ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਮਨੁੱਖੀ ਸਿਹਤ ਲਈ ਖਤਰਨਾਕ: ਡਿਪਟੀ ਕਮਿਸ਼ਨਰ

09/30/2020 1:12:11 AM

ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣਾ ਮਨੁੱਖੀ ਸਿਹਤ ਲਈ ਬਹੁਤ ਖਤਰਨਾਕ ਹੈ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਗਰਭਵਤੀ ਔਰਤਾਂ ਅਤੇ ਨਵ-ਜਨਮੇ ਬੱਚੇ ਲਈ ਬਹੁਤ ਖਤਰਨਾਕ ਹੁੰਦਾ ਹੈ, ਇਸ ਲਈ ਕਿਸਾਨਾਂ ਨੂੰ ਅੱਗ ਲਾਉਣ ਦੀ ਬਜਾਏ ਇਸ ਦੇ ਪ੍ਰਬੰਧਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਝੋਨੇ ਦੀ ਪਰਾਲੀ ਦੇ ਪ੍ਰਬੰਧ ਲਈ ਆਧੁਨਿਕ ਖੇਤੀ ਮਸ਼ੀਨਾਂ ਕਿਰਾਏ ’ਤੇ ਲੈ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਝੋਨੇ ਦੀ ਪਰਾਲੀ ਦਾ ਪ੍ਰਯੋਗ ਪਸ਼ੂਆਂ ਦੇ ਸੁੱਕੇ ਚਾਰੇ ਦੇ ਤੌਰ ’ਤੇ ਕੀਤਾ ਜਾ ਸਕਦਾ ਹੈ, ਇਸ ਲਈ ਜਿਥੇ ਪਰਾਲੀ ਦਾ ਨਿਪਟਾਰਾ ਆਸਾਨੀ ਨਾਲ ਹੋ ਸਕਦਾ ਹੈ, ਉਥੇ ਪਸ਼ੂ ਪਾਲਣ ਲਈ ਸਸਤਾ ਚਾਰਾ ਵੀ ਉਪਲੱਬਧ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਪਰਾਲੀ ਨੂੰ ਅੱਗ ਲਾਉਣ ’ਤੇ ਪ੍ਰਤੀ ਏਕਡ਼ 2856 ਕਿਲੋ ਕਾਰਬਨ ਡਾਇਅਕਸਾਈਡ, 120 ਕਿਲੋ ਕਾਰਬਨ ਮੋਨੋਅਕਸਾਈਡ, 4 ਕਿਲੋ ਸਲਫਰ ਡਾਇਅਕਸਾਈਡ ਅਤੇ 6 ਕਿੱਲੋ ਧੂਡ਼ ਦੇ ਕਣ ਪੈਦਾ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹਾਨੀਕਾਰਕ ਗੈਸਾਂ ਮਨੁੱਖ ਅਤੇ ਜਾਨਵਰਾਂ ਦੀ ਸਿਹਤ ਲਈ ਕਾਫ਼ੀ ਘਾਤਕ ਹਨ। ਅਪਨੀਤ ਰਿਆਤ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਖੇਤੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਪੇਸ਼ਾ ਵੀ ਕੀਤਾ ਜਾਂਦਾ ਹੈ ਅਤੇ ਕਿਸਾਨ ਇਸ ਦੌਰਾਨ ਪਸ਼ੂਆਂ ਲਈ ਹਰੇ ਚਾਰੇ ਦੇ ਨਾਲ ਸੁੱਕੇ ਚਾਰੇ ਦੇ ਤੌਰ ’ਤੇ ਤੂਡ਼ੀ ਦਾ ਪ੍ਰਯੋਗ ਕਰਦੇ ਹਨ ਜੋ ਕਿ 350 ਰੁਪਏ ਪ੍ਰਤੀ ਕੁਇੰਟਲ ਹੈ। ਉਨ੍ਹਾਂ ਦੱਸਿਆ ਕਿ ਜੇਕਰ ਪਰਾਲੀ ਦਾ ਪ੍ਰਯੋਗ ਕੀਤਾ ਜਾਵੇ ਤਾਂ ਉਹ ਕੇਵਲ 100 ਰੁਪਏ ਪ੍ਰਤੀ ਕੁਇੰਟਲ ਹੀ ਪੈਂਦੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਹਿਰਾਂ ਅਨੁਸਾਰ ਪਰਾਲੀ ਨੂੰ ਕਟਾਈ ਤੋਂ 2 ਤੋਂ 10 ਦਿਨ ਦੇ ਅੰਦਰ ਸੰਭਾਲ ਲਿਆ ਜਾਵੇ ਤਾਂ ਇਸ ਨੂੰ ਪਸ਼ੂ ਜ਼ਿਆਦਾ ਪਸੰਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਸ਼ੂਆਂ ਲਈ ਪਰਾਲੀ ਦਾ ਆਚਾਰ ਵੀ ਬਣਾਇਆ ਜਾ ਸਕਦਾ ਹੈ।


Bharat Thapa

Content Editor

Related News