ਬੂਟਾ ਮੰਡੀ ''ਚ ਮੇਲੇ ਦੌਰਾਨ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ ''ਚ ਮੁੱਖ ਮੁਲਜ਼ਮ ਅਜੇ ਵੀ ਫਰਾਰ

02/12/2020 1:40:43 PM

ਜਲੰਧਰ (ਮ੍ਰਿਦੁਲ)— 10 ਫਰਵਰੀ ਦੀ ਦੇਰ ਰਾਤ ਬੂਟਾ ਮੰਡੀ 'ਚ ਮੇਲੇ ਦੌਰਾਨ ਸ਼ਰਾਬ ਦੇ ਨਸ਼ੇ 'ਚ ਹੋਏ ਲੜਾਈ-ਝਗੜੇ ਤੋਂ ਬਾਅਦ ਸਰਜੀਕਲ ਬਲੇਡ ਨਾਲ ਹੱਤਿਆ ਕਰਨ ਦੇ ਮਾਮਲੇ 'ਚ ਮੁੱਖ ਮੁਲਜ਼ਮ ਨੀਰਜ ਅਜੇ ਵੀ ਫਰਾਰ ਚੱਲ ਰਿਹਾ ਹੈ। ਦੱਸ ਦੇਈਏ ਕਿ ਇਸ ਮਾਮਲੇ 'ਚ ਨੀਰਜ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੁਲਸ ਨੇ ਫੜੇ ਗਏ ਮੁਲਜ਼ਮ ਸਾਹਿਲ ਅਤੇ ਕੁੰਦਨ ਲਾਲ ਦਾ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਪੁਲਸ ਜਾਂਚ ਕਰ ਰਹੀ ਹੈ ਕਿ ਵਾਰਦਾਤ ਤੋਂ ਬਾਅਦ ਮੁੱਖ ਮੁਲਜ਼ਮ ਨੀਰਜ ਅਤੇ ਉਸ ਦੇ ਹੋਰ ਦੋਸਤ ਕਿਸ-ਕਿਸ ਜਗ੍ਹਾ ਗਏ ਅਤੇ ਉਨ੍ਹਾਂ ਦੇ ਲੁਕਣ ਦੇ ਟਿਕਾਣੇ ਕਿੱਥੇ ਹਨ।

ਐੱਸ. ਐੱਚ. ਓ. ਸੁਰਜੀਤ ਸਿੰਘ ਗਿੱਲ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਤੋਂ ਜਾਂਚ 'ਚ ਖੁਲਾਸਾ ਹੋਇਆ ਸੀ ਕਿ ਜਿਸ ਸਮੇਂ ਹੱਤਿਆ ਹੋਈ ਤਾਂ ਉਨ੍ਹਾਂ ਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਾ ਸੀ, ਜਦੋਂ ਅਚਾਨਕ ਹੱਥੋਪਾਈ ਦੌਰਾਨ ਸਰਬਜੀਤ ਡਿੱਗਿਆ ਅਤੇ ਉਸ ਦੀ ਗਰਦਨ ਤੋਂ ਖੂਨ ਨਿਕਲ ਰਿਹਾ ਸੀ ਤਾਂ ਸਰਬਜੀਤ ਦੀ ਹਾਲਤ ਨੂੰ ਦੇਖ ਕੇ ਉਹ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਨਾਲ ਉਸ ਵਕਤ ਨੀਰਜ ਵੀ ਸੀ, ਜਿਸ ਤੋਂ ਬਾਅਦ ਉਹ ਇਕ ਦੋਸਤ ਦੀ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਿਆ, ਹਾਲਾਂਕਿ ਉਸ ਤੋਂ ਬਾਅਦ ਫੋਨ 'ਤੇ ਇਕ ਵਾਰ ਗੱਲ ਹੋਈ ਸੀ ਤਾਂ ਬੋਲਿਆ ਕਿ ਉਹ ਇਕ ਸੇਫ ਜਗ੍ਹਾ 'ਤੇ ਹੈ ਪਰ ਉਸ ਤੋਂ ਬਾਅਦ ਉਸ ਦਾ ਫੋਨ ਸਵਿੱਚ ਆਫ ਆ ਰਿਹਾ ਹੈ।

ਹਾਲਾਂਕਿ ਪੁਲਸ ਨੂੰ ਮੁਲਜ਼ਮ ਸਾਹਿਲ ਅਤੇ ਕੁੰਦਨ ਲਾਲ ਦੀ ਕਹਾਣੀ 'ਤੇ ਥੋੜ੍ਹਾ ਸ਼ੱਕ ਹੈ ਕਿਉਂਕਿ ਪੁਲਸ ਵਾਰਦਾਤ ਦੇ ਸਮੇਂ ਦੀ ਸਾਰੀ ਕਾਲ ਡਿਟੇਲ ਵੀ ਚੈੱਕ ਕਰ ਰਹੀ ਹੈ ਅਤੇ ਪੁਲਸ ਦੋਵਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਲ ਡੰਪ ਵੀ ਚੈੱਕ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਿਰ ਸੱਚਾਈ ਕੀ ਹੈ। ਉਥੇ ਹੀ ਦੂਜੇ ਪਾਸੇ ਪੁਲਸ ਨੇ ਮੁਲਜ਼ਮ ਨੀਰਜ ਦੇ ਕਈ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਹੈ ਪਰ ਅਜੇ ਤੱਕ ਮੁੱਖ ਮੁਲਜ਼ਮ ਨੀਰਜ ਪੁਲਸ ਦੀ ਗ੍ਰਿਫਤਾਰੀ ਤੋਂ ਦੂਰ ਹੈ।


shivani attri

Content Editor

Related News