ਸਿੱਧੂ ਦੇ ਖ਼ਾਸਮਖਾਸ ਪਰਗਟ ਸਿੰਘ ਦੇ ਕੈਂਟ ਹਲਕੇ ’ਚ ਕੈਪਟਨ ਦੇ ਸਮਰਥਨ ’ਚ ਲਾਏ ਹੋਰਡਿੰਗ

06/10/2021 4:33:56 PM

ਜਲੰਧਰ (ਚੋਪੜਾ)–ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਚੱਲ ਰਹੀ ਕਸ਼ਮਕਸ਼ ਵਿਚ ਕੈਪਟਨ ਦੇ ਸਮਰਥਨ ਵਿਚ ਸੂਬੇ ਭਰ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਹੋਰਡਿੰਗ ਵਾਰ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਵਿਚ ਸਿੱਧੂ ਦੇ ਖ਼ਾਸਮਖਾਸ ਵਿਧਾਇਕ ਪਰਗਟ ਸਿੰਘ ਦੇ ਕੈਂਟ ਹਲਕੇ ਵਿਚ ਵੀ ਕਾਂਗਰਸੀਆਂ ਨੇ ਸੰਨ੍ਹ ਲਾਉਣੀ ਸ਼ੁਰੂ ਕਰ ਦਿੱਤੀ ਹੈ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਰਾਜਿੰਦਰਪਾਲ ਸਿੰਘ ਰਾਣਾ ਰੰਧਾਵਾ ਨੇ ਮੁੱਖ ਮੰਤਰੀ ਦੇ ਪੱਖ ਵਿਚ ਮੋਰਚਾ ਸੰਭਾਲਦੇ ਹੋਏ ਕੈਂਟ ਹਲਕੇ ਵਿਚ ਵੱਖ-ਵੱਖ ਸਥਾਨਾਂ ’ਤੇ ‘ਸਾਡਾ ਸਾਂਝਾ ਨਾਅਰਾ ਕੈਪਟਨ ਹੀ ਦੋਬਾਰਾ’ ਸਲੋਗਨ ਲਿਖੇ ਵੱਡੇ-ਵੱਡੇ ਹੋਰਡਿੰਗ ਲਗਾਏ ਹਨ।

ਇਹ ਵੀ ਪੜ੍ਹੋ: ਟਰੇਨ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ 5 DMU ਟਰੇਨਾਂ 15 ਜੂਨ ਤੋਂ ਰਹਿਣਗੀਆਂ ਰੱਦ

ਜ਼ਿਕਰਯੋਗ ਹੈ ਕਿ ਵਿਧਾਇਕ ਪਰਗਟ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ’ਤੇ ਕਈ ਵਾਰ ਟਿੱਪਣੀਆਂ ਕਰਕੇ ਉਨ੍ਹਾਂ ਨੂੰ ਨਿਸ਼ਾਨੇ ’ਤੇ ਲੈਂਦੇ ਰਹੇ ਹਨ। ਉਨ੍ਹਾਂ ਵੱਲੋਂ ਲਗਾਏ ਗਏ ਦੋਸ਼ ਅਤੇ ਬਿਆਨਬਾਜ਼ੀ ਲਗਾਤਾਰ ਸੁਰਖੀਆਂ ਬਟੋਰਦੇ ਰਹੇ ਹਨ। ਪਿਛਲੇ ਮਹੀਨੇ ਹੀ ਵਿਧਾਇਕ ਪਰਗਟ ਨੇ ਕੈਪਟਨ ਅਮਰਿੰਦਰ ’ਤੇ ਸਨਸਨੀਖੇਜ਼ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਫੋਨ ਕਰਕੇ ਧਮਕੀ ਦਿੱਤੀ ਹੈ ਕਿ ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਉਨ੍ਹਾਂ ਨੇ ਮੇਰੇ ਦਸਤਾਵੇਜ਼ ਇਕੱਠੇ ਕਰ ਲਏ ਹਨ ਅਤੇ ਹੁਣ ਮੇਰੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਜਲੰਧਰ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਵੱਡੀ ਧੋਖਾਧੜੀ ਦਾ ਪਰਦਾਫਾਸ਼, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼

ਵਿਧਾਇਕ ਪਰਗਟ ਦੇ ਇਸ ਖੁਲਾਸੇ ਨੇ ਸਿਆਸੀ ਗਲਿਆਰਿਆਂ ਵਿਚ ਹੜਕੰਪ ਮਚਾ ਦਿੱਤਾ ਸੀ, ਜੋ ਅੱਜ ਵੀ ਬਾਦਸਤੂਰ ਜਾਰੀ ਹੈ। ਭਾਵੇਂ ਕਾਂਗਰਸ ਦੇ ਅੰਦਰਲੇ ਸਿਆਸੀ ਯੁੱਧ ਦਾ ਕੇਂਦਰ ਦਿੱਲੀ ਦਰਬਾਰ ਬਣ ਚੁੱਕਾ ਹੈ ਅਤੇ ਹਾਈਕਮਾਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੂਬੇ ਵਿਚ ਬਣ ਰਹੀ ਧੜੇਬੰਦੀ ’ਤੇ ਨਕੇਲ ਕੱਸਣ ਦੀ ਕਵਾਇਦ ਚੱਲ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਹਾਵੀ ਹੋਈ ਧੜੇਬੰਦੀ ਕਾਰਨ ਸਥਾਨਕ ਨੇਤਾ ਹੁਣ ਵਿਧਾਇਕ ਪਰਗਟ ਨੂੰ ਪਟਕਨੀ ਦੇਣ ਲਈ ਸਰਗਰਮ ਹੋ ਗਏ ਹਨ। ਰਾਣਾ ਰੰਧਾਵਾ ਵੱਲੋਂ ਕੈਪਟਨ ਦੇ ਸਮਰਥਨ ਵਿਚ ਉਨ੍ਹਾਂ ਦੇ ਹਲਕੇ ਵਿਚ ਹੋਰਡਿੰਗ ਲਗਾਉਣ ਦਾ ਉਦੇਸ਼ ਵੀ ਇਹੀ ਸਮਝਿਆ ਜਾ ਰਿਹਾ ਹੈ ਪਰ ਉਹ ਇਸ ਸਮੇਂ ਵਿਧਾਇਕ ਪਰਗਟ ਖ਼ਿਲਾਫ਼ ਕੁਝ ਵੀ ਖੁੱਲ੍ਹ ਕੇ ਬੋਲਣ ਦੀ ਬਜਾਏ ਹਾਈਕਮਾਨ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ’ਚ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ, ਨਸ਼ੇ ਦੀ ਹਾਲਤ ’ਚ ਛੱਡ ਕੇ ਹੋਏ ਫਰਾਰ

ਜ਼ਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਣਾ ਰੰਧਾਵਾ ਨੇ ਵੀ ਕੈਂਟ ਹਲਕੇ ਦੀ ਟਿਕਟ ਲਈ ਦਾਅਵੇਦਾਰੀ ਜਤਾਈ ਸੀ। ਇਸ ਸਬੰਧੀ ਜਦੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਰਾਣਾ ਰੰਧਾਵਾ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਕੋ-ਇਕ ਅਜਿਹੇ ਨੇਤਾ ਹਨ, ਜੋ ਪੰਜਾਬ ਅਤੇ ਪੰਜਾਬੀਅਤ ਦੀ ਰੱਖਿਆ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਅਗਵਾਈ ਵਿਚ ਹੀ ਕਾਂਗਰਸ ਮਿਸ਼ਨ 2022 ਨੂੰ ਸਫ਼ਲ ਬਣਾ ਕੇ ਪੰਜਾਬ ਵਿਚ ਲਗਾਤਾਰ ਦੂਸਰੀ ਵਾਰ ਜਿੱਤ ਸਕਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਸਮਰਥਨ ਵਿਚ ਹੋਰਡਿੰਗ ਉਨ੍ਹਾਂ ਨੇ ਸਿਰਫ ਕੈਂਟ ਹਲਕੇ ਵਿਚ ਹੀ ਨਹੀਂ, ਸਗੋਂ ਕਰਤਾਰਪੁਰ ਵਿਧਾਨ ਸਭਾ ਹਲਕੇ ਵਿਚ ਵੀ ਲਗਾਏ ਹਨ।

ਇਹ ਵੀ ਪੜ੍ਹੋ: ਜਲੰਧਰ: ਗੈਂਗਰੇਪ ਮਾਮਲੇ 'ਚ ਖੁੱਲ੍ਹੀਆਂ ਹੈਰਾਨੀਜਨਕ ਪਰਤਾਂ, ਕੋਰੋਨਾ ਕਾਲ ’ਚ ਆਸ਼ੀਸ਼ ਨੇ ‘ਗੰਦੇ ਧੰਦੇ’ ਦੀ ਇੰਝ ਵਧਾਈ ਕਮਾਈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri