ਕਾਰ ਤੇ ਟਰੈਕਟਰ-ਟਰਾਲੀ ਦੀ ਟੱਕਰ, 1 ਦੀ ਮੌਤ

12/13/2018 2:36:27 AM

 ਰੂਪਨਗਰ,   (ਜ. ਬ.)-  ਰੂਪਨਗਰ ਬਾਈਪਾਸ ’ਤੇ ਸੰਤ ਕਰਮ ਸਿੰਘ ਅਕੈਡਮੀ ਦੇ ਨੇਡ਼ੇ ਸ਼ਾਮ ਕਰੀਬ 7 ਵਜੇ ਟਰੈਕਟਰ-ਟਰਾਲੀ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ। ਜਿਸ ’ਚ ਕਾਰ ਚਾਲਕ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲੀ ਪਲਟ ਗਈ।
 ਜਾਣਕਾਰੀ ਅਨੁਸਾਰ ਸੰਤ ਕਰਮ ਸਿੰਘ ਅਕੈਡਮੀ ਦੇ ਚੁਰਸਤੇ ’ਤੇ ਟਰੈਕਟਰ-ਟਰਾਲੀ ਮੋਡ਼ ਕੱਟ ਰਹੀ ਸੀ ਕਿ ਪਿੱਛੋਂ ਆ ਰਹੀ  ਕਾਰ ਟਰਾਲੀ ਨਾਲ ਟਕਰਾਅ ਗਈ। ਹਾਦਸੇ ਦੇ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਕਾਰ ਚਾਲਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਜਸਵੀਰ ਸਿੰਘ ਨਿਵਾਸੀ ਭੂਤਗਡ਼੍ਹ ਥਾਣਾ ਪਾਤਡ਼ਾਂ ਜ਼ਿਲਾ ਪਟਿਆਲਾ ਦੇ ਰੂਪ ’ਚ ਹੋਈ। ਦੁਰਘਟਨਾ ਦਾ ਪਤਾ ਚੱਲਦੇ ਹੀ ਸਿਟੀ ਪੁਲਸ ਦੇ ਏ.ਐੱਸ.ਆਈ. ਸੋਹਨ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਕਾਰ ’ਚੋਂ ਬਡ਼ੀ ਮੁਸ਼ੱਕਤ ਦੇ ਬਾਅਦ ਲਾਸ਼ ਨੂੰ ਬਾਹਰ ਕੱਢਿਆ ਜਾ ਸਕਿਆ। ਪੁਲਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ।  ਮ੍ਰਿਤਕ ਕੁਲਦੀਪ ਸਿੰਘ ਦੇ ਮਾਮਾ ਜਗਪਾਲ ਸਿੰਘ ਨਿਵਾਸੀ ਸ਼ਾਮਪੁਰਾ ਰੂਪਨਗਰ ਨੇ ਦੱਸਿਆ ਕਿ ਕੁਲਦੀਪ ਸਿੰਘ ਉਸ ਦਾ ਭਾਣਜਾ ਸੀ ਅਤੇ ਉਹ ਉਸ ਦੀ ਲਡ਼ਕੀ ਦੇ ਵਿਆਹ ’ਚ ਆਇਆ ਹੋਇਆ ਸੀ। ਉਹ ਪੈਲੇਸ ਤੋਂ ਰਿਸ਼ਤੇਦਾਰਾਂ ਨੂੰ ਸ਼ਾਮਪੁਰਾ ’ਚ ਘਰ  ਛੱਡ ਕੇ ਹੋਰ ਰਿਸ਼ਤੇਦਾਰਾਂ ਨੂੰ ਲੈਣ ਲਈ ਉਕਤ ਪੈਲੇਸ ਦੇ ਵੱਲ ਜਾ ਰਿਹਾ ਸੀ। ਮ੍ਰਿਤਕ ਕੁਲਦੀਪ ਸ਼ਾਦੀਸ਼ੁਦਾ ਸੀ।