ਪਾਰਕਿੰਗ ਦੇ ਨਾਂ ਲਈ ਜਾ ਰਹੀ ਸੀ ਫੀਸ, ਨਗਰ ਨਿਗਮ ਨੇ ਲਿਆ ਲਪੇਟੇ 'ਚ

11/06/2019 3:03:44 PM

ਹੁਸ਼ਿਆਰਪੁਰ (ਅਮਰੀਕ) - ਹੁਸ਼ਿਆਰਪੁਰ ਸ਼ਹਿਰ 'ਚ ਚੱਲ ਰਹੀਆਂ ਕਮਰਸ਼ੀਅਲ ਇਮਾਰਤਾਂ 'ਤੇ ਨਾਜਾਇਜ਼ ਤੌਰ 'ਤੇ ਲਈ ਜਾ ਰਹੀ ਗੇਟ ਪਰਚੀ 'ਤੇ ਨਗਰ ਨਿਗਮ ਹੁਸ਼ਿਆਰਪੁਰ ਨੇ ਨਕੇਲ ਪਾਉਣੀ ਸ਼ੁਰੂ ਕਰ ਦਿੱਤੀ ਹੈ। ਨਗਰ ਨਿਗਮ ਦੇ ਅਧਿਕਾਰੀ ਉਕਤ ਇਮਾਰਤਾਂ ਦੀ ਪਾਰਕਿੰਗ ਚੈੱਕ ਕਰਕੇ ਨਾਜਾਇਜ਼ ਬਣੀ ਪਾਰਕਿੰਗ ਨੂੰ ਹਟਾ ਰਿਹਾ ਹੈ। ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਸਿੱਟੀ ਸੈਂਟਰ 'ਚ ਨਾਜਾਇਜ਼ ਪਾਰਕਿੰਗ ਦੀ ਪਰਚੀ ਲਈ ਜਾ ਰਹੀ ਹੈ, ਜਿਸ ਦੇ ਬਾਰੇ ਪਤਾ ਲੱਗਣ 'ਤੇ ਨਗਰ ਨਿਗਮ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਪਰਚੀ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਨਗਰ ਨਿਗਮ ਟੀਮ ਦੇ ਇੰਚਾਰਜ ਇੰਸਪੈਕਟਰ ਸੰਜੀਵ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਸ਼ਿਕਾਇਤ ਆਈ ਸੀ ਕਿ ਸਿੱਟੀ ਸੈਂਟਰ ਕੰਮਪਲੈਕਸ 'ਚ ਆਉਣ ਵਾਲੇ ਹਰ ਵਿਅਕਤੀ ਤੋਂ 10 ਰੁਪਏ ਦੀ ਪਾਰਕਿੰਗ ਫੀਸ ਲਈ ਜਾ ਰਹੀ ਹੈ। ਸ਼ਿਕਾਇਤ ਮਿਲਣ 'ਤੇ ਜਦੋਂ ਉਹ ਆਪ ਟੀਮ ਨਾਲ ਮਿਲ ਕੇ ਚੈਕਿੰਗ ਕਰਨ ਗਏ ਤਾਂ ਖਬਰ ਸਹੀ ਸੀ, ਜਿਸ 'ਤੇ ਉਨ੍ਹਾਂ ਕਾਰਵਾਈ ਕਰਦਿਆਂ ਤੁਰੰਤ ਨਾਜਾਇਜ਼ ਚੱਲ ਰਹੀ ਪਾਰਕਿੰਗ ਫੀਸ ਨੂੰ ਬੰਦ ਕਰਵਾ ਦਿੱਤਾ। ਅਰੋੜਾ ਨੇ ਦੱਸਿਆ ਕਿ ਸਿੱਟੀ ਸੈਂਟਰ ਦੇ ਅੰਦਰ ਜੋ ਜਗ੍ਹਾ ਹੈ, ਉਹ ਪਾਰਕਿੰਗ ਪਲੇਸ ਹੈ। ਇਮਾਰਤ ਦਾ ਮਾਲਕ ਕਿਸੇ ਵੀ ਗੱਡੀ ਵਾਲੇ ਤੋਂ ਪਾਰਕਿੰਗ ਦਾ ਚਾਰਜ ਨਹੀਂ ਲੈ ਸਕਦਾ। ਇਨ੍ਹਾਂ ਨੂੰ ਪਹਿਲਾਂ ਵੀ ਪਾਰਕਿੰਗ ਚਾਰਜ ਲਗਾਉਣ ਤੋਂ ਰੋਕਿਆ ਗਿਆ ਸੀ, ਜਿਸ ਦੇ ਬਾਵਜੂਦ ਉਨ੍ਹਾਂ ਵਲੋਂ ਮੁੜ ਨਾਜਾਇਜ਼ ਪਾਰਕਿੰਗ ਪਰਚੀ ਕੱਟੀ ਜਾ ਰਹੀ ਸੀ।

rajwinder kaur

This news is Content Editor rajwinder kaur