ਜਵਾਨੀ ਦੇ ਜੋਸ਼ ''ਚ ਨੌਜਵਾਨਾਂ ਨੇ ਹੈੱਡ ਕਾਂਸਟੇਬਲ ਨਾਲ ਕੀਤੀ ਕੁੱਟ-ਮਾਰ, ਪਾੜੀ ਵਰਦੀ

06/13/2019 9:55:37 PM

ਟਾਂਡਾ ਉੜਮੁੜ, (ਪੰਡਿਤ)— ਬੀਤੀ ਸ਼ਾਮ ਉੜਮੁੜ ਦੇ ਬਾਜ਼ਾਰ 'ਚ ਉੱਚੀ ਆਵਾਜ਼ 'ਚ ਸਪੀਕਰ ਲਾ ਕੇ ਓਵਰ ਸਪੀਡ ਕਾਰ ਚਲਾ ਕੇ ਹੁਲੜਬਾਜ਼ੀ ਕਰ ਰਹੇ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਣ ਵਾਲੇ ਟਾਂਡਾ ਪੁਲਸ ਦੇ ਹੈੱਡ ਕਾਂਸਟੇਬਲ ਨੂੰ ਕੁੱਟ-ਮਾਰ ਦਾ ਸਾਹਮਣਾ ਕਰਨਾ ਪਿਆ। ਟਾਂਡਾ ਪੁਲਸ ਨੇ ਕੁੱਟ-ਮਾਰ ਦਾ ਸ਼ਿਕਾਰ ਹੋਏ ਹੈੱਡ ਕਾਂਸਟੇਬਲ ਰਜਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਨਿਵਾਸੀ ਆਜ਼ਾਦ ਗਲੀ ਟਾਂਡਾ ਦੇ ਬਿਆਨ ਦੇ ਅਧਾਰ 'ਤੇ ਰਾਜਾ ਤੇ ਅਜੇ ਦੋਵੇਂ ਪੁੱਤਰ ਚੰਨੀ ਨਿਵਾਸੀ ਨੇੜੇ ਗੁਰਦੁਆਰਾ ਬੀਬੀਆਂ ਟਾਂਡਾ ਤੇ ਦੋ ਹੋਰ ਅਣਪਛਾਤੇ ਨੌਜਵਾਨਾਂ ਖਿਲਾਫ਼ ਸਰਕਾਰੀ ਮੁਲਾਜ਼ਮ ਦੀ ਡਿਊਟੀ ਵਿਚ ਵਿਘਨ ਪਾਉਣ ਤੇ ਹੋਰ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਸਪੈਸ਼ਲ ਡਿਊਟੀ ਤੋਂ ਆ ਰਿਹਾ ਸੀ ਤਾਂ ਰਸਤੇ 'ਚ ਕੁਝ ਲੋਕਾਂ ਨੇ ਉਸ ਨੂੰ ਰੋਕ ਕੇ ਦੱਸਿਆ ਕਿ ਕੁਝ ਨੌਜਵਾਨ ਕਾਰ ਵਿਚ ਉੱਚੀ ਆਵਾਜ਼ ਵਿਚ ਸਪੀਕਰ ਲਾ ਕੇ ਓਵਰ ਸਪੀਡ ਵਿਚ ਬਾਜ਼ਾਰ ਵਿਚੋਂ ਗਲਤ ਤਰੀਕੇ ਨਾਲ ਜਾ ਰਹੇ ਹਨ, ਜਿਸ ਨਾਲ ਕਿਸੇ ਦਾ ਨੁਕਸਾਨ ਹੋ ਸਕਦਾ ਹੈ।
ਜਦੋਂ ਉਸ ਨੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹੁੱਲੜਬਾਜ਼ੀ ਕਰਦੇ ਹੋਏ ਉਸ ਨੂੰ ਸਾਈਡ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਐੱਸ. ਬੀ. ਆਈ. ਮੋੜ ਦੇ ਕੋਲ ਉਸ ਨੇ ਉਨ੍ਹਾਂ ਨੂੰ ਰੋਕ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਇੱਟਾਂ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸਦੀ ਕੁੱਟ-ਮਾਰ ਕਰਦੇ ਪੱਗ ਲਾਹ ਦਿੱਤੀ ਅਤੇ ਵਰਦੀ ਪਾੜ ਦਿੱਤੀ। ਜ਼ਖਮੀ ਹੈੱਡ ਕਾਂਸਟੇਬਲ ਨੂੰ ਸਰਕਾਰੀ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


KamalJeet Singh

Content Editor

Related News