ਕਰੇਟਾ ’ਤੇ ਫ਼ਰਜ਼ੀ ਨੰਬਰ ਪਲੇਟ ਲਾ ਕੇ ਘੁੰਮ ਰਹੇ 3 ਵਿਅਕਤੀ ਗ੍ਰਿਫ਼ਤਾਰ, ਮਾਮਲਾ ਦਰਜ

06/12/2022 3:29:12 PM

ਕਪੂਰਥਲਾ (ਭੂਸ਼ਣ)-ਥਾਣਾ ਢਿੱਲਵਾਂ ਦੀ ਪੁਲਸ ਨੇ ਰਾਸ਼ਟਰੀ ਰਾਜਮਾਰਗ ’ਤੇ ਲਗਾਈ ਨਾਕਾਬੰਦੀ ਦੌਰਾਨ ਇਕ ਫ਼ਰਜ਼ੀ ਨੰਬਰ ਪਲੇਟ ਲੱਗੀ ਕਰੇਟਾ ਕਾਰ ਨੂੰ ਬਰਾਮਦ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਫ਼ਰਜ਼ੀ ਆਰ. ਸੀ. ਵੀ ਬਰਾਮਦ ਕੀਤੀ ਗਈ ਹੈ। ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਢਿੱਲਵਾਂ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਰਾਜਬਚਨ ਸਿੰਘ ਸੰਧੂ ਦੇ ਹੁਕਮਾਂ ’ਤੇ ਜ਼ਿਲ੍ਹਾ ਭਰ ’ਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਤਹਿਤ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਤੇ ਡੀ. ਐੱਸ. ਪੀ. ਭੁਲੱਥ ਕਮਲਜੀਤ ਸਿੰਘ ਦੀ ਨਿਗਰਾਨੀ ’ਚ ਥਾਣਾ ਢਿੱਲਵਾਂ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਦੇਵ ਸਿੰਘ ਨੇ ਪੁਲਸ ਟੀਮ ਨਾਲ ਰਾਸ਼ਟਰੀ ਰਾਜਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਦੋਂ ਇਕ ਕਰੇਟਾ ਕਾਰ ਨੰਬਰ ਐੱਚ. ਆਰ-26-ਡੀ. ਐੱਮ-9200 ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਨੂੰ ਤੇਜ਼ੀ ਨਾਲ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਸ ਟੀਮ ਨੇ ਘੇਰਾਬੰਦੀ ਕਰ ਕੇ ਕਾਰ ਨੂੰ ਰੋਕ ਲਿਆ।

ਜਦੋਂ ਕਾਰ ’ਚ ਬੈਠੇ 3 ਵਿਅਕਤੀਆਂ ਕੋਲੋਂ ਉਨ੍ਹਾਂ ਦੇ ਨਾਂ ਤੇ ਪਤੇ ਪੁੱਛੇ ਗਏ ਤਾਂ ਉਨ੍ਹਾਂ ਨੇ ਆਪਣੇ ਨਾਂ ਕਰਨਦੀਪ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਸੂਰਯਾ ਐਨਕਲੇਵ ਬਟਾਲਾ ਰੋਡ ਅੰਮ੍ਰਿਤਸਰ, ਸੁਸ਼ੀਲ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਨਵੀਂ ਆਬਾਦੀ ਵੇਰਕਾ ਅੰਮ੍ਰਿਤਸਰ ਤੇ ਗੁਰਭੇਜ ਸ਼ੇਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਚੌਕ ਕਾਹਨੂੰਵਾਨ ਜ਼ਿਲਾ ਗੁਰਦਾਸਪੁਰ ਦੱਸਿਆ। ਜਦੋਂ ਮੁਲਜ਼ਮਾਂ ਕੋਲੋਂ ਬਰਾਮਦ ਆਰ. ਸੀ. ਦੀ ਵਾਹਨ ਐਪ ਰਾਹੀਂ ਜਾਂਚ ਕੀਤੀ ਗਈ ਇਹ ਆਰ. ਸੀ. ਫਰਜ਼ੀ ਨਿਕਲੀ, ਜਿਸ ’ਚ ਗੱਡੀ ਦਾ ਇੰਜਣ ਨੰਬਰ ਤੇ ਚੈਸੀ ਨੰਬਰ ਗਲਤ ਲਿਖਿਆ ਗਿਆ ਸੀ।

ਸ਼ੱਕੀ ਗੱਡੀਆਂ ਸਸਤੇ ਰੇਟ ’ਤੇ ਲੈ ਕੇ ਜਾਅਲੀ ਦਸਤਾਵੇਜ਼ਾਂ ਰਾਹੀਂ ਮੋਟੇ ਮੁਨਾਫੇ ’ਤੇ ਸਨ ਵੇਚਦੇ
ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹ ਕਾਰਾਂ ਦੀ ਸੇਲ ਪਰਚੇਜ਼ ਦਾ ਕੰਮ ਕਰਦੇ ਹਨ ਤੇ ਉਹ ਕਈ ਵਾਰ ਸ਼ੱਕੀ ਗੱਡੀਆਂ ਨੂੰ ਸਸਤੇ ਭਾਅ ’ਤੇ ਖਰੀਦ ਕੇ ਉਨ੍ਹਾਂ ਦੀ ਜਾਅਲੀ ਆਰ. ਸੀ. ਤਿਆਰ ਕਰ ਲੈਂਦੇ ਹਨ ਤੇ ਮੋਟਾ ਮੁਨਾਖਾ ਕਮਾਉਂਦੇ ਹਨ। ਮੁਲਜ਼ਮਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਬਰਾਮਦ ਕਰੇਟਾ ਕਾਰ ਕਿਸੇ ਖਾਸ ਵਿਅਕਤੀ ਕੋਲੋਂ ਖਰੀਦੀ ਸੀ ਤੇ ਉਹ ਇਸ ਕਾਰ ਨੂੰ ਵੇਚਣ ਲਈ ਗਾਹਕ ਦੀ ਤਲਾਸ਼ ’ਚ ਸਨ।

 ਇਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਦਰਜ ਹੈ ਮਾਮਲਾ
ਗ੍ਰਿਫ਼ਤਾਰ ਮੁਲਜ਼ਮਾਂ ’ਚੋਂ ਇਕ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਇਕ ਮਾਮਲਾ ਦਰਜ ਹੈ। ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਹਰਕਤ ’ਚ ਆਈ ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਅੰਮ੍ਰਿਤਸਰ ਤੇ ਆਸ-ਪਾਸ ਦੇ ਕਈ ਖੇਤਰਾਂ ’ਚ ਛਾਪੇਮਾਰੀ ਕੀਤੀ ਤਾਂ ਜੋ ਇਨ੍ਹਾਂ ਮੁਲਜ਼ਮਾਂ ਨਾਲ ਜੁਡ਼ੇ ਹੋਰ ਵੀ ਵਿਅਕਤੀਆਂ ਨੂੰ ਕਾਬੂ ਕਰ ਕੇ ਇਸ ਪੂਰੇ ਨੈੱਟਵਰਕ ਦਾ ਖੁਲਾਸਾ ਕੀਤਾ ਜਾ ਸਕੇ। ਸ਼ਨੀਵਾਰ ਦੀ ਦੇਰ ਸ਼ਾਮ ਤੱਕ ਐੱਸ. ਐੱਚ. ਓ. ਢਿੱਲਵਾਂ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ’ਚ ਛਾਪੇਮਾਰੀ ਦਾ ਦੌਰ ਜਾਰੀ ਸੀ। ਜੇਕਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ 2-3 ਦਿਨ ’ਚ ਇਸ ਪੂਰੇ ਮਾਮਲੇ ’ਚ ਪੁਲਸ ਦੇ ਹੱਥ ਵੱਡੀ ਕਾਮਯਾਬੀ ਲੱਗ ਸਕਦੀ ਹੈ, ਜਿਸਨੂੰ ਲੈ ਕੇ ਪੁਲਸ ਟੀਮਾਂ ਵੱਲੋਂ ਜਾਂਚ ਦਾ ਦੌਰ ਜਾਰੀ ਹੈ, ਉੱਥੇ ਹੀ ਮੁਲਜ਼ਮਾਂ ਪਾਸੋਂ ਪੁੱਛਗਿੱਛ ਜਾਰੀ ਹੈ।

 ਵਾਹਨ ਐਪ ਪੰਜਾਬ ਪੁਲਸ ਲਈ ਬਣੇ ਵਰਦਾਨ
ਜਿਸ ਵਾਹਨ ਐਪ ਦੀ ਮਦਦ ਨਾਲ ਢਿੱਲਵਾਂ ਪੁਲਸ ਨੇ ਅੰਮ੍ਰਿਤਸਰ-ਜਲੰਧਰ ਰਾਸ਼ਟਰੀ ਰਾਜਮਾਰਗ ’ਤੇ ਇਕ ਫਰਜ਼ੀ ਆਰ. ਸੀ. ਨਾਲ ਚੱਲ ਰਹੀ ਕਰੇਟਾ ਕਾਰ ਨੂੰ ਬਰਾਮਦ ਕਰ ਕੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਉਹ ਐਪ ਅਜਿਹੇ ਅਪਰਾਧੀਆਂ ਨੂੰ ਫਡ਼ਨ ਲਈ ਪੰਜਾਬ ਪੁਲਸ ਲਈ ਵਰਦਾਨ ਬਣ ਗਈ ਹੈ। ਇਸ ਆਧੁਨਿਕ ਵਾਹਨ ਐਪ ਦੀ ਮਦਦ ਨਾਲ ਪੰਜਾਬ ਪੁਲਸ ਪੂਰੇ ਸੂਬੇ ’ਚ ਸੈਂਕਡ਼ੇ ਦੀ ਗਿਣਤੀ ’ਚ ਚੋਰੀ ਦੀਆਂ ਕਾਰਾਂ ਨੂੰ ਬਰਾਮਦ ਕਰ ਕੇ ਵੱਡੇ ਗੈਂਗ ਕਾਬੂ ਕਰ ਚੁੱਕੀ ਹੈ, ਉੱਥੇ ਹੀ ਕਪੂਰਥਲਾ ਪੁਲਸ ਵੱਲੋਂ ਵੀ ਇਸ ਵਾਹਨ ਐਪ ਦੀ ਮਦਦ ਨਾਲ ਪਿਛਲੇ 5 ਸਾਲਾਂ ਦੌਰਾਨ ਵੱਡੀ ਗਿਣਤੀ ’ਚ ਚੋਰੀ ਦੀਆਂ ਗੱਡੀਆਂ ਫਡ਼ੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ’ਚੋਂ ਕਾਫੀ ਬਰਾਮਦਗੀ ਬਿਆਸ ਨਦੀ ਦੇ ਨੇਡ਼ੇ ਬਣਾਏ ਗਏ ਨਾਕਿਆਂ ’ਤੇ ਹੋਈ ਹੈ।

ਇਸ ਵਾਹਨ ਐਪ ਦੇ ਕਾਰਨ ਹੁਣ ਅਪਰਾਧੀਆਂ ਲਈ ਰਾਸ਼ਟਰੀ ਰਾਜ ਮਾਰਗਾਂ ਨੂੰ ਪਾਰ ਕਰਨਾ ਬੇਹਦ ਔਖਾ ਹੋ ਗਿਆ ਹੈ। ਜੇਕਰ ਇਹ ਵਾਹਨ ਐਪ ਸਾਰੇ ਪ੍ਰਮੁੱਖ ਨਾਕਿਆਂ ’ਤੇ ਤਾਇਨਾਤ ਪੁਲਸ ਟੀਮਾਂ ਨੂੰ ਉਪਲੱਬਧ ਕਰਵਾ ਦਿੱਤੇ ਜਾਣ ਤਾਂ ਸੂਬੇ ’ਚ ਵਾਹਨ ਚੋਰੀ ਦੀਆਂ ਘਟਨਾਵਾਂ ’ਤੇ ਕਾਫੀ ਹੱਦ ਤੱਕ ਰੋਕ ਲੱਗ ਸਕਦੀ ਹੈ ਤੇ ਵੱਡੇ ਅਪਰਾਧੀ ਗੈਂਗ ਸਲਾਖਾਂ ਦੇ ਪਿੱਛੇ ਪਹੁੰਚ ਸਕਦੇ ਹਨ।

Manoj

This news is Content Editor Manoj