ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਡਰਾਈਵਿੰਗ ਟੈਸਟ ਟਰੈਕ ''ਤੇ ਮਾਰਿਆ ਛਾਪਾ

02/15/2020 10:22:16 AM

ਹੁਸ਼ਿਆਰਪੁਰ (ਘੁੰਮਣ)— ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਬੀਤੇ ਦਿਨ ਟਾਂਡਾ ਰੋਡ 'ਤੇ ਸਥਿਤ ਡਰਾਈਵਿੰਗ ਟੈਸਟ ਟਰੈਕ 'ਤੇ ਛਾਪਾ ਮਾਰਿਆ। ਉਨ੍ਹਾਂ ਨਾਲ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਐਡਵੋਕੇਟ ਰਾਕੇਸ਼ ਮਰਵਾਹਾ, ਕਾਂਗਰਸ ਆਗੂ ਮਨਮੋਹਣ ਸਿੰਘ ਕਪੂਰ, ਕੌਂਸਲਰ ਸੁਰਿੰਦਰਪਾਲ ਸਿੱਧੂ ਵੀ ਸੀ। ਸੂਤਰਾਂ ਅਨੁਸਾਰ ਅਰੋੜਾ ਨੂੰ ਪਿਛਲੇ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਡਰਾਈਵਿੰਗ ਟੈਸਟ ਟਰੈਕ 'ਤੇ ਦੋਪਹੀਆ, ਚੌਪਹੀਆ ਅਤੇ ਹੈਵੀ ਵ੍ਹੀਕਲਜ਼ ਦੇ ਨਵੇਂ ਡਰਾਈਵਿੰਗ ਲਾਇਸੈਂਸ ਬਣਾਉਣ ਅਤੇ ਰੀਨਿਊ ਕਰਨ ਲਈ ਸਰਕਾਰ ਵੱਲੋਂ ਨਿਰਧਾਰਿਤ ਫੀਸਾਂ ਤੋਂ ਕਥਿਤ ਤੌਰ 'ਤੇ ਜ਼ਿਆਦਾ ਪੈਸੇ ਟਰੈਕ ਦੇ ਬਾਹਰ ਮੰਡਰਾਅ ਰਹੇ ਏਜੰਟਾਂ ਵੱਲੋਂ ਵਸੂਲੇ ਜਾ ਰਹੇ ਹਨ।

ਅਰੋੜਾ ਨੇ ਅਚਾਨਕ ਟੈਸਟ ਟਰੈਕ 'ਤੇ ਪਹੁੰਚ ਕੇ ਉੱਥੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਨ੍ਹਾਂ ਕੋਲੋਂ ਏਜੰਟਾਂ ਨੇ ਨਿਰਧਾਰਿਤ ਫੀਸਾਂ ਤੋਂ ਕਿਤੇ ਜ਼ਿਆਦਾ ਪੈਸੇ ਵਸੂਲੇ ਹਨ। ਸ਼੍ਰੀ ਅਰੋੜਾ ਨੇ ਆਰ. ਟੀ. ਏ. ਦਫ਼ਤਰ ਦੇ ਕੁਝ ਕਰਮਚਾਰੀਆਂ ਨੂੰ ਤੁਰੰਤ ਮੌਕੇ 'ਤੇ ਬੁਲਾਇਆ। ਉਨ੍ਹਾਂ ਏਜੰਟਾਂ ਵੱਲੋਂ ਲੋਕਾਂ ਕੋਲੋਂ ਸਰਕਾਰੀ ਫੀਸਾਂ ਤੋਂ ਵੱਧ ਵਸੂਲੇ ਪੈਸੇ ਤੁਰੰਤ ਵਾਪਸ ਕਰਵਾਏ।

ਅਰੋੜਾ ਨੇ ਬਾਅਦ 'ਚ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਸਖਤੀ ਨਾਲ ਨਿਰਦੇਸ਼ ਦਿੱਤੇ ਗਏ ਹਨ ਕਿ ਭਵਿੱਖ 'ਚ ਲਰਨਿੰਗ ਅਤੇ ਹੋਰ ਲਾਇਸੈਂਸ ਬਣਵਾਉਣ ਵਾਲੇ ਲੋਕਾਂ ਕੋਲੋਂ ਜੇਕਰ ਕੋਈ ਏਜੰਟ ਫੀਸ ਤੋਂ ਜ਼ਿਆਦਾ ਪੈਸੇ ਵਸੂਲਦਾ ਹੈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

shivani attri

This news is Content Editor shivani attri