ਅਧਿਆਪਕਾਂ ਨੇ ਪਟਿਆਲਾ, ਮਾਨਸਾ ਵਿਖੇ ਹੋਏ ਲਾਠੀ ਚਾਰਜ ਖਿਲਾਫ ਕੈਪਟਨ ਸਰਕਾਰ ਦਾ ਫੂਕਿਆ ਪੁਤਲਾ

02/12/2019 8:41:15 PM

ਲੋਹੀਆਂ ਖਾਸ,(ਮਨਜੀਤ) : ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਦੋ ਸਾਲ ਪੂਰੇ ਹੋ ਜਾਣ ਉਪਰੰਤ ਵੀ ਕੀਤੇ ਵਾਅਦੇ ਨਾ ਪੂਰੇ ਹੋਣ ਦੀ ਸੂਰਤ 'ਚ ਵੱਖ-ਵੱਖ ਅਧਿਆਪਕਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪਟਿਆਲਾ ਤੇ ਮਾਨਸਾ 'ਚ ਸੰਘਰਸ਼ ਸਮੇਂ ਪੁਲਸ ਪ੍ਰਸ਼ਾਸ਼ਨ ਵੱਲੋਂ ਅਧਿਆਪਕਾਂ 'ਤੇ ਕੀਤੇ ਗਏ ਲਾਠੀ ਚਾਰਜ਼ ਦੀ ਸਖ਼ਤ ਸ਼ਬਦਾਂ 'ਚ ਨਿਖੇਦੀ ਕੀਤੀ। ਇਸ ਦੌਰਾਨ ਬਲਾਕ ਲੋਹੀਆਂ ਦੇ ਸਮੂਹ ਅਧਿਆਪਕਾਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸਥਾਨਕ ਸਬ ਤਹਿਸੀਲ ਮੁਹਰੇ ਕਾਂਗਰਸ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਅਧਿਆਪਕਾਂ ਦੇ ਇੱਕਠ ਨੂੰ ਸੰਬੋਧਨ ਕਰਦੇ  ਕੁਲਵਿੰਦਰ ਸਿੰਘ ਜੋਸਨ, ਜਸਪਾਲ ਸਿੰਘ, ਸ਼ਿਵ ਕੁਮਾਰ, ਨਿਰਮਲ ਸਿੰਘ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਕੈਪਟਨ ਸਰਕਾਰ ਤੋਂ ਹਰ ਵਰਗ ਦੁਖੀ ਹੈ। ਅੱਜ ਅਧਿਆਪਕ ਦਿਹਾੜੀਦਾਰ ਤੋਂ ਵੀ ਘੱਟ ਆਮਦਨ 'ਤੇ ਕੰਮ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਤੋਂ ਸਿੱਖਿਆ ਤੋਂ ਇਲਾਵਾ ਹੋਰ ਵੀ ਕਈ ਕੰਮ ਲਏ ਜਾਂਦੇ ਹਨ। ਜੇਕਰ ਅਸੀਂ ਆਪਣੇ ਹੱਕਾਂ ਦੀ ਗੱਲ ਕਰਦੇ ਹਾਂ ਤਾਂ ਲਾਠੀਆਂ ਵਰਾਈਆਂ ਜਾਂਦੀਆਂ ਹਨ। ਜੇਕਰ ਸਰਕਾਰ ਨੇ ਜਲਦ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਲ-ਨਾਲ ਤਨਖਾਹਾਂ ਅਤੇ ਹੋਰ ਹੱਕੀ ਮੰਗਾਂ ਨਾ ਮੰਨੀਆਂ ਤਾਂ ਲੋਕ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਨੂੰ ਹਰ ਮੌੜ-ਚੁਰਾਹੇ ਘੇਰਿਆ ਜਾਵੇਗਾ। ਇਸ ਮੌਕੇ ਗੁਰਦੇਵ ਸਿੰਘ ਧਾਲੀਵਾਲ, ਜਸਵੀਰ ਸਿੰਘ, ਅਜੈਬ ਸਿੰਘ, ਬਲਵਿੰਦਰ ਕੁਮਾਰ, ਜੁਝਾਰ ਸਿੰਘ, ਹਰਪਿੰਦਰ ਸਿੰਘ, ਗੁਰਬਿੰਦਰ ਸਿੰਘ, ਜਗਧੀਰ ਸਿੰਘ, ਮੰਗਤ ਸਿੰਘ, ਮੈਡਮ ਕਿਰਨਪ੍ਰੀਤ, ਰੈਨੂੰ ਬਾਲਾ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਅੰਮ੍ਰਿਤਪਾਲ ਕੌਰ, ਸਤਵਿੰਦਰ ਕੌਰ ਆਦਿ ਮੌਜ਼ੂਦ ਸਨ।