ਬਲੱਡ ਬੈਂਕ ਮਾਮਲਾ: ਮਰੀਜ਼ ਦੀ ਹਾਲਤ ਗੰਭੀਰ, ਪੀ. ਜੀ. ਆਈ. ਰੈਫਰ

02/08/2020 12:22:52 PM

ਫਗਵਾੜਾ/ਕਪੂਰਥਲਾ (ਹਰਜੋਤ, ਮਹਾਜਨ)— ਸਿਵਲ ਹਸਪਤਾਲ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਇਕ ਨੌਜਵਾਨ ਪ੍ਰਦੀਪ ਕੁਮਾਰ (19) ਨੂੰ ਗਲਤ ਖੂਨ ਚੜ੍ਹਾਉਣ ਦੇ ਮਾਮਲੇ ਤੋਂ ਬਾਅਦ ਉਸ ਦੀ ਹਾਲਤ ਲਗਾਤਾਰ ਗੰਭੀਰ ਹੁੰਦੀ ਜਾ ਰਹੀ ਹੈ। ਬੀਤੇ ਦਿਨ ਪ੍ਰਦੀਪ ਦੀ ਹਾਲਤ ਦੀ ਗੰਭੀਰਤਾ ਨੂੰ ਦੇਖਦੇ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਡਰੱਗ ਇੰਸਪੈਕਟਰ ਡਾ. ਅਨੁਪਮਾ ਕਾਲੀਆ ਨੇ ਗੱਲਬਾਤ ਕਰਦੇ ਕੀਤੀ।

'ਓ' ਪਾਜ਼ੀਟਿਵ ਦੀ ਥਾਂ ਚੜ੍ਹਾਇਆ ਸੀ 'ਬੀ' ਪਾਜ਼ੀਟਿਵ ਖੂਨ
ਜ਼ਿਕਰਯੋਗ ਹੈ ਕਿ ਹਸਪਤਾਲ 'ਚ ਸਥਿਤ ਬਲੱਡ ਬੈਂਕ ਦੇ ਇਕ ਲੈਬਾਰਟਰੀ ਟੈਕਨੀਸ਼ੀਅਨ ਰਵੀ ਕੁਮਾਰ ਵੱਲੋਂ ਵਰਤੀ ਗਈ ਲਾਪਰਵਾਹੀ ਕਾਰਨ ਉਸ ਨੂੰ 'ਓ' ਪਾਜ਼ੀਟਿਵ ਦੀ ਥਾਂ 'ਬੀ' ਪਾਜ਼ੀਟਿਵ ਖੂਨ ਚੜ੍ਹਾ ਦਿੱਤਾ, ਇਸ ਨੂੰ ਖੂਨ ਚੜ੍ਹਦਿਆਂ-ਚੜ੍ਹਦਿਆਂ ਹੀ ਇਸ ਦਾ ਭੇਦ ਖੁੱਲ੍ਹਣ ਕਾਰਨ ਇਸ ਨੂੰ ਅੱਧ ਵਿਚਕਾਰ ਹੀ ਰੋਕ ਲਿਆ ਗਿਆ। ਜਿਸ ਕਾਰਣ ਮਰੀਜ਼ ਦੀ ਜ਼ਿੰਦਗੀ ਦਾ ਬਚਾਅ ਹੋ ਗਿਆ। ਇਸ ਸਬੰਧੀ ਮਾਮਲਾ ਉਜਾਗਰ ਹੋਣ ਤੋਂ ਬਾਅਦ ਹਿੰਦੋਸਤਾਨ ਬਲੱਡ ਡੋਨਰਜ਼ ਸੰਸਥਾ ਨੇ ਇਸ ਨੂੰ ਪ੍ਰਮੁੱਖਤਾ ਨਾਲ ਪੇਸ਼ ਕੀਤਾ, ਜਿਸ ਕਾਰਨ ਸਿਹਤ ਵਿਭਾਗ ਦੀਆਂ ਉੱਚ ਪੱਧਰੀ ਟੀਮਾਂ ਇਥੇ ਪੁੱਜੀਆਂ ਅਤੇ ਮਾਮਲੇ ਦੀ ਜਾਂਚ ਕਰਕੇ ਇਸ ਦੀ ਰਿਪੋਰਟ ਮਹਿਕਮੇ ਨੂੰ ਭੇਜ ਦਿੱਤੀ। ਜਿਸ 'ਤੇ ਕਾਰਵਾਈ ਕਰਦਿਆਂ ਬਲੱਡ ਬੈਂਕ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਕੰਮ 'ਚ ਲਾਪਰਵਾਹੀ ਵਰਤਣ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਸਟਾਫ ਦੀ ਲਾਪਰਵਾਹੀ ਕਾਰਨ ਜਾ ਸਕਦੀ ਸੀ ਮਰੀਜ਼ ਦੀ ਜਾਨ
ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਹਰ ਇਕ ਗਰੀਬ ਅਤੇ ਆਮ ਵਿਅਕਤੀ ਤਾਂ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਦਾ ਸਹਾਰਾ ਲੈਂਦਾ ਹੈ ਪਰ ਇਥੇ ਹਾਲਾਤ ਇਹ ਬਣੇ ਹੋਏ ਹਨ ਕਿ ਸਟਾਫ ਦੀ ਇੰਨੀ ਵੱਡੀ ਲਾਪਰਵਾਹੀ ਨਾਲ ਮਰੀਜ਼ ਨੂੰ ਆਪਣੀ ਜਾਨ ਤੋਂ ਹੱਥ ਗੁਆਣੇ ਪੈ ਸਕਦੇ ਸਨ ।
ਅਕਸਰ ਲੋਕ ਸਿਵਲ ਹਸਪਤਾਲ 'ਚ ਸਸਤੇ ਅਤੇ ਵਧੀਆ ਇਲਾਜ ਦੀ ਆਸ ਲੈ ਕੇ ਆਉਂਦੇ ਹਨ ਪਰ ਇਥੇ ਇਹ ਹਾਲਾਤ ਹੁੰਦੇ ਹਨ ਕਿ ਮਰੀਜ਼ਾਂ ਦੀ ਚੰਗੀ ਤਰ੍ਹਾਂ ਪੁੱਛ ਪੜਤਾਲ ਵੀ ਨਹੀਂ ਕੀਤੀ ਜਾਂਦੀ ਅਤੇ ਇਸ ਤੋਂ ਵੱਡੀ ਲਾਪਰਵਾਹੀ ਕੀ ਹੋਵੇਗੀ ਕਿ ਮਰੀਜ਼ ਨੂੰ ਖੂਨ ਹੀ ਗਲਤ ਗਰੁੱਪ ਦਾ ਚੜ੍ਹਾ ਦਿੱਤਾ ਗਿਆ ਹੈ, ਜਿਸ ਨਾਲ ਹੁਣ ਹਾਲਤ ਗੰਭੀਰ ਬਣੀ ਹੋਈ ਦੇਖਦਿਆਂ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ।

ਡਰੱਗ ਇੰਸਪੈਕਟਰਾਂ ਨੇ ਚੈਕਿੰਗ ਦੌਰਾਨ ਕੀਤਾ ਸੀ ਫਗਵਾੜਾ ਹਸਪਤਾਲ 'ਚ ਖਾਮੀਆਂ ਦਾ ਖੁਲਾਸਾ
ਡਰੱਗ ਇੰਸਪੈਕਟਰ ਕਪੂਰਥਲਾ ਡਾ. ਅਨੁਪਮਾ ਕਾਲੀਆ ਅਤੇ ਡਰੱਗ ਇੰਸਪੈਕਟਰ ਬੱਦੀ ਹਿਮਾਚਲ ਸੰਜੈ ਕੁਮਾਰ ਨੇ 4 ਫਰਵਰੀ ਨੂੰ ਬਲੱਡ ਬੈਂਕ ਸਿਵਲ ਹਸਪਤਾਲ ਫਗਵਾੜਾ 'ਚ ਚੈਕਿੰਗ ਕੀਤੀ ਤਾਂ ਚੈਕਿੰਗ ਦੌਰਾਨ ਬਹੁਤ ਸਾਰੀਆਂ ਖਾਮੀਆਂ ਪਾਈਆਂ ਗਈਆਂ। ਖਾਮੀਆਂ 'ਚ ਇਹ ਦੇਖਿਆ ਗਿਆ ਕਿ ਜੋ 2 ਯੂਨਿਟ ਬਲੱਡ ਡਿਸਕਾਡ ਹੋਣੇ ਸਨ, ਉਹ ਹੋਏ ਨਹੀਂ। ਟੈਸਟਿੰਗ ਫਰਿਜ 'ਚ ਰੱਖ ਦਿੱਤੇ ਅਤੇ ਉਨ੍ਹਾਂ ਨੂੰ 2 ਮਰੀਜ਼ਾਂ ਨੂੰ ਇਸ਼ੂ ਕਰ ਦਿੱਤੇ ਗਏ ਤੇ ਮਰੀਜ਼ ਨੂੰ ਚੜ੍ਹ ਗਏ। ਜਿਸ 'ਤੇ ਐਕਸ਼ਨ ਲੈਂਦੇ ਹੋਏ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਸੰਯੁਕਤ ਕਮਿਸ਼ਨਰ ਡਰੱਗ-ਕਮ-ਲਾਇਸੈਂਸ ਅਥਾਰਟੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਪ੍ਰਦੀਪ ਕੁਮਾਰ ਨੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ। ਜਿਸ 'ਚ ਐਡੀਸ਼ਨਲ ਪ੍ਰਾਜੈਕਟ ਨਿਰਦੇਸ਼ਕ ਡਾ. ਮਨਪ੍ਰੀਤ ਚਟਵਾਲ, ਸੰਯੁਕਤ ਨਿਰਦੇਸ਼ਕ-ਕਮ-ਮੈਂਬਰ ਬਲੱਡ ਟ੍ਰਾਂਸਫੀਸ਼ਿਅਨ ਸਰਵਿਸ ਡਾ. ਸੁਨੀਤਾ, ਡਿਪਟੀ ਮੈਡੀਕਲ ਕਮਿਸ਼ਨਰ ਕਪੂਰਥਲਾ ਡਾ. ਸਾਰਿਕਾ ਦੁੱਗਲ, ਬਲੱਡ ਟੈਕਨੀਸ਼ਨ ਅਫਿਸਰ (ਬੀ. ਟੀ. ਓ.) ਸਿਵਲ ਹਸਪਤਾਲ ਕਪੂਰਥਲਾ, ਡਾ. ਪ੍ਰੇਮ ਕੁਮਾਰ ਅਤੇ ਜ਼ਿਲਾ ਡਰੱਗ ਇੰਸਪੈਕਟਰ ਡਾ. ਅਨੁਪਮਾ ਕਾਲੀਆ ਮੈਂਬਰ ਨਿਯੁਕਤ ਕੀਤੇ ਗਏ ਹਨ। ਗਠਨ ਟੀਮ ਨੇ ਜਾਂਚ ਦੌਰਾਨ ਪਾਇਆ ਕਿ ਉਕਤ ਮਾਮਲਿਆਂ 'ਚ ਬੀ. ਟੀ. ਓ. ਡਾ ਹਰਦੀਪ ਸੇਠੀ ਤੇ ਲੈਬ ਟੈਕਨੀਸ਼ਨ ਸਿਵਲ ਹਸਪਤਾਲ ਫਗਵਾੜਾ ਰਵੀ ਪਾਲ ਦੀ ਲਾਪਰਵਾਹੀ ਸਾਹਮਣੇ ਆਈ ਸੀ।

ਬਲੱਡ ਬੈਂਕ ਫਗਵਾੜਾ ਬੰਦ, ਬਲੱਡ ਬੈਂਕ ਕਪੂਰਥਲਾ ਤੋਂ ਆਉਣਗੇ ਸਭ ਬਲੱਡ ਯੂਨਿਟ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਡਰੱਗ ਇੰਸਪੈਕਟਰ ਡਾ. ਅਨੁਪਮਾ ਕਾਲੀਆ ਨੇ ਦੱਸਿਆ ਕਿ ਬਲੱਡ ਬੈਂਕ ਫਗਵਾੜਾ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਉੱਥੋਂ ਦੇ ਬਲੱਡ ਯੂਨਿਟਾਂ ਨੂੰ ਕਪੂਰਥਲਾ ਬਲੱਡ ਬੈਂਕ 'ਚ ਲਿਆਂਦਾ ਜਾ ਰਿਹਾ ਹੈ।

shivani attri

This news is Content Editor shivani attri