ਮਹਿਲਾ ਡਾਕਟਰ ਵੱਲੋਂ ਡਿਲਿਵਰੀ ਦੌਰਾਨ ਵਰਤੀ ਲਾਪ੍ਰਵਾਹੀ ਕਾਰਨ ਬੱਚੇ ਦੀ ਮੌਤ

06/13/2019 2:58:05 PM

ਰੂਪਨਗਰ (ਕੈਲਾਸ਼)— ਬੀਤੇ ਦਿਨ ਇਕ ਪ੍ਰਾਈਵੇਟ ਮਹਿਲਾ ਡਾਕਟਰ ਵੱਲੋਂ ਇਕ ਗਰਭਵਤੀ ਔਰਤ ਦੀ ਡਿਲਿਵਰੀ ਦੌਰਾਨ ਵਰਤੀ ਲਾਪ੍ਰਵਾਹੀ ਦੇ ਕਾਰਨ ਜਨਮ ਤੋਂ ਪਹਿਲਾਂ ਹੀ ਬੱਚੇ ਦੀ ਮੌਤ ਹੋ ਗਈ। ਇਸ ਸਬੰਧ 'ਚ ਗਰਭਵਤੀ ਔਰਤ ਰੱਜੀ ਪਤਨੀ ਵਿਜੇ ਪਾਲਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਮਹਿਲਾ ਡਾਕਟਰ ਵੱਲੋਂ ਡਿਲਿਵਰੀ ਦੇ ਸਮੇਂ ਕੀਤੀ ਗਈ ਜ਼ੋਰ-ਜ਼ਬਰਦਸਤੀ ਦੇ ਕਾਰਨ ਬੱਚੇ ਦੀ ਮੌਤ ਹੋ ਗਈ। ਸਿਵਲ ਹਸਪਤਾਲ 'ਚ ਇਲਾਜ ਅਧੀਨ ਰੱਜੀ ਅਤੇ ਉਸ ਦੀ ਛੋਟੀ ਭੈਣ ਅਕੀ ਅਤੇ ਉਥੇ ਮੌਜੂਦ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਰੱਜੀ ਨੂੰ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ ਇਕ ਮਹਿਲਾ ਡਾਕਟਰ ਦੇ ਕੋਲ ਡਿਲਿਵਰੀ ਲਈ ਭਰਤੀ ਕਰਵਾਇਆ ਗਿਆ ਸੀ ਪਰ ਮਹਿਲਾ ਡਾਕਟਰ ਵੱਲੋਂ ਰਾਤ ਭਰ ਡਿਲਿਵਰੀ ਲਈ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਸਵੇਰੇ 8 ਵਜੇ ਇਕ ਮ੍ਰਿਤਕ ਲੜਕਾ ਹੋਇਆ।

ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਲੜਕੇ ਦੀ ਮੌਤ ਜਨਮ ਤੋਂ ਪਹਿਲਾਂ ਹੀ ਹੋ ਗਈ ਸੀ। ਮਹਿਲਾ ਦੀ ਸਥਿਤੀ ਨੂੰ ਦੇਖਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਰੂਪਨਗਰ 'ਚ ਭਰਤੀ ਕਰਵਾਇਆ ਗਿਆ, ਜਿੱਥੇ ਹੁਣ ਉਹ ਇਲਾਜ ਅਧੀਨ ਹੈ। ਰੱਜੀ ਦੇ ਅਨੁਸਾਰ ਜਦੋਂ ਡਿਲਿਵਰੀ ਦੇ ਬਾਅਦ ਬੱਚੇ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਮਹਿਲਾ ਰੱਜੀ ਨੇ ਇਸ ਸਬੰਧ 'ਚ ਸ਼ਿਕਾਇਤ ਥਾਣਾ ਸਿਟੀ ਰੂਪਨਗਰ ਨੂੰ ਦੇ ਦਿੱਤੀ ਹੈ ਅਤੇ ਇਨਸਾਫ ਲਈ ਗੁਹਾਰ ਲਾਈ। ਮ੍ਰਿਤਕ ਬੱਚੇ ਦੀ ਲਾਸ਼ ਸਿਵਲ ਹਸਪਤਾਲ ਰੂਪਨਗਰ ਦੇ ਮੋਰਚਰੀ 'ਚ ਆਗਾਮੀ ਕਾਰਵਾਈ ਲਈ ਰੱਖ ਦਿੱਤੀ ਗਈ।


shivani attri

Content Editor

Related News