ਪਿਸਤੌਲ ਦੀ ਨੋਕ ''ਤੇ ਕੈਮਰੀ ਕਾਰ ਲੁੱਟਣ ਵਾਲਾ 1 ਕਾਬੂ, 2 ਫਰਾਰ

01/02/2020 2:40:54 PM

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਦਰ ਦੀ ਪੁਲਸ ਨੇ 26 ਨਵੰਬਰ ਨੂੰ ਬੱਸੀ ਗੁਲਾਮ ਹੁਸੈਨ-ਬਜਵਾੜਾ ਲਿੰਕ ਰੋਡ 'ਤੇ ਪਿਸਤੌਲ ਦੀ ਨੋਕ 'ਤੇ ਐੱਨ. ਆਰ. ਆਈ. ਕੋਲੋਂ ਕੈਮਰੀ ਕਾਰ ਲੁੱਟਣ ਦੇ ਮਾਮਲੇ 'ਚ 1 ਦੋਸ਼ੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਪੁਲਸ ਨੇ ਉਸ ਨੂੰ ਕੱਲ 115 ਗ੍ਰਾਮ ਨਸ਼ੇ ਵਾਲੇ ਪਾਊਡਰ ਅਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ। ਜਦੋਂ ਦੋਸ਼ੀ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ ਤਾਂ ਕੈਮਰੀ ਕਾਰ ਲੁੱਟ ਮਾਮਲੇ 'ਚ ਵਾਇਰਲ ਫੋਟੋ ਨਾਲ ਚਿਹਰਾ ਮਿਲਦੇ ਹੀ ਜਦੋਂ ਪੁਲਸ ਨੇ ਦੋਸ਼ੀ ਕਮਲਦੀਪ ਉਰਫ ਬੱਲੂ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਕੈਮਰੀ ਕਾਰ ਉਸ ਨੇ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਲੁੱਟੀ ਸੀ। ਥਾਣਾ ਸਦਰ ਦੀ ਪੁਲਸ ਫਰਾਰ 2 ਦੋਸ਼ੀਆਂ ਦੇ ਨਾਲ-ਨਾਲ ਕੈਮਰੀ ਕਾਰ ਦੀ ਭਾਲ ਕਰ ਰਹੀ ਹੈ।

ਗੰਨ ਪੁਆਇੰਟ 'ਤੇ ਦਿੱਤਾ ਅਜਿਹੀਆਂ ਲੁੱਟਾਂ ਨੂੰ ਅੰਜਾਮ
ਥਾਣਾ ਸਦਰ ਪੁਲਸ ਨੂੰ ਦਿੱਤੇ ਬਿਆਨ ਵਿਚ ਲੁਟੇਰਿਆਂ ਦਾ ਸ਼ਿਕਾਰ ਬਣੇ ਅਤੇ ਹਾਲ ਹੀ 'ਚ ਵਿਦੇਸ਼ੋਂ ਪਰਤੇ ਮਰਚੈਂਟ ਨੇਵੀ 'ਚ ਤਾਇਨਾਤ ਪ੍ਰਵੀਨ ਕੁਮਾਰ ਪੁੱਤਰ ਪ੍ਰੇਮ ਸਿੰਘ ਨਿਵਾਸੀ ਮੁਰਾਦਪੁਰ ਜੱਟਾਂ (ਮੁਕੇਰੀਆਂ) ਨੇ ਪੁਲਸ ਨੂੰ ਦੱਸਿਆ ਸੀ ਕਿ ਉਹ 26 ਨਵੰਬਰ 2019 ਨੂੰ ਦੁਪਹਿਰ ਸਮੇਂ ਆਪਣੇ ਦੋਸਤ ਦੀ ਕੈਮਰੀ ਕਾਰ (ਐੱਚ ਪੀ 28-ਏ-3512) ਲੈ ਕੇ ਹੁਸ਼ਿਆਰਪੁਰ ਸਥਿਤ ਸੂਦ ਡੌਗ ਫਾਰਮ ਵਿਚ ਕੁੱਤਾ ਦੇਖਣ ਤੋਂ ਬਾਅਦ ਘਰ ਪਰਤ ਰਿਹਾ ਸੀ। ਜਦੋਂ ਉਹ ਨਰਾਇਣ ਨਗਰ ਨੇੜੇ ਭੰਗੀ ਚੋਅ ਦੇ ਬੰਨ੍ਹ ਵਾਲੀ ਸੜਕ ਉੱਤੋਂ ਲੰਘ ਰਿਹਾ ਸੀ ਤਾਂ ਅਪਾਚੇ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ। ਉਸ ਨੇ ਜਿਉਂ ਹੀ ਕਾਰ ਰੋਕੀ, ਮੋਟਰਸਾਈਕਲ ਸਵਾਰ ਪਿਸਤੌਲ ਦੀ ਨੋਕ 'ਤੇ ਕਾਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ।

ਪੁੱਛਗਿੱਛ ਲਈ ਮਿਲਿਆ 4 ਦਿਨਾਂ ਦਾ ਪੁਲਸ ਰਿਮਾਂਡ : ਐੱਸ. ਐੱਚ. ਓ.
ਥਾਣਾ ਸਦਰ ਵਿਚ ਤਇਨਾਤ ਐੈੱਸ. ਐੱਚ. ਓ. ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਕੈਮਰੀ ਕਾਰ ਲੁੱਟ ਮਾਮਲੇ 'ਚ ਪੁਲਸ ਵਾਰਦਾਤ ਦੇ ਦਿਨ ਤੋਂ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ 2 ਦੋਸ਼ੀਆਂ ਦੀ ਤਸਵੀਰ ਹਾਸਲ ਕਰ ਕੇ ਮਾਮਲੇ ਦੀ ਜਾਂਚ ਵਿਚ ਜੁਟੀ ਹੋਈ ਸੀ। ਕੱਲ 115 ਗ੍ਰਾਮ ਨਸ਼ੇ ਵਾਲੇ ਪਾਊਡਰ ਅਤੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਮਲਦੀਪ ਉਰਫ ਬੱਲੂ ਨਿਵਾਸੀ ਸ਼ਾਹਕੋਟ ਨੂੰ ਵੇਖਦੇ ਹੀ ਪੁਲਸ ਸਮਝ ਗਈ ਕਿ ਇਸ ਨੇ ਕੈਮਰੀ ਕਾਰ ਦੀ ਲੁੱਟ ਆਪਣੇ 2 ਹੋਰ ਸਾਥੀਆਂ ਨਾਲ ਕੀਤੀ ਸੀ। ਅੱਜ ਦੋਸ਼ੀ ਕਮਲਦੀਪ ਉਰਫ ਬੱਲੂ ਨੂੰ ਜ਼ਿਲਾ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਦੋਸ਼ੀ ਦਾ 4 ਦਿਨਾਂ ਦਾ ਪੁਲਸ ਰਿਮਾਂਡ ਦਿੱਤਾ ਹੈ।

ਫਰਾਰ ਦੋਸ਼ੀਆਂ ਕਾਕਾ ਅਤੇ ਰਾਜੇ ਦੇ ਕਬਜ਼ੇ 'ਚ ਹੈ ਕੈਮਰੀ ਕਾਰ : ਡੀ. ਐੱਸ. ਪੀ. ਅਤਰੀ
ਸੰਪਰਕ ਕਰਨ 'ਤੇ ਡੀ. ਐੱਸ. ਪੀ. ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਸਦਰ ਪੁਲਸ ਵੱਲੋਂ ਗ੍ਰਿਫਤਾਰ ਦੋਸ਼ੀ ਬੱਲੂ ਤੋਂ ਪੁੱਛਗਿੱਛ ਜਾਰੀ ਹੈ। ਬੱਲੂ ਨੇ ਪੁਲਸ ਨੂੰ ਦੱਸਿਆ ਹੈ ਕਿ ਲੁੱਟ ਵਿਚ ਉਸ ਦਿਨ ਉਸ ਨਾਲ 2 ਹੋਰ ਸਾਥੀ ਰਾਜਾ ਤੇ ਕਾਕਾ ਵੀ ਸ਼ਾਮਲ ਸਨ। ਬੱਲੂ ਕੋਲੋਂ ਬਰਾਮਦ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਿੰਨਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਬੱਲੂ ਨੇ ਦੱਸਿਆ ਹੈ ਕਿ ਕੈਮਰੀ ਕਾਰ ਫਰਾਰ ਦੋਸ਼ੀਆਂ ਦੇ ਕਬਜ਼ੇ 'ਚ ਹੈ। ਪੁਲਸ ਰਾਜਾ ਅਤੇ ਕਾਕਾ ਦੀ ਗ੍ਰਿਫਤਾਰੀ ਲਈ ਰੈੱਡ ਅਲਰਟ ਜਾਰੀ ਕਰ ਰਹੀ ਹੈ। ਜਲਦ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਕੇ ਕੈਮਰੀ ਕਾਰ ਵੀ ਬਰਾਮਦ ਕਰ ਲਈ ਜਾਵੇਗੀ।

shivani attri

This news is Content Editor shivani attri