ਮਜ਼ਦੂਰਾਂ ਨੂੰ ਬੰਦੀ ਬਣਾ ਕੇ ਫੈਕਟਰੀ ’ਚੋਂ ਲੱਖਾਂ ਦਾ ਸਰੀਆ ਲੈ ਕੇ ਲੁਟੇਰੇ ਫ਼ਰਾਰ

06/21/2022 3:21:07 PM

ਅਲਾਵਲਪੁਰ (ਬੰਗੜ) : ਅਲਾਵਲਪੁਰ-ਕਿਸ਼ਨਗੜ੍ਹ ਰੋਡ ’ਤੇ ਸਥਿਤ ਫਾਟਕਾਂ ਦੇ ਨਜ਼ਦੀਕ ਉਸਾਰੀ ਅਧੀਨ ਫੈਕਟਰੀ ’ਚੋਂ ਟਰੱਕ ਸਵਾਰ ਲੁਟੇਰਿਆਂ ਵੱਲੋਂ ਲੱਖਾਂ ਦਾ ਸਰੀਆ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਅਲਾਵਲਪੁਰ-ਕਿਸ਼ਨਗੜ੍ਹ ਲਿੰਕ ਸੜਕ ਉੱਪਰ ਉਸਾਰੀ ਅਧੀਨ ਫੈਕਟਰੀ ’ਚ ਲੁਟੇਰਿਆ ਵਲੋਂ ਬੰਦੀ ਬਣਾਏ ਗਏ ਮਜ਼ਦੂਰਾਂ ਸਮੇਤ ਸਕਿਓਰਿਟੀ ਗਾਰਡ ਮਨਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਢਾਈ ਵਜੇ ਦੇ ਕਰੀਬ ਕੁੱਤਿਆਂ ਨੇ ਜਦੋਂ ਭੌਂਕਣਾ ਸ਼ੁਰੂ ਕੀਤਾ ਤਾਂ ਉਸ ਨੇ ਮਜ਼ਦੂਰਾਂ ਨਾਲ ਬਾਹਰ ਨਿਕਲ ਕੇ ਵੇਖਿਆ ਤਾਂ ਕੁਝ ਦਿਖਾਈ ਨਹੀਂ ਦਿੱਤਾ, ਉਪਰੰਤ ਜਦੋਂ ਉਹ ਆਪਣੇ ਕਮਰਿਆਂ ’ਚ ਵੜ ਗਏ ਤਾਂ ਉਨ੍ਹਾਂ ਦੇ ਪਿੱਛੇ ਹੀ ਕੁਝ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਨੂੰ ਇਕ ਕਮਰੇ ਵਿਚ ਬੰਨ੍ਹ ਦਿੱਤਾ ਅਤੇ ਉਨ੍ਹਾਂ ਦੇ ਮੋਬਾਇਲ ਲੈ ਕੇ ਕਮਰੇ ਦੀ ਛੱਤ ਉੱਪਰ ਸੁੱਟ ਦਿੱਤੇ, ਦੋ ਲੁਟੇਰੇ ਉਨ੍ਹਾਂ ਦੇ ਕਮਰੇ ਦੀ ਪਹਿਰੇਦਾਰੀ ਕਰ ਰਹੇ ਸਨ ਅਤੇ ਬਾਕੀ ਲੁਟੇਰਿਆਂ ਨੇ ਮੇਨ ਗੇਟ ਦਾ ਤਾਲਾ ਖੋਲ੍ਹ ਕੇ ਟਰੱਕ ਅੰਦਰ ਲੈ ਕੇ ਗਏ।

ਫੈਕਟਰੀ ਦੇ ਸਕਿਓਰਿਟੀ ਗਾਰਡ ਸਮੇਤ 8 ਪ੍ਰਵਾਸੀ ਮਜ਼ਦੂਰਾਂ ਨੂੰ ਬੰਦੀ ਬਣਾ ਕੇ ਫੈਕਟਰੀ ਦੇ ਅੰਦਰ ਲਗਭਗ ਦੋ ਘੰਟੇ ਤਕ ਸਰੀਆ ਟਰੱਕ ਵਿਚ ਲੋਡ ਕਰਦੇ ਰਹੇ, ਉਪਰੰਤ ਜਾਣ ਲੱਗੇ ਸਕਿਓਰਿਟੀ ਗਾਰਡ ਦੇ ਮੋਟਰਸਾਈਕਲ ਦੀ ਚਾਬੀ ਵੀ ਲੈ ਗਏ। ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਕਿਸੇ ਤਰ੍ਹਾਂ ਉਨ੍ਹਾਂ ਨੇ ਆਪਣੇ-ਆਪ ਨੂੰ ਖੋਲ੍ਹਿਆ ਅਤੇ ਨਜ਼ਦੀਕ ਖੂਹ ਉੱਪਰ ਰਹਿੰਦੇ ਲੋਕਾਂ ਨੂੰ ਬੁਲਾ ਕੇ ਚੋਰੀ ਸਬੰਧੀ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੇ ਰੰਜੀਵ ਕੁਮਾਰ ਸਾਈਡ ਇੰਚਾਰਜ ਨੇ ਦੱਸਿਆ ਕਿ ਲੁਟੇਰਿਆਂ ਵੱਲੋਂ ਫੈਕਟਰੀ ’ਚੋਂ ਲਗਭਗ ਢਾਈ-ਤਿੰਨ ਲੱਖ ਰੁਪਏ ਕੀਮਤ ਦਾ ਸਰੀਆ ਚੋਰੀ ਕੀਤਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਸਬੰਧਤ ਪੁਲਸ ਚੌਕੀ ਅਲਾਵਲਪੁਰ ਨੂੰ ਸੂਚਨਾ ਦੇ ਦਿੱਤੀ ਗਈ ਹੈ ।


Manoj

Content Editor

Related News