ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ, ਟਰੈਫਿਕ ਪੁਲਸ ਕਰੇਗੀ ਇਹ ਕੰਮ

07/21/2022 2:55:53 PM

ਜਲੰਧਰ (ਵਰੁਣ) : ਪੰਜਾਬ ਸਰਕਾਰ ਨੇ ਟਰੈਫਿਕ ਨਿਯਮਾਂ ਦੇ 6 ਓਫੈਂਸ ’ਤੇ ਜੁਰਮਾਨਾ ਅਤੇ ਕੁਝ ਸਮੇਂ ਲਈ ਲਾਇਸੈਂਸ ਸਸਪੈਂਡ ਕਰਨ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਇਸ ਨੂੰ ਲਾਗੂ ਕਰਨਾ ਟਰੈਫਿਕ ਪੁਲਸ ਲਈ ਆਸਾਨ ਨਹੀਂ ਹੋਵੇਗਾ। 6 ਓਫੈਂਸ ’ਚ ਸ਼ਾਮਲ ਡ੍ਰਿੰਕ ਐਂਡ ਡਰਾਈਵ ਨੂੰ ਲੈ ਕੇ ਟਰੈਫਿਕ ਪੁਲਸ ਪਰੇਸ਼ਾਨੀ ਵਿਚ ਫਸੀ ਹੋਈ ਹੈ ਕਿਉਂਕਿ ਕੋਰੋਨਾ ਕਾਰਨ ਪੰਜਾਬ ਸਰਕਾਰ ਨੇ ਹੀ ਹੁਕਮ ਜਾਰੀ ਕਰ ਕੇ ਅਲਕੋਮੀਟਰ ਨਾਲ ਟੈਸਟ ਕਰਨ ’ਤੇ ਰੋਕ ਲਾਈ ਸੀ। ਇਹ ਹੁਕਮ ਅਜੇ ਵੀ ਲਾਗੂ ਹੈ। ਜਲੰਧਰ ਟਰੈਫਿਕ ਪੁਲਸ ਕੋਲ 7 ਅਲਕੋਮੀਟਰ ਪਏ ਹਨ ਪਰ ਹੁਣ ਇਹ ਡੰਮੀ ਹੀ ਹਨ।

ਇਹ ਵੀ ਪੜ੍ਹੋ- ਪਰਿਵਾਰ ਲਈ ਕਾਲ ਬਣ ਕੇ ਆਇਆ ਮੀਂਹ, ਪਟਿਆਲਾ ਵਿਖੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਜਦੋਂ ਨਵੇਂ ਜਾਰੀ ਕੀਤੇ ਜੁਰਮਾਨੇ ਤਹਿਤ ਚਲਾਨ ਕੱਟਣੇ ਸ਼ੁਰੂ ਹੋਏ ਤਾਂ ਡ੍ਰਿੰਕ ਐਂਡ ਡਰਾਈਵ ਦੇ ਚਲਾਨਾਂ ਦੇ ਅੰਕੜੇ ਉਹ ਨਹੀਂ ਹੋਣਗੇ, ਜਿਹੜੇ ਹੋਣੇ ਚਾਹੀਦੇ ਹਨ। ਕਾਰਨ ਇਹ ਹੈ ਕਿ ਅਲਕੋਮੀਟਰ ਨਾਲ ਮੌਕੇ ’ਤੇ ਹੀ ਸ਼ਰਾਬ ਪੀ ਕੇ ਵਾਹਨ ਚਲਾਉਣ ਦੀ ਪੁਸ਼ਟੀ ਹੋ ਜਾਂਦੀ ਸੀ ਅਤੇ ਪੁਲਸ ਕਦੀ ਵੀ ਕਿਸੇ ਨੂੰ ਰੋਕ ਕੇ ਚੈੱਕ ਕਰ ਸਕਦੀ ਸੀ। ਅਲਕੋਮੀਟਰ ਟੈਸਟ ਬੈਨ ਹੋਣ ’ਤੇ ਟਰੈਫਿਕ ਪੁਲਸ ਹੁਣ ਵਾਹਨ ਚਾਲਕਾਂ ਦੇ ਬਲੱਡ ਟੈਸਟ ਕਰਵਾ ਕੇ ਪੁਸ਼ਟੀ ਕਰੇਗੀ ਕਿ ਉਸ ਨੇ ਕੋਈ ਨਸ਼ਾ ਕੀਤਾ ਹੈ ਜਾਂ ਨਹੀਂ।

ਟਰੈਫਿਕ ਪੁਲਸ ਦਾ ਰੁਟੀਨ ਵਰਕ ਪ੍ਰਭਾਵਿਤ ਹੋਵੇਗਾ

ਹਾਲਾਂਕਿ ਪੁਲਸ ਉਨ੍ਹਾਂ ਲੋਕਾਂ ਦੇ ਟੈਸਟ ਕਰਵਾਵੇਗੀ, ਜਿਨ੍ਹਾਂ ’ਤੇ ਪੁਲਸ ਨੂੰ ਸ਼ੱਕ ਹੋਇਆ। ਇਸਦਾ ਇਕ ਸਾਈਡ ਇਫੈਕਟ ਇਹ ਵੀ ਸਾਹਮਣੇ ਆਵੇਗਾ ਕਿ ਟਰੈਫਿਕ ਪੁਲਸ ਦੀ ਘੱਟ ਨਫਰੀ ਇਸ ਵਿਚ ਅੜਿੱਕਾ ਬਣ ਸਕਦੀ ਹੈ। ਇਸ ਟੈਸਟ ਲਈ ਟਰੈਫਿਕ ਪੁਲਸ ਨੂੰ ਸਿਵਲ ਹਸਪਤਾਲ ਜਾਣਾ ਪਵੇਗਾ, ਜਿਸ ਨਾਲ ਉਨ੍ਹਾਂ ਦਾ ਰੁਟੀਨ ਵਰਕ ਪ੍ਰਭਾਵਿਤ ਹੋਵੇਗਾ ਅਤੇ ਆਉਣ-ਜਾਣ ਵਿਚ ਸਮਾਂ ਵੀ ਲੱਗੇਗਾ। ਇਸ ਸਮੇਂ ਟਰੈਫਿਕ ਪੁਲਸ ਕੋਲ 165 ਮੁਲਾਜ਼ਮਾਂ ਦਾ ਸਟਾਫ਼ ਹੈ, ਜਿਹੜਾ ਕਾਫ਼ੀ ਘੱਟ ਹੈ। ਇਨ੍ਹਾਂ ਮੁਲਾਜ਼ਮਾਂ ਵੱਲੋਂ ਸ਼ਹਿਰ ਅਤੇ ਹਾਈਵੇ ਦੇ ਪੁਆਇੰਟਾਂ ’ਤੇ ਨਾਕਾਬੰਦੀ ਕੀਤੀ ਜਾਂਦੀ ਹੈ ਅਤੇ ਆਫ਼ਿਸ ਦਾ ਕੰਮ ਵੀ ਲਿਆ ਜਾਂਦਾ ਹੈ।

ਇਹ ਵੀ ਪੜ੍ਹੋ- ਖ਼ੂਨ ਹੋਇਆ ਚਿੱਟਾ! ਨਸ਼ੇੜੀ ਪੁੱਤ ਨੇ ਕੁਹਾੜੀ ਮਾਰ ਕੀਤਾ ਮਾਂ ਦਾ ਕਤਲ

ਅਲਕੋਮੀਟਰ ਟੈਸਟ ਸ਼ੁਰੂ ਵੀ ਹੋਇਆ ਤਾਂ ਖ਼ਤਮ ਨਹੀਂ ਹੋਵੇਗੀ ਸਮੱਸਿਆ

ਜੇਕਰ ਪੰਜਾਬ ਸਰਕਾਰ ਕੋਰੋਨਾ ਦੇ ਅੰਕੜੇ ਨਾਂਹ ਦੇ ਬਰਾਬਰ ਹੋਣ ’ਤੇ ਅਲਕੋਮੀਟਰ ਨਾਲ ਟੈਸਟ ਕਰਨ ਦਾ ਬੈਨ ਹਟਾ ਵੀ ਦੇਵੇ ਤਾਂ ਟਰੈਫਿਕ ਪੁਲਸ ਦੀ ਸਮੱਸਿਆ ਖ਼ਤਮ ਨਹੀਂ ਹੋਵੇਗੀ। ਦਰਅਸਲ ਕੇਂਦਰ ਸਰਕਾਰ ਨੇ ਹਾਲ ਹੀ ਵਿਚ ਪੂਰੇ ਦੇਸ਼ ਵਿਚ ਵਨ ਟਾਈਮ ਯੂਜ਼ ਹੋਣ ਵਾਲੇ ਪਲਾਸਟਿਕ ਪ੍ਰੋਡਕਟਸ ਬੈਨ ਕਰ ਦਿੱਤੇ। ਅਲਕੋਮੀਟਰ ਦੇ ਅੱਗੇ ਲੱਗਣ ਵਾਲੀ ਪਾਈਪ ਵੀ ਉਸੇ ਪ੍ਰੋਡਕਟ ਵਿਚ ਆਉਂਦੀ ਹੈ, ਜਿਸ ਨੂੰ ਇਕ ਵਾਰ ਫੂਕ ਮਾਰ ਕੇ ਟੈਸਟ ਕਰਨ ਤੋਂ ਬਾਅਦ ਨਸ਼ਟ ਕਰ ਦਿੱਤਾ ਜਾਂਦਾ ਸੀ। ਹੁਣ ਉਹ ਪਾਈਪਾਂ ਵੀ ਬੈਨ ਹੋ ਚੁੱਕੀਆਂ ਹਨ। ਜੇਕਰ ਸਟਾਕ ਦੀ ਗੱਲ ਕਰੀਏ ਤਾਂ ਟਰੈਫਿਕ ਪੁਲਸ ਕੋਲ ਪਾਈਪਾਂ ਦਾ ਸਟਾਕ ਵੀ ਬਚਿਆ ਹੋਇਆ ਹੈ, ਜਿਹੜਾ ਕੁਝ ਹੀ ਦਿਨਾਂ ਵਿਚ ਖ਼ਤਮ ਵੀ ਹੋ ਜਾਵੇਗਾ। ਅਜਿਹੇ ਵਿਚ ਡ੍ਰਿੰਕ ਐਂਡ ਡਰਾਈਵ ਦੇ ਟੈਸਟ ਪ੍ਰੇਸ਼ਾਨੀ ਬਣ ਕੇ ਅੜਿੱਕਾ ਬਣ ਰਹੇ ਹਨ।

ਪੰਜਾਬ ਸਰਕਾਰ ਦੇ ਜਿਹੜੇ ਹੁਕਮ ਆਉਣਗੇ, ਉਹ ਲਾਗੂ ਹੋਣਗੇ : ਡੀ. ਸੀ. ਪੀ. ਟਰੈਫਿਕ

ਡੀ. ਸੀ. ਪੀ. ਟਰੈਫਿਕ ਅੰਕੁਰ ਗੁਪਤਾ (ਆਈ. ਪੀ. ਐੱਸ.) ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਲਕੋਮੀਟਰ ’ਤੇ ਬੈੱਨ ਚੱਲ ਰਿਹਾ ਹੈ ਤੇ ਜੇਕਰ ਲੋੜ ਪਈ ਤਾਂ ਬਲੱਡ ਟੈਸਟ ਕਰਵਾ ਕੇ ਡ੍ਰਿੰਕ ਐਂਡ ਡਰਾਈਵ ਦਾ ਪਤਾ ਕਰਵਾਉਣਾ ਹੋਵੇਗਾ। ਅਲਕੋਮੀਟਰ ਟੈਸਟ ਤੋਂ ਜਦੋਂ ਬੈੱਨ ਹਟੇਗਾ ਫਿਰ ਟੈਸਟ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਆ ਸਕਦੀਆਂ ਹਨ, ਜਿਸ ਤਹਿਤ ਹੀ ਉਨ੍ਹਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਵੀ ਦੇਸ਼ ਭਰ ਵਿਚ ਕੋਰੋਨਾ ਦੇ ਅੰਕੜੇ ਵਧ ਰਹੇ ਹਨ, ਜਿਸ ਕਾਰਨ ਅਲਕੋਮੀਟਰ ਟੈਸਟ ਤੋਂ ਬੈਨ ਫਿਲਹਾਲ ਨਹੀਂ ਹਟਾਇਆ ਜਾ ਸਕਦਾ।

ਨੋਟ- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਰਾਹੀਂ ਸਾਂਝੇ ਕਰੋ। 


Simran Bhutto

Content Editor

Related News