ਬਸਪਾ ਨੇ ਸੂਬਾ ਸਰਕਾਰ ਖਿਲਾਫ ਕੀਤਾ ਅਰਥੀ ਫੂਕ ਮੁਜਾਹਰਾ

08/05/2020 1:30:36 AM

ਰੂਪਨਗਰ, (ਕੈਲਾਸ਼)- ਬਹੁਜਨ ਸਮਾਜ ਪਾਰਟੀ ਦੀ ਜ਼ਿਲਾ ਰੂਪਨਗਰ ਇਕਾਈ ਵਲੋਂ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਸੈਂਕਡ਼ੇ ਤੋਂ ਵੱਧ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਹੋਈਆਂ ਮੌਤਾਂ ਦੇ ਵਿਰੋਧ ’ਚ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਉਪਰੰਤ ਐੱਸ.ਡੀ.ਐੱਮ. ਰੂਪਨਗਰ ਰਾਹੀਂ ਪੰਜਾਬ ਦੇ ਰਾਜਪਾਲ ਦੇ ਨਾਂ ਇਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਬਸਪਾ ਦੇ ਬੁਲਾਰਿਆਂ ਨੇ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ ਹੋ ਰਹੀ ਹੈ । ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਣ ਕਈ ਗਰੀਬ ਘਰਾਂ ਦੇ ਚਿਰਾਗ ਬੁਝ ਗਏ।

ਅਜਿਹੇ ਮਾਮਲੇ ਸਰਕਾਰੀ ਸਿਸਟਮ ਫੇਲ ਹੋਣ ਕਾਰਣ ਵਾਪਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਬੇਰੋਜ਼ਗਾਰੀ ਕਾਰਣ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਪਹਿਲਾਂ ਤੋ ਮਹਿੰਗਾਈ ਦੀ ਮਾਰ ਨਾਲ ਜੂਝ ਰਹੇ ਲੋਕਾਂ ’ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਭਾਰੀ ਵਾਧਾ ਕਰ ਦਿੱਤਾ ਗਿਆ। ਬਸਪਾ ਆਗੂ ਅਜੀਤ ਸਿੰਘ ਭੈਣੀ, ਮਾ. ਜਗਦੀਸ਼ ਸਿੰਘ ਹਵੇਲੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੱਤਾ ’ਚ ਆਉਣ ਤੋਂ ਪਹਿਲਾਂ ਸੂਬੇ ’ਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰਨ ਦੀ ਗੱਲ ਕਹੀ ਗਈ ਸੀ ਅਤੇ ਹੁਣ ਸੈਂਕਡ਼ੇ ਮੌਤਾਂ ਜ਼ਹਿਰੀਲੀ ਸ਼ਰਾਬ ਦੇ ਸੇਵਨ ਨਾਲ ਹੋਣਾ ਉਕਤ ਦਾਅਵਿਆਂ ਦੀ ਪੋਲ ਖੋਲਦਾ ਹੈ। ਬਸਪਾ ਆਗੂਆਂ ਨੇ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਨੂੰ ਭੰਗ ਕੀਤਾ ਜਾਵੇ। ਜ਼ਹਿਰੀਲੀ ਸ਼ਰਾਬ ਦੇ ਕਾਰਣ ਹੋਈਆਂ ਮੌਤਾਂ ਦੇ ਮਾਮਲੇ ’ਚ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਉਪ ਪ੍ਰਧਾਨ ਬੀਰਬਲ ਵੈਦ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਮੋਹਣ ਸਿੰਘ, ਸੁਖਦਿਵੰਦਰ ਸਿੰਘ, ਓਮ ਪ੍ਰਕਾਸ਼, ਪ੍ਰੇਮ ਸਿੰਘ, ਮਾ. ਜਗਦੀਸ਼ ਸਿੰਘ ਹਵੇਲੀ, ਐਡ. ਸਤਨਾਮ ਸਿੰਘ, ਡਾ. ਭਗਤ ਰਾਮ, ਐਡ. ਰਵਿੰਦਰ ਭੈਣੀ, ਗੁਰਚਰਨ ਸਿੰਘ ਖਾਲਸਾ ਮੌਜੂਦ ਸਨ।


Bharat Thapa

Content Editor

Related News