ਨੌਜਵਾਨ ''ਤੇ ਗੋਲ਼ੀਆਂ ਚਲਾਉਣ ਦੇ ਮਾਮਲੇ ''ਚ ਪੀੜਤ ਪਰਿਵਾਰ ਨੇ ਇਨਸਾਫ਼ ਲਈ ਦਿੱਤਾ ਧਰਨਾ

07/12/2021 3:25:03 PM

ਹੁਸ਼ਿਆਰਪੁਰ (ਅਮਰੀਕ)- ਬੀਤੇ ਦਿਨੀਂ ਹੁਸ਼ਿਆਰਪੁਰ ਦੇ ਵਾਰਡ ਨੰਬਰ-15 ਅਧੀਨ ਆਉਂਦੇ ਮੁਹੱਲਾ ਸੁੰਦਰ ਨਗਰ ਵਿਖੇ ਕਾਂਗਰਸੀ ਕੌਂਸਲਰ ਚੰਦਰਾਵਤੀ ਦੇਵੀ ਦੇ ਪੁੱਤਰ ਵੱਲੋਂ ਇਕ ਨੌਜਵਾਨ ਨੂੰ ਸ਼ਰੇਆਮ  ਗੋਲ਼ੀਆਂ ਮਾਰ ਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਗਿਆ ਸੀ। ਜ਼ਖ਼ਮੀ ਨੌਜਵਾਨ ਨੂੰ ਮੋਹਾਲੀ ਵਿਖੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ ਅਤੇ ਪੀੜਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਹੋਰਨਾਂ ਸਹਿਯੋਗੀਆਂ ਨਾਲ ਮਿਲ ਕੇ ਇਨਸਾਫ ਲਈ ਸਥਾਨਕ ਰਹੀਮਪੁਰ ਚੌਕ ਵਿਚ ਜਾਮ ਲਗਾਇਆ ਗਿਆ ਸੀ। 

ਇਹ ਵੀ ਪੜ੍ਹੋ: ਜਲੰਧਰ: ਬੁਲੰਦ ਹੌਂਸਲਿਆਂ ਨੂੰ ਸਲਾਮ, 63 ਸਾਲਾ ਸੇਵਾ ਮੁਕਤ PCS ਅਧਿਕਾਰੀ ਬਣੀ ਕਾਲਜ ਦੀ ਟੌਪਰ

ਅੱਜ ਇਕ ਵਾਰ ਫਿਰ ਪੀੜਤ ਦੇ ਪਰਿਵਾਰ ਵੱਲੋਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਪੁਲਸ ਦੀ ਕਾਰਗੁਜ਼ਾਰੀ ਵਿਰੁੱਧ ਸਥਾਨਕ ਰਹੀਮਪੁਰ ਚੌਕ ਨੂੰ ਜਾਮ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।  ਗੱਲਬਾਤ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਬੇਸ਼ੱਕ ਕਥਿਤ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰਕੇ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਉਕਤ ਮਾਮਲੇ ਵਿਚ ਨਾਮਜ਼ਦ ਹੋਰਨਾਂ ਦੋਸ਼ੀਆਂ ਨੂੰ ਪੁਲਸ ਅਜੇ ਤੱਕ ਗ੍ਰਿਫ਼ਤਾਰ ਨਹੀਂ ਕਰ ਰਹੀ, ਜਿਸ ਦਾ ਇਕੋ-ਇਕ ਕਾਰਨ ਸਿਰਫ਼ ਅਤੇ ਸਿਰਫ਼ ਰਾਜਨੀਤਕ ਦਬਾਅ ਹੈ। 

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ 'ਚ ਨੌਜਵਾਨ ਦੀ ਤੈਰਦੀ ਲਾਸ਼ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼, ਪਿਆ ਚੀਕ-ਚਿਹਾੜਾ

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਜਦੋਂ ਉਨ੍ਹਾਂ ਵੱਲੋਂ ਆਪਣੇ ਹੱਕਾਂ ਲਈ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਪੁਲਸ ਵੱਲੋਂ ਉਲਟਾ ਉਨ੍ਹਾਂ 'ਤੇ ਹੀ ਮੁਕੱਦਮੇ ਦਰਜ ਕਰ ਦਿੱਤੇ ਗਏ ਜੋਕਿ ਸਰਾਸਰ ਪੰਜਾਬ ਪੁਲਸ ਦਾ ਆਮ ਲੋਕਾਂ ਨਾਲ ਧੱਕਾ ਹੈ। ਜਾਮ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਜਗਦੀਸ਼ ਰਾਜ ਅੱਤਰੀ ਅਤੇ ਥਾਣਾ ਮਾਡਲ ਟਾਊਨ ਦੇ ਮੁਖੀ ਕਰਨੈਲ ਸਿੰਘ ਮੌਕੇ 'ਤੇ ਪਹੁੰਚੇ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਥਿਤ ਦੋਸ਼ੀ ਨੂੰ ਕਾਬੂ ਕਰਕੇ ਉਸ ਤੋਂ ਅਸਲਾ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਕਥਿਤ ਦੋਸ਼ੀਆਂ ਨੂੰ ਵੀ ਕਾਰਵਾਈ ਉਪਰੰਤ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri