ਬਸਪਾ ਅੰਬੇਡਕਰ ਨੇ ਸੰਦੀਪ ਕੁਮਾਰ ਨੂੰ ਇਨਸਾਫ ਦਿਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

09/16/2018 4:30:37 AM

ਕਪੂਰਥਲਾ,   (ਗੁਰਵਿੰਦਰ ਕੌਰ)-  ਬਸਪਾ ਅੰਬੇਡਕਰ ਵੱਲੋਂ ਯੂਥ ਆਗੂ ਪੰਜਾਬ ਮਨੋਜ  ਕੁਮਾਰ ਨਾਹਰ ਦੀ ਅਗਵਾਈ ’ਚ ਪਿੰਡ ਚੂਹਡ਼ਵਾਲ ਦੇ ਸੰਦੀਪ ਕੁਮਾਰ ਨਾਲ ਹੋ ਰਹੇ ਧੱਕੇ  ਖਿਲਾਫ ਕੋਟੂ ਚੌਕ ਵਿਖੇ ਪਾਰਟੀ ਦੇ ਵਰਕਰ ਵੱਡੀ ਗਿਣਤੀ ’ਚ ਇਕੱਠੇ ਹੋਏ ਤੇ ਥਾਣਾ ਸਿਟੀ  ਅੱਗੇ ਧਰਨਾ ਦੇਣ ਲਈ ਮਾਰਚ ਕੱਢਿਆ, ਜਿਸ ਦੌਰਾਨ ਸੰਬੋਧਨ ਕਰਦੇ ਹੋਏ ਯੂਥ ਆਗੂ ਮਨੋਜ  ਕੁਮਾਰ ਨਾਹਰ ਨੇ ਦੱਸਿਆ ਕਿ ਪਿੰਡ ਚੂਹਡ਼ਵਾਲ ਦੇ ਗਰੀਬ ਨੌਜਵਾਨ ਸੰਦੀਪ ਕੁਮਾਰ ਦੇ ਨਾਂ  ’ਤੇ ਕਪੂਰਥਲਾ ਦੇ ਇਕ ਵਿਅਕਤੀ ਅਤੇ ਉਸ ਦੇ 2 ਸਾਥੀਆਂ ਨੇ ਉਸ ਨੂੰ ਕੂਲਰ ਦਿਵਾਉਣ ਦਾ ਕਹਿ  ਕੇ ਖੁਦ ਕੰਪਨੀ ਤੋਂ ਏ. ਸੀ. ਲੈ ਲਿਆ ਸੀ, ਜਦੋਂ ਕੰਪਨੀ ਵੱਲੋਂ ਇਕ ਵਿਅਕਤੀ ਸੰਦੀਪ  ਕੁਮਾਰ ਤੋਂ ਏ. ਸੀ. ਦੀਆਂ ਕਿਸ਼ਤਾਂ ਲੈਣ ਆਇਆ ਤਾਂ ਸੰਦੀਪ ਕੁਮਾਰ ਨੂੰ ਪਤਾ ਲੱਗਾ ਕਿ ਉਸ  ਦੇ ਨਾਂ ’ਤੇ ਕਪੂਰਥਲਾ ਦੇ ਇਕ ਵਿਅਕਤੀ ਨੇ ਏ. ਸੀ. ਲੈ ਲਿਆ ਹੈ, ਜਿਸ ਸਬੰਧੀ ਸੰਦੀਪ  ਕੁਮਾਰ ਵੱਲੋਂ ਲਗਭਗ 2 ਮਹੀਨੇ ਪਹਿਲਾਂ ਥਾਣਾ ਸਿਟੀ ’ਚ ਸ਼ਿਕਾਇਤ ਦਿੱਤੀ ਗਈ ਸੀ, ਜਿਸ ’ਤੇ  ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
 ਇਸ ਮੌਕੇ ਉਨ੍ਹਾਂ ਨੂੰ ਇਨਸਾਫ ਲੈਣ  ਲਈ ਮਜਬੂਰਨ ਪੁਲਸ ਖਿਲਾਫ ਪ੍ਰਦਰਸ਼ਨ ਦਾ ਰਸਤਾ ਚੁਣਨਾ ਪਿਆ ਹੈ। ਇਸ ਸਮੇਂ ਡੀ. ਐੱਸ. ਪੀ.  ਸਬ-ਡਵੀਜ਼ਨ ਸੁਰਜੀਤ ਸਿੰਘ ਬਾਹੀਆ, ਡੀ. ਐੱਸ. ਪੀ. ਸੁਖਵਿੰਦਰ ਸਿੰਘ ਤੇ ਐੱਸ. ਐੱਚ. ਓ.  ਸੁਖਪਾਲ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪਿੰਡ ਚੂਹਡ਼ਵਾਲ ਦੇ ਸੰਦੀਪ ਕੁਮਾਰ ਦੇ ਨਾਂ ’ਤੇ  ਜਿਸ ਨੇ ਬਿਨਾਂ ਦੱਸੇ ਏ. ਸੀ. ਲਿਆ ਹੈ, ਉਸ  ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਕਪੂਰਥਲਾ ਕਈ ਦਿਨਾਂ ਤੋਂ ਦਫਤਰ ਨਹੀਂ ਬੈਠੇ ਹਨ,  ਜਿਸ ਕਰ ਕੇ ਫਾਈਲ ਅਧੂਰੀ ਹੈ ਤੇ ਸੋਮਵਾਰ ਤੱਕ ਐੱਸ. ਐੱਸ. ਪੀ. ਦੇ ਆਉਣ ’ਤੇ ਬਣਦੀ  ਕਾਰਵਾਈ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਉਪਰੋਕਤ ਅਧਿਕਾਰੀਆਂ ਦੇ ਦਿੱਤੇ ਭਰੋਸੇ  ਕਾਰਨ ਬਸਪਾ ਵੱਲੋਂ ਥਾਣਾ ਸਿਟੀ ਦੇ ਬਾਹਰ ਧਰਨਾ ਨਹੀਂ ਲਾਇਆ ਗਿਆ ਤੇ ਚਿਤਾਵਨੀ ਦਿੱਤੀ ਗਈ  ਕਿ ਉਹ ਅਧਿਕਾਰੀਆਂ ਦੇ ਕਹਿਣ ’ਤੇ ਉਨ੍ਹਾਂ ’ਤੇ ਆਖਰੀ ਵਾਰ ਵਿਸ਼ਵਾਸ ਕਰ ਰਹੇ ਹਨ, ਜੇਕਰ  ਹੁਣ ਵੀ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ  ਜਾਵੇਗਾ ਤੇ ਉਨ੍ਹਾਂ ਨੂੰ ਅਗਲਾ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਤਰਸੇਮ  ਲਾਲ ਭੱਟੀ, ਕਿਸ਼ਨ ਖਿੱਲਣ, ਸੰਦੀਪ ਚੱਡਾ, ਰੌਸ਼ਨ ਲਾਲ ਲੋਟੀਆ, ਨਰਿੰਦਰ ਕੁਮਾਰ ਨਿੰਦੀ,  ਸੂਰਜ ਮੰਡਲ, ਬਲਦੇਵ ਸਿੰਘ, ਗੌਰਵ ਰਾਏ, ਲੱਕੀ, ਰਣਜੀਤ ਸਿੰਘ, ਬਖਸ਼ੀ ਰਾਮ, ਹਰਦੇਵ ਸਿੰਘ  ਤੇ ਪਾਰਟੀ ਵਰਕਰ ਹਾਜ਼ਰ ਸਨ।