੇ 6 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਥਾਣਾ ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਪੁਲਸ ਸਟੇਸ਼ਨ ਹਾਜੀਪੁਰ ਦੇ ਇਕ ਪਿੰਡ ਦੀ ਲਡ਼ਕੀ, ਜੋ ਕਿ 12ਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੇਰੀ ਫੇਸਬੁੱਕ ਰਾਹੀਂ ਵਿਕਾਸ ਰਾਣਾ ਪੁੱਤਰ ਰਾਜ ਕੁਮਾਰ ਵਾਸੀ ਬਡਿਆਲਾ, ਥਾਣਾ ਹਾਜੀਪੁਰ ਨਾਲ ਦੋਸਤੀ ਹੋ ਗਈ ਸੀ। ਉਹ ਮੈਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਹਿਮਾਚਲ ਪ੍ਰਦੇਸ਼ ’ਚ ਪੈਂਦੇ ਕਿਸੇ ਹੋਟਲ ’ਚ ਲੈ ਗਿਆ, ਜਿੱਥੇ ਉਸ ਨੇ ਮੈਨੂੰ ਕੋਲਡ ਡਰਿੰਕ ’ਚ ਕੋਈ ਨਸ਼ੇ ਵਾਲੀ ਦਵਾਈ ਘੋਲ ਕੇ ਪਿਆ ਦਿੱਤੀ, ਜਿਸ ਕਾਰਨ ਮੈਂ ਬੇਹੋਸ਼ ਹੋ ਗਈ। ਬੇਹੋਸ਼ੀ ਦੀ ਹਾਲਤ ’ਚ ਉਸ ਨੇ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਮੇਰੀਆਂ ਨਗਨ ਹਾਲਤ ’ਚ ਫੋਟੋ ਖਿੱਚ ਲਈਆਂ।

ਪੀਡ਼ਤਾ ਨੇ ਦੱਸਿਆ ਕਿ ਮੇਰੇ ਬਾਪ ਦੀ ਮੌਤ ਹੋ ਚੁੱਕੀ ਹੈ। ਜਦੋਂ ਮੈਂ ਆਪਣੀ ਹੱਡਬੀਤੀ ਮਾਂ ਨੂੰ ਸੁਣਾਈ ਤਾਂ ਉਹ ਉਕਤ ਨੌਜਵਾਨ ਦੇ ਘਰ ਗਈ, ਜਿਸ ਨਾਲ ਵਿਕਾਸ ਰਾਣਾ ਤੋਂ ਇਲਾਵਾ ਰਾਜ ਕੁਮਾਰ ਅਤੇ ਰਾਜਵਿੰਦਰ ਸਿੰਘ (ਦੋਵੇਂ ਪੁੱਤਰ ਗੁਰਦਿਆਲ ਸਿੰਘ), ਸ਼ਾਮ ਸਿੰਘ ਪੁੱਤਰ ਤੁਲਸੀ ਰਾਮ, ਸੁਰਿੰਦਰ ਕੁਮਾਰ ਪੁੱਤਰ ਮੂਲ ਚੰਦ , ਜਤਿੰਦਰ ਸਿੰਘ ਪੁੱਤਰ ਰਸ਼ਪਾਲ (ਸਾਰੇ ਵਾਸੀ ਬਡਿਆਲਾਂ, ਥਾਣਾ ਹਾਜੀਪੁਰ) ਨੇ ਭਾਰੀ ਗਾਲੀ-ਗਲੋਚ ਅਤੇ ਬਦਸਲੂਕੀ ਕੀਤੀ। ਥਾਣਾ ਹਾਜੀਪੁਰ ਪੁਲਸ ਨੇ ਉਕਤ ਵਿਅਕਤੀਆਂ ਖਿਲਾਫ ਧਾਰਾ 376, 504, 148 ਅਤੇ 149 ਤਹਿਤ ਮਾਮਲਾ ਦਰਜ ਕਰ ਕੇ ਲੋਡ਼ੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News