ਟਾਂਡਾ ’ਚ ਭਾਜਪਾ ਵਰਕਰਾਂ ਨੇ ਤ੍ਰਿਣਮੂਲ ਕਾਂਗਰਸ ਖ਼ਿਲਾਫ਼ ਪ੍ਰਗਟਾਇਆ ਰੋਸ

05/05/2021 3:39:46 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਮੋਮੀ)-ਭਾਜਪਾ ਦੇ ਐੱਸ. ਸੀ. ਮੋਰਚੇ ਦੇ ਕਾਰਕੁਨਾਂ ਨੇ ਅੱਜ ਟਾਂਡਾ ’ਚ ਤ੍ਰਿਣਮੂਲ ਕਾਂਗਰਸ  ਅਤੇ ਮਮਤਾ ਬੈਨਰਜੀ ਖ਼ਿਲਾਫ਼ ਰੋਸ ਵਿਖਾਵਾ ਕੀਤਾ। ਇਸ ਦੌਰਾਨ ਉਸ ਸਮੇਂ ਭਾਜਪਾ ਵਰਕਰਾਂ ਦਾ ਕਿਸਾਨ ਜਥੇਬੰਦੀਆਂ ਨਾਲ ਟਕਰਾਅ ਟਲ ਗਿਆ, ਜਦੋਂ ਕਿਸਾਨਾਂ ਦੇ ਆਉਣ ਤੋਂ ਪਹਿਲਾਂ ਹੀ ਭਾਜਪਾ ਵਰਕਰਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰ ਦਿੱਤਾ। ਦੁਪਹਿਰ 12 .30 ਵਜੇ ਭਾਜਪਾ ਐੱਸ. ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਜਾਜਾ ਅਤੇ ਬੌਬੀ ਰਾਜਪੁਰ ਦੀ ਅਗਵਾਈ ’ਚ ਸਰਕਾਰੀ ਹਸਪਤਾਲ ਚੌਕ ’ਚ ਪਹੁੰਚੇ ਭਾਜਪਾ ਵਰਕਰਾਂ ਨੇ ਤ੍ਰਿਣਮੂਲ ਕਾਂਗਰਸ ਅਤੇ ਮਮਤਾ ਬੈਨਰਜੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਪੱਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਉਕਸਾਵੇ ਅਤੇ ਹਿੰਸਕ ਰਾਜਨੀਤੀ ਕਰਦਿਆਂ ਲੋਕਤੰਤਰ ਦਾ ਘਾਣ ਕਰਦਿਆਂ ਭਾਜਪਾ ਵਰਕਰਾਂ ਦੇ ਕਤਲ ਕਰਵਾਉਣ ਦੇ ਨਾਲ-ਨਾਲ ਜਾਨਲੇਵਾ ਹਮਲੇ, ਅੱਗਜ਼ਨੀ, ਗੁੰਡਾਗਰਦੀ, ਲੁੱਟ ਕਰਵਾ ਰਹੀ ਹੈ, ਜੋ ਬੇਹੱਦ ਸ਼ਰਮਨਾਕ ਹੈ।

PunjabKesari

ਉਨ੍ਹਾਂ ਕੇਂਦਰ ਸਰਕਾਰ ਨੂੰ ਇਸ ਦਾ ਸਖਤ ਨੋਟਿਸ ਲੈਣ ਦੀ ਅਪੀਲ ਕਰਦਿਆਂ ਆਖਿਆ ਕਿ ਭਾਜਪਾ ਅਜਿਹੀ ਗੁੰਡਾਗਰਦੀ ਖ਼ਿਲਾਫ਼ ਦੇਸ਼ਵਿਆਪੀ ਅੰਦੋਲਨ ਸ਼ੁਰੂ ਕਰੇਗੀ। ਇਸ ਮੌਕੇ ਜੋਗਿੰਦਰ ਸਿੰਘ, ਅਸ਼ੋਕ ਕੁਮਾਰ, ਅੰਕੁਰ ਮੱਟੂ, ਸਾਹਿਬ ਸਿੰਘ, ਜਸਪਾਲ ਸਿੰਘ, ਪ੍ਰਿੰਸ ਜੌਲੀ, ਅਮਨਦੀਪ ਸਿੰਘ ਆਦਿ ਮੌਜੂਦ ਸਨ। ਉੱਧਰ ਇਸ ਦੌਰਾਨ ਭਾਜਪਾ ਵਰਕਰਾਂ ਦੇ ਵਿਰੋਧ ਦੇ ਪ੍ਰੋਗਰਾਮ ਦੀ ਸੂਚਨਾ ਹੋਣ ਤੇ ਕਿਸਾਨ ਜਥੇਬੰਦੀਆਂ ਦੇ ਉੱਥੇ ਆਉਣ ਦੀ ਸੂਚਨਾ ਦੇ ਮੱਦੇਨਜ਼ਰ ਵੱਡੀ ਗਿਣਤੀ ਪੁਲਸ ਕਰਮਚਾਰੀ ਸਰਕਾਰੀ ਹਸਪਤਾਲ ਚੌਕ ’ਚ ਮੌਜੂਦ ਰਹੇ । ਹਾਲਾਂਕਿ ਭਾਜਪਾ ਵਰਕਰਾਂ ਦੇ ਧਰਨੇ ਦੇ ਸੰਖੇਪ ਪ੍ਰੋਗਰਾਮ ਨੂੰ ਪੂਰਾ ਕਰ ਕੇ ਜਾਣ ਤੋਂ ਬਾਅਦ ਕਿਸਾਨਾਂ ਦੇ ਪਹੁੰਚਣ ’ਤੇ ਟਕਰਾਅ ਦੀ ਸਥਿਤੀ ਨਹੀਂ ਬਣੀ। ਇਸ ਦੌਰਾਨ ਦੋਆਬਾ ਕਿਸਾਨ ਕਮੇਟੀ ਅਤੇ ਲੋਕ ਇਨਕਲਾਬ ਮੰਚ ਦੇ ਮੈਂਬਰਾਂ ਸਤਪਾਲ ਸਿੰਘ ਮਿਰਜ਼ਾਪੁਰ, ਹਰਦੀਪ ਖੁੱਡਾ, ਹਰਭਜਨ ਸਿੰਘ ਰਾਪੁਰ, ਸ਼ਿਵਪੂਰਨ ਸਿੰਘ, ਗੁਰਮਿੰਦਰ ਸਿੰਘ ਆਦਿ ਆਗੂਆਂ ਨੇ ਭਾਜਪਾ ਦੇ ਤ੍ਰਿਣਮੂਲ ਪਾਰਟੀ ਦੇ ਵਿਰੋਧ ਨੂੰ ਬੇਮਾਇਨਾ ਕਰਾਰ ਦਿੰਦਿਆਂ ਆਖਿਆ ਕਿ ਭਾਜਪਾ ਆਪਣੀਆਂ ਦਮਨਕਾਰੀ ਨੀਤੀਆਂ ਅਪਣਾ ਕੇ ਬੰਗਾਲ ਨੂੰ ਜਿੱਤਣਾ ਚਾਹੁੰਦੀ ਸੀ ਪਰ ਮਮਤਾ ਬੈਨਰਜੀ ਹੱਥੋਂ ਮੂੰਹ ਦੀ ਖਾਣ ਤੋਂ ਬਾਅਦ ਡਰਾਮੇ ਕਰਵਾ ਰਹੀ ਹੈ । ਉਨ੍ਹਾਂ ਆਖਿਆ ਕਿ ਉਹ ਕਿਸਾਨ ਵਿਰੋਧੀ ਭਾਜਪਾ ਦੇ ਕਿਸੇ ਵੀ ਡਰਾਮੇ ਨੂੰ ਟਾਂਡਾ ਇਲਾਕੇ ’ਚ ਨਹੀਂ ਹੋਣ ਦੇਣਗੇ । 
 


Manoj

Content Editor

Related News