ਮੁਲਾਜ਼ਮਾਂ ਦੀ ਰਿਹਾਇਸ਼ ਲਈ ਬਣਾਈ ਗਈ ਕੈਨਾਲ ਕਾਲੋਨੀ ਦੀ ਹਾਲਤ ਖਸਤਾ

11/14/2018 1:28:29 AM

 ਰੂਪਨਗਰ,   (ਵਿਜੇ)-  ਰੂਪਨਗਰ ’ਚ ਤੈਨਾਤ ਸਰਕਾਰੀ ਅਮਲੇ ਦੀ ਰਿਹਾਇਸ਼ ਲਈ ਬਣਾਈ ਗਈ ਕੈਨਾਲ ਕਾਲੌਨੀ ਅੱਜ ਆਪਣੀ ਹਾਲਤ ’ਤੇ ਅੱਥਰੂ ਵਹਾ ਰਹੀ ਹੈ। ਹੈੱਡਵਰਕਸ ਅਤੇ ਸਰਹੰਦ ਕੈਨਾਲ ਦੇ ਨਿਰਮਾਣ ਦੇ ਦੌਰਾਨ ਅੰਗਰੇਜਾਂ ਦੇ ਜਮਾਨੇ ਦੇ ਬਣੇ ਉਕਤ ਕੁਆਟਰਾਂ ਦੀ ਹਾਲਤ ਐਨੀ ਖਸਤਾ ਹੋ ਚੁੱਕੀ ਹੈ ਕਿ ਹੁਣ ਮੁਲਾਜ਼ਮ ਜਾਂ ਤਾਂ ਖੁਦ ਇਸਦੀ ਮੁਰੰਮਤ ਕਰਵਾਉਂਦੇ ਦੇਖੇ ਗਏ ਜਾਂ ਉਹ ਇਨ੍ਹਾਂ  ’ਚ ਰਹਿਣ ਤੋਂ ਗੁਰੇਜ਼ ਕਰਨ ਲੱਗੇ ਹਨ। ਇੱਥੋਂ ਤੱਕ ਕਿ ਕੈਨਾਲ ਕਾਲੌਨੀ ’ਚ ਕਈ ਮਕਾਨ ਤਾਂ ਡਿੱਗ ਵੀ ਚੁੱਕੇ ਹਨ। ਜਦੋਂ ਕਿ ਬਾਕੀ ਰਹਿੰਦੇ ਮਕਾਨਾਂ ਦੀ ਹਾਲਤ ਖਸਤਾ ਬਣੀ ਹੋਈ ਹੈ। ਇੱਥੇ ਰਹਿੰਦੇ ਮੁਲਾਜ਼ਮਾਂ ਨੇ ‘ਜਗਬਾਣੀ’ ਨੂੰ ਦੱਸਿਆ ਕਿ ਉਕਤ ਮਕਾਨਾਂ ਦੀ ਲੰਬੇ ਸਮੇਂ ਤੋਂ ਕੋਈ ਮੁਰੰਮਤ ਨਹੀ ਹੋਈ ਅਤੇ ਨਾ ਹੀ ਇਨ੍ਹਾਂ ’ਚ ਰੰਗ ਰੋਗਨ ਕਰਵਾਇਆ ਗਿਆ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਮਕਾਨਾਂ ’ਚ ਰਹਿਣ ਲਈ ਉਹ ਖੁਦ ਨਿੱਜੀ ਖਰਚ ’ਤੇ ਥੋਡ਼ੀ ਬਹੁਤ ਮੁਰੰਮਤ ਕਰਵਾ ਲੈਂਦੇ ਹਨ। ਇਸੇ ਪ੍ਰਕਾਰ ਕਲੌਨੀ ਦੇ ਮੁੱਖ ਮਾਰਗ ਦੀ ਹਾਲਤ ਖਸਤਾ ਹੋ ਚੁੱਕੀ ਹੈ ਅਤੇ ਮੀਂਹ ਦੇ ਦਿਨਾਂ ’ਚ ਇਥੇ ਉਨ੍ਹਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
 ਸਫਾਈ ਨਾ ਹੋਣ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ
 ਇਸਦੇ ਇਲਾਵਾ ਇੱਥੇ ਹਰ ਸਮੇਂ ਗੰਦਗੀ ਦੀ ਭਰਮਾਰ ਰਹਿੰਦੀ ਹੈ ਅਤੇ ਸਫਾਈ ਦੇ ਉੱਚਿਤ ਪ੍ਰਬੰਧ ਨਾ ਹੋਣ ਕਾਰਨ ਇਥੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।
ਮੁਲਾਜ਼ਮਾਂ ਦੀ ਗਿਣਤੀ ਵਧਣ ਕਾਰਨ ਆ ਰਹੀ ਹੈ ਸਮੱਸਿਆ : ਸੰਦੀਪ ਰਾਏ
 ਦੂਜੇ ਪਾਸੇ ਜਦੋ ਇਸ ਸਬੰਧ ’ਚ ਲੋਕ ਨਿਰਮਾਣ ਵਿਭਾਗ ਦੇ ਜੇ.ਈ. ਸੰਦੀਪ ਰਾਏ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ  ਦੱਸਿਆ ਕਿ ਉਕਤ ਕਾਲੌਨੀ ’ਚ 54 ਕੁਆਟਰ ਵਿਭਾਗ ਦੇ ਅਧੀਨ ਹਨ ਅਤੇ ਤਿੰਨ ਸਾਲ ਪਹਿਲਾਂ ਹੀ ਉਕਤ ਕੁਆਟਰਾਂ ਨੂੰ ਅਣਸੇਫ ਘੋਸ਼ਿਤ ਕਰ ਦਿੱਤਾ ਗਿਆ ਹੈ। ਉਨ੍ਹਾਂ  ਕਿਹਾ ਕਿ ਜ਼ਿਲਾ ਹੈੱਡਕੁਆਟਰ ਤੇ ਮੁਲਾਜ਼ਮਾਂ ਦੀ ਗਿਣਤੀ ਵਧ ਜਾਣ ਕਾਰਨ ਉਨ੍ਹਾਂ ਦੀ ਰਿਹਾਇਸ਼ ਸਬੰਧੀ ਸਮੱਸਿਆ ਆ ਰਹੀ ਹੈ। ਉਨ੍ਹਾਂ  ਕਿਹਾ ਕਿ ਉਕਤ ਕਾਲੌਨੀ ਦਾ ਬੀਤੇ ਦਿਨੀ ਹਾਈਕੋਰਟ ਦੇ ਜਸਟਿਸ ਦੌਰਾ ਕਰ ਚੁੱਕੇ ਹਨ ਅਤੇ ਇਥੇ ਕੋਰਟ ਕੰਪਲੈਕਸ ਦਾ ਵਿਸਤਾਰ ਕਰਨ ਦੀ ਗੱਲ ਚੱਲ ਰਹੀ ਹੈ। ਉਨ੍ਹਾਂ  ਕਿਹਾ ਕਿ ਉਕਤ ਪੂਰਾ ਰਕਬਾ ਸਾਢੇ ਪੰਜ ਏਕਡ਼ ਦੇ ਕਰੀਬ ਹੈ ਅਤੇ ਸਰਕਾਰ ਵਲੋਂ ਮਨਜੂਰੀ ਮਿਲਦੇ ਹੀ ਨਵੇਂ ਪ੍ਰੋਜੈਕਟ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।