ਸੂਬੇ ਦੀ ਸੁਰੱਖਿਆ ਨੂੰ ਲੈ ਕੇ ਕੈਪਟਨ ਨੇ DGP ਸਮੇਤ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਬੈਠਕ

10/17/2018 6:30:56 PM

ਜਲੰਧਰ,(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਰੱਖਿਆ ਅਤੇ ਡਰੱਗ ਦੇ ਮੁੱਦੇ ਨੂੰ ਲੈ ਕੇ ਸੂਬੇ ਦੇ ਆਲਾ ਪੁਲਸ ਅਧਿਕਾਰੀਆਂ ਨਾਲ ਬੈਠਕ ਕੀਤੀ। ਜਿਸ 'ਚ ਸੂਬੇ ਦੀ ਸੁਰੱਖਿਆ, ਡਰੱਗ 'ਤੇ ਹੋਰ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਦੇ ਵਿਸ਼ੇ ਬਾਰੇ ਚਰਚਾ ਕੀਤੀ ਗਈ। ਮੁੱਖ ਮੰਤਰੀ ਦੇ ਨਾਲ ਬੈਠਕ 'ਚ ਡੀ. ਜੀ. ਪੀ. ਸੁਰੇਸ਼ ਅਰੋੜਾ, ਐੱਸ. ਟੀ. ਐੱਫ. ਪ੍ਰਮੁੱਖ ਮੁਹੰਮਦ ਮੁਸਤਫਾ ਅਤੇ ਵਿਜੀਲੈਂਸ ਦੇ ਚੀਫ ਡਾਇਰੈਕਟਰ ਡੀ. ਕੇ. ਉੱਪਲ ਮੌਜੂਦ ਸਨ।
ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਜਦੋਂ ਅੱਜ ਮੋਹਾਲੀ 'ਚ ਵਿਜੀਲੈਂਸ ਭਵਨ ਦਾ ਉਦਘਾਟਨ ਕਰਨ ਲਈ ਆਏ ਤਾਂ ਉਨ੍ਹਾਂ ਨੇ ਤਿੰਨਾਂ ਆਲਾ ਪੁਲਸ ਮੁਖੀਆਂ ਨੂੰ ਆਪਣੇ ਕੋਲ ਕਮਰੇ 'ਚ ਬੁਲਾਇਆ ਅਤੇ ਉਨ੍ਹਾਂ ਨਾਲ ਸੁਰੱਖਿਆ ਹਾਲਾਤਾਂ ਨੂੰ ਲੈ ਕੇ ਚਰਚਾ ਕੀਤੀ। ਮੁੱਖ ਮੰਤਰੀ ਨੇ ਡੀ. ਜੀ. ਪੀ. ਅਰੋੜਾ ਨੂੰ ਜਿਥੇ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਿਹਾ, ਉਥੇ ਹੀ ਉਨ੍ਹਾਂ ਨੇ ਐੱਸ. ਟੀ. ਐੱਫ. ਦੇ ਨਵੇਂ ਪ੍ਰਮੁੱਖ ਅਤੇ ਡੀ. ਜੀ. ਪੀ. ਮੁਹੰਮਦ ਮੁਸਤਫਾ ਨੂੰ ਡਰੱਗਜ਼ ਖਿਲਾਫ ਸਰਕਾਰੀ ਅਭਿਆਨ 'ਚ ਹੋਰ ਪ੍ਰਭਾਵੀ ਢੰਗ ਨਾਲ ਤੇਜ਼ੀ ਲਿਆਉਣ ਲਈ ਕਿਹਾ। ਡੀ. ਜੀ. ਪੀ. ਅਰੋੜਾ ਅਤੇ ਮੁਹੰਮਦ ਮੁਸਤਫਾ ਨੇ ਮੁੱਖ ਮੰਤਰੀ ਨੂੰ ਭਰੋਸਾ ਦਵਾਇਆ ਕਿ ਸੁਰੱਖਿਆ ਦੇ ਮਾਮਲੇ 'ਚ ਕੋਈ ਕੋਤਾਹੀ ਨਹੀਂ ਵਰਤੀ ਜਾਵੇਗੀ ਅਤੇ ਗੈਂਗਸਟਰਾਂ, ਅੱਤਵਾਦੀਆਂ ਖਿਲਾਫ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ। ਮੁਹੰਮਦ ਮੁਸਤਫਾ ਨੇ ਮੁੱਖ ਮੰਤਰੀ ਨੂੰ ਭਰੋਸਾ ਦਵਾਇਆ ਕਿ ਐੱਸ. ਟੀ. ਐੱਫ. ਅਤੇ ਪੰਜਾਬ ਪੁਲਸ ਦੋਵੇਂ ਆਪਸੀ ਤਾਲਮੇਲ ਦੇ ਨਾਲ ਕੰਮ ਕਰ ਰਹੇ ਹਨ ਅਤੇ ਜ਼ਲਦ ਹੀ ਹੋਰ ਬਿਹਤਰ ਨਤੀਜੇ ਸਰਕਾਰ ਸਾਹਮਣੇ ਆਉਣਗੇ।