ਸ਼ੱਕ ਕਾਰਨ ਨੌਜਵਾਨ ਨੂੰ ਮਾਰਿਆ ਚਾਕੂ, ਮੌਤ

10/19/2019 4:24:40 PM

ਫਗਵਾੜਾ (ਹਰਜੋਤ)— ਇਕ ਰੈਸਟੋਰੈਂਟ ਦੇ ਬਾਹਰ ਫੋਟੋ ਖਿੱਚਵਾਉਣ ਦੇ ਮਾਮਲੇ 'ਤੇ ਆਪਸ 'ਚ ਲੜ ਰਹੇ ਵਿਆਹੁਤਾ ਜੋੜੇ ਦੇ ਨੇੜਿਓਂ ਲੰਘ ਰਹੇ ਇਕ ਨੌਜਵਾਨ 'ਤੇ ਸ਼ੱਕ ਕਰਨ 'ਤੇ ਗੁੱਸੇ 'ਚ ਆਏ ਵਿਅਕਤੀ ਨੇ ਉਕਤ ਨੌਜਵਾਨ ਦੀ ਛਾਤੀ 'ਚ ਚਾਕੂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਸਬੰਧ 'ਚ ਸਦਰ ਪੁਲਸ ਨੇ ਧਾਰਾ 302, 120-ਬੀ ਤਹਿਤ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਬਲਵਿੰਦਰ ਰਾਏ ਨੇ ਦੱਸਿਆ ਕਿ ਇਕ ਵਿੱਦਿਅਕ ਅਦਾਰੇ 'ਚ ਐਗਰੀਕਲਚਰ ਦਾ ਕੋਰਸ ਕਰ ਰਹੇ 5 ਵਿਦਿਆਰਥੀ ਖਾਣਾ ਖਾਣ ਲਈ ਰੈਸਟੋਰੈਂਟ 'ਚ ਗਏ ਸਨ। ਜਦੋਂ ਉੱਥੇ ਖਾਣਾ ਨਾ ਮਿਲਿਆ ਤਾਂ ਉਹ ਰੈਸਟੋਰੈਂਟ ਦੇ ਬਾਹਰ ਘੁੰਮ ਰਹੇ ਸਨ ਤਾਂ ਇੰਨੇ ਨੂੰ ਇਕ ਵਿਆਹੁਤਾ ਜੋੜਾ ਆਪਸ 'ਚ ਬਹਿਸਬਾਜ਼ੀ ਕਰ ਰਿਹਾ ਸੀ। ਉਨ੍ਹਾਂ ਨੇ ਉਨ੍ਹਾਂ ਵੱਲ ਦੇਖਿਆ ਅਤੇ ਉਕਤ ਨੌਜਵਾਨ ਕਰਨ ਸੈਣੀ ਜਦੋਂ ਉਹ ਪਾਰਕਿੰਗ 'ਚ ਲੱਗੀ ਆਪਣੀ ਐਕਟਿਵਾ ਕੱਢਣ ਗਿਆ ਤਾਂ ਬਹਿਸ ਕਰ ਰਹੇ ਵਿਅਕਤੀ ਨੇ ਉਸ ਦੀ ਛਾਤੀ 'ਚ ਚਾਕੂ ਮਾਰ ਦਿੱਤਾ, ਜੋ ਮੌਕੇ 'ਤੇ ਡਿੱਗ ਪਿਆ। ਜਿਸ ਨੂੰ ਐਂਬੂਲੈਂਸ ਬੁਲਾ ਕੇ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ। ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਜਲੰਧਰ ਦੇ ਇਕ ਹਸਪਤਾਲ ਭੇਜ ਦਿੱਤਾ, ਜਿੱਥੇ ਉਸ ਨੇ ਦਮ ਤੋੜ ਦਿੱਤਾ।

ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਸੈਣੀ ਪੁੱਤਰ ਕੈਲਾਸ਼ ਚੰਦਰ ਵਾਸੀ ਤਫਜ਼ਲਪੁਰ ਪਟਿਆਲਾ ਵਜੋਂ ਹੋਈ ਹੈ। ਉਕਤ ਨੌਜਵਾਨ ਆਪਣੇ ਦੋਸਤ ਆਸ਼ੂਤੋਸ਼ ਪੁੱਤਰ ਰਵਿੰਦਰ ਕੁਮਾਰ ਵਾਸੀ ਮੁਕੇਰੀਆਂ, ਸਚਿਨ ਪੁੱਤਰ ਰਾਜੇਸ਼ ਵਾਸੀ ਮਨੂੰਮਾਜਰਾ ਅੰਬਾਲਾ ਤੇ ਦੋ ਹੋਰ ਵਿਦਿਆਰਥਣਾਂ ਨਾਲ ਖਾਣਾ ਖਾਣ ਗਏ ਸਨ, ਬਾਕੀ ਚਾਰ ਬਾਹਰ ਰੁਕ ਗਏ ਅਤੇ ਇਹ ਇਕੱਲਾ ਕਰਨ ਹੀ ਅੰਦਰੋਂ ਐਕਟਿਵਾ ਕੱਢਣ ਗਿਆ ਸੀ। ਜਿਸ ਦੌਰਾਨ ਉਕਤ ਵਿਅਕਤੀ ਨੇ ਹਮਲਾ ਕਰ ਦਿੱਤਾ। ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਮੁਲਜ਼ਮ ਦੀ ਸ਼ਨਾਖਤ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।


shivani attri

Content Editor

Related News