ਦਸੂਹਾ ਦੇ ਬਲੱਗਣ ਰੋਡ ’ਤੇ ਚੱਲਦੀ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਪਰਿਵਾਰ

05/02/2023 6:24:13 PM

ਦਸੂਹਾ (ਝਾਵਰ) : ਅੱਜ ਦੁਪਹਿਰ ਬਾਅਦ ਦਸੂਹਾ ਦੇ ਬਲੱਗਣ ਰੋਡ ’ਤੇ ਚਲਦੀ ਇੰਡੀਕਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਦੇ ਇੰਜਣ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤਾਂ ਕਾਰ ਸਵਾਰ ਜਤਿੰਦਰ ਸਿੰਘ ਪੁੱਤਰ ਹਿੰਮਤ ਸਿੰਘ ਦੇ ਨਾਲ ਉਸ ਦੀ ਮਾਤਾ ਨਵਨੀਤ ਕੌਰ ਅਤੇ ਨਾਨੀ ਮਨਜੀਤ ਕੌਰ ਵੀ ਬੈਠੇ ਹੋਏ ਸਨ। ਜਿਸ ਨੇ ਫੁਰਤੀ ਦਿਖਾਉਂਦਿਆਂ ਆਪਣੀ ਮਾਂ ਅਤੇ ਨਾਨੀ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਅਤੇ ਕੁੱਝ ਹੀ ਮਿੰਟਾਂ ਵਿਚ ਅੱਗ ਨੇ ਕਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫਿਰ ਜ਼ੋਰਦਾਰ ਧਮਾਕਾ ਵੀ ਹੋਇਆ। ਮੌਕੇ ’ਤੇ ਰਾਹਗੀਰ ਅਤੇ ਪਿੰਡ ਵਾਸੀ ਵੀ ਇਕੱਠੇ ਹੋ ਗਏ ਤਾਂ ਉਨ੍ਹਾਂ ਨੇ ਬਾਲਟੀਆ ਨਾਲ ਅੱਗ ’ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। 

ਮੌਕੇ ਤੇ ਨਗਰ ਕੌਂਸਲ ਦਸੂਹਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਕਾਰ ਚਾਲਕ ਵਿਅਕਤੀ ਜਤਿੰਦਰ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਬੱਲਗਣ ਪਿੰਡ ਵਿਖੇ ਆਪਣੀ ਨਾਨੀ ਨੂੰ ਆਪਣੀ ਮਾਤਾ ਨਾਲ ਛੱਡਣ ਆਏ ਸਨ ਅਤੇ ਪਿੰਡ ਦੇ ਨਜ਼ਦੀਕ ਲਿੰਕ ਰੋਡ ’ਤੇ ਅਚਾਨਕ ਕਾਰ ਦੀਆਂ ਤਾਰਾਂ ਦੀ ਸਪਾਰਕਿੰਗ ਕਾਰਨ ਅੱਗ ਲੱਗ ਗਈ ਪਰ ਉਹ ਤਿੰਨੇ ਵਾਲ ਵਾਲ ਬਚ ਗਏ। ਮੌਕੇ ’ਤੇ ਦਸੂਹਾ ਥਾਣੇ ਦੇ ਏ.ਐੱਸ.ਆਈ. ਜਸਵੀਰ ਸਿੰਘ ਅਤੇ ਏ.ਐੱਸ.ਆਈ.ਰਾਜਿੰਦਰ ਸਿੰਘ ਨੇ ਬੰਦ ਪਈ ਟ੍ਰੇਫਿਕ ਨੂੰ ਬਹਾਲ ਕਰਵਾਇਆ ਅਤੇ ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਵੀ ਕੀਤੀ। 

Gurminder Singh

This news is Content Editor Gurminder Singh