ਹਲਕਾ ਗੜ੍ਹਸ਼ੰਕਰ 'ਚ ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟਣਾ 'ਆਪ' ਸਰਕਾਰ ਦੀ ਕੋਝੀ ਰਾਜਨੀਤੀ ਦਾ ਸਬੂਤ: ਨਿਮਿਸ਼ਾ ਮਹਿਤਾ

06/19/2023 1:15:04 PM

ਗੜ੍ਹਸ਼ੰਕਰ- ਹਲਕਾ ਗੜ੍ਹਸ਼ੰਕਰ ਦੇ ਪਿੰਡਾਂ 'ਚ ਕੱਟੇ ਗ਼ਰੀਬ ਲੋਕਾਂ ਦੇ ਕਣਕ ਵਾਲੇ ਰਾਸ਼ਨ ਕਾਰਡਾਂ ਨੂੰ ਲੈ ਕੇ ਹਲਕਾ ਗੜ੍ਹਸ਼ੰਕਰ ਦੀ ਭਾਜਪਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਭਗਵੰਤ ਮਾਨ ਦੀ ਸਰਕਾਰ ਅਤੇ ਵਿਧਾਇਕ ਜੈ ਕ੍ਰਿਸ਼ਨ ਰੌੜੀ 'ਤੇ ਤਿੱਖੇ ਹਮਲੇ ਬੋਲੇ ਹਨ। ਉਨ੍ਹਾਂ ਕਿਹਾ ਕਿ ਗ਼ਰੀਬਾਂ ਕੋਲੋਂ ਕਣਕ ਦੀ ਸੁਵਿਧਾ ਖੋਹ ਕੇ ਉਨ੍ਹਾਂ ਨੂੰ ਤੜਫਾਉਣਾ, ਫਿਰ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਦੇ ਦਰ 'ਤੇ ਆ ਕੇ ਤਰਲੇ ਕੱਢਣ ਲਈ ਗ਼ਰੀਬ ਲੋਕਾਂ ਨੂੰ ਮਜਬੂਰ ਕਰਨਾ 'ਆਪ' ਸਰਕਾਰ ਦੀ ਕੋਝੀ ਰਾਜਨੀਤੀ ਦਾ ਸਬੂਤ ਹੈ।  ਨਿਮਿਸ਼ਾ ਮਹਿਤਾ ਨੇ ਕਿਹਾ ਕਿ 'ਆਪ' ਵਿਧਾਇਕ ਜੈ ਕ੍ਰਿਸ਼ਨ ਰੌੜੀ ਸਰਕਾਰ ਵਿਚ ਡਿਪਟੀ ਸਪੀਕਰ ਹਨ ਅਤੇ ਹਲਕੇ ਵਿਚ ਅਫ਼ਸਰ ਉਨ੍ਹਾਂ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਇਸ ਲਈ ਇਹ ਗੱਲ ਜਨਤਾ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਕਿ ਗ਼ਰੀਬਾਂ ਮਜ਼ਲੂਮਾਂ ਦੇ ਮੂੰਹ ਦੀ ਰੋਟੀ 'ਆਪ' ਸਰਕਾਰ ਵੱਲੋਂ ਹੀ ਖੋਹੀ ਗਈ ਹੈ ਅਤੇ ਇਹ ਸਾਰਾ ਕਾਰਾ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਦੇ ਇਸ਼ਾਰਿਆਂ 'ਤੇ ਹੀ ਹੋਇਆ ਹੈ। ਨਿਮਿਸ਼ਾ ਨੇ ਕਿਹਾ ਕਿ ਪੂਰੇ ਗੜ੍ਹਸ਼ੰਕਰ ਵਿਚ ਸਿਰਫ਼ ਗਰੀਬਾਂ ਦੇ ਹੀ ਕਾਰਡ ਕਟੇ ਗਏ ਹਨ। ਹਲਕਾ ਵਿਧਾਇਕ ਜੈ ਕ੍ਰਿਸ਼ਨ ਰੌੜੀ ਇਸ ਗੱਲ ਦਾ ਜਨਤਾ ਨੂੰ ਜਵਾਬ ਦੇਣ ਕਿ 32 ਰੁਪਏ ਕਿਲੋ ਆਟਾ ਇਨ੍ਹਾਂ ਗ਼ਰੀਬਾਂ ਨੂੰ ਕੌਣ ਲੈ ਕੇ ਦੇਵੇਗਾ। 

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ-ਜਿਹਾ ਰਹੇਗਾ ਮੌਸਮ

ਹਲਕਾ ਇੰਚਾਰਜ ਨਿਮਿਸ਼ਾ ਨੇ ਕਿਹਾ ਕਿ ਇਕ ਪਾਸੇ ਗ਼ਰੀਬਾਂ ਦੇ ਰਾਸ਼ਨ ਕਾਰਡ ਜਾਣਬੁੱਝ ਕੇ ਗਿਣੀ-ਮਿੱਥੀ ਸਾਜਿਸ਼ ਤਹਿਤ ਕਟਾਏ ਗਏ ਹਨ, ਉਥੇ ਹੀ ਦੂਜੇ ਪਾਸੇ ਰੌੜੀ ਆਪਣੇ 'ਆਪ' ਨੂੰ ਸੁੱਚਾ ਸਾਬਤ ਕਰਨ ਲਈ ਦੋਬਾਰਾ ਫਾਰਮ ਭਰਵਾਉਣ ਦੀ ਗੱਲ ਕਰ ਰਹੇ ਹਨ ਜੋਕਿ ਆਪਣੇ ਆਪ ਵਿਚ ਇਸ ਗੱਲ ਦਾ ਸਬੂਤ ਹੈ ਰੌੜੀ ਵੱਲੋਂ ਗ਼ਰੀਬਾਂ ਦੇ ਕਾਰਡ ਸਿਰਫ਼ ਤੇ ਸਿਰਫ਼ ਲੋੜਵੰਦਾਂ ਨੂੰ ਆਪਣੇ ਦਰ 'ਤੇ ਮੰਗਾ ਕੇ ਆਪਣੇ ਤਰਲੇ-ਮਿੰਨਤਾਂ ਕਢਾਉਣ ਲਈ ਕਟਾਏ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਰਡ ਕੱਟਣ ਹੀ ਕਿਉਂ ਦਿੱਤੇ ਗਏ ਜੋ ਹੁਣ ਦੋਬਾਰਾ ਫਾਰਮ ਭਰਵਾਉਣ ਦੀ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਹੈ, ਜਿਸ ਨੇ ਗ਼ਰੀਬਾਂ ਤੋਂ ਕਣਕ ਦੇ ਦੋ ਰੁਪਏ ਲੈਣੇ ਵੀ ਬੰਦ ਕਰ ਦਿੱਤੇ ਹਨ, ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜਿਸ ਨੇ ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟ ਕੇ ਉਨ੍ਹਾਂ ਦੀ ਗ਼ਰੀਬੀ ਦੇ ਜ਼ਖ਼ਮਾਂ 'ਤੇ ਲੂਣ ਛਿੜਕਣ ਦਾ ਜ਼ੁਲਮ ਕੀਤਾ ਹੈ। 

ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਉਨ੍ਹਾਂ ਪਿੰਡ-ਪਿੰਡ ਜਾ ਕੇ ਗ਼ਰੀਬਾਂ ਨੂੰ ਲੱਭ ਕੇ ਉਨ੍ਹਾਂ ਦੇ ਰਾਸ਼ਨ ਕਾਰਡ ਬਣਵਾਏ ਸਨ ਅਤੇ ਜੈ ਕ੍ਰਿਸ਼ਨ ਰੌੜੀ ਅਤੇ ਪਾਰਟੀ ਨੇ ਇਕ ਝਟਕੇ ਵਿਚ ਹੀ ਗ਼ਰੀਬਾਂ ਦੀ ਧੌਣ 'ਤੇ ਆਰਾ ਚਲਵਾ ਕੇ ਉਨ੍ਹਾਂ ਦੀ ਰੋਟੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਜੇਕਰ ਗ਼ਰੀਬਾਂ ਦੇ ਰਾਸ਼ਨ ਕਾਰਡ ਇਸ ਹਫ਼ਤੇ ਬਹਾਲ ਨਾ ਕੀਤੇ ਗਏ ਤਾਂ ਉਹ ਹਲਕੇ ਦੇ ਗ਼ਰੀਬ ਲੋਕਾਂ ਲਈ ਧਰਨੇ ਲਾਉਣਗੇ ਅਤੇ ਕਾਨੂੰਨੀ ਸੰਘਰਸ਼ ਵੀ ਕਰਨਗੇ ਅਤੇ ਹਰ ਹਾਲ ਵਿਚ ਗ਼ਰੀਬਾਂ ਦੇ ਰਾਸ਼ਨ ਕਾਰਡ ਬਹਾਲ ਕਰਵਾ ਕੇ ਰਹਿਣਗੇ। ਜ਼ਿਕਰੋਯਗ ਹੈ ਕਿ ਨਿਮਿਸ਼ਾ ਮਹਿਤਾ ਪਿੰਡ-ਪਿੰਡ ਜਾ ਕੇ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਹਨ, ਉਨ੍ਹਾਂ ਦੀ ਖ਼ੁਦ ਸਾਰ ਲੈ ਰਹੇ ਹਨ।  

ਇਹ ਵੀ ਪੜ੍ਹੋ:600 ਕਰੋੜ ਨਾਲ ਬੁੱਢੇ ਨਾਲੇ ਦਾ ਪਾਣੀ ਹੋਵੇਗਾ ਸਾਫ਼, ਰਾਜਸਥਾਨ ਨੂੰ ਵੀ ਮਿਲੇਗਾ ਸਾਫ਼ ਸੁਥਰਾ ਪਾਣੀ: ਭਗਵੰਤ ਮਾਨ 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri