ਨਗਰ ਨਿਗਮ ਚੋਣਾਂ ਨੂੰ ਲੈ ਕੇ ਭੱਬਾਂ ਭਾਰ ਹੋਈ ਭਾਜਪਾ, ਨਿਯੁਕਤ ਕੀਤੇ ਮੰਡਲ ਇੰਚਾਰਜ

05/11/2022 1:56:19 PM

ਜਲੰਧਰ (ਗੁਲਸ਼ਨ)– ਭਾਰਤੀ ਜਨਤਾ ਪਾਰਟੀ ਜ਼ਿਲਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਵਿਚ ਭਾਜਪਾ ਕੋਰ ਗਰੁੱਪ ਅਤੇ ਸੀਨੀਅਰ ਆਗੂਆਂ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਵਿਚ 14 ਮਈ ਨੂੰ ਲੁਧਿਆਣਾ ਵਿਚ ਹੋਣ ਵਾਲੇ ਵਰਕਰ ਸੰਮੇਲਨ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੰਮੇਲਨ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਵਰਕਰਾਂ ਦੇ ਰੂ-ਬ-ਰੂ ਹੋਣਗੇ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੇ। ਸੰਮੇਲਨ ਵਿਚ ਪੂਰੇ ਦੇਸ਼ ਤੋਂ ਮੰਡਲਾਂ ਦੇ ਅਹੁਦੇਦਾਰ, ਮੰਡਲਾਂ ਦੀ ਕਾਰਜਕਾਰਨੀ, ਜ਼ਿਲ੍ਹਾ ਅਹੁਦੇਦਾਰ, ਮੋਰਚਿਆਂ ਅਤੇ ਸੈੱਲਾਂ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ, ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰ ਅਤੇ ਸੂਬੇ ਦੇ ਸਾਰੇ ਅਹੁਦੇਦਾਰ ਸ਼ਾਮਲ ਹੋਣਗੇ। ਆ ਰਹੀਆਂ ਨਗਰ ਨਿਗਮ ਚੋਣਾਂ ਨੂੰ ਲੈ ਕੇ ਜ਼ਿਲੇ ਦੇ ਸਾਰੇ ਮੰਡਲਾਂ ਵਿਚ ਹਰ 15 ਦਿਨਾਂ ਵਿਚ ਮੀਟਿੰਗ ਕਰਨਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਗਲੇ ਪ੍ਰਸਤਾਵਿਤ ‘ਮਨ ਕੀ ਬਾਤ’ ਪ੍ਰੋਗਰਾਮ, ਲਘੂ ਦਾਨ ਮੁਹਿੰਮ, 4 ਜੂਨ ਨੂੰ ਪ੍ਰੈੱਸ ਕਾਨਫਰੰਸ ਅਤੇ 21 ਜੂਨ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿਚ ਵੱਖ-ਵੱਖ ਅਹੁਦੇਦਾਰਾਂ ਦੀਆਂ ਮੰਡਲਾਂ ਵਿਚ ਮੀਟਿੰਗਾਂ ਕਰਨ ਲਈ ਨਿਯੁਕਤੀਆਂ ਕੀਤੀਆਂ ਗਈਆਂ।

ਇਨ੍ਹਾਂ ਭਾਜਪਾ ਆਗੂਆਂ ਨੂੰ ਨਿਯੁਕਤ ਕੀਤਾ ਮੰਡਲ ਇੰਚਾਰਜ
ਭਾਜਪਾ ਦੇ ਆਗਾਮੀ ਪ੍ਰੋਗਰਾਮਾਂ ਲਈ ਇੰਚਾਰਜ ਨਿਯੁਕਤ ਕੀਤੇ ਗਏ ਹਨ। ਮੰਡਲ ਨੰਬਰ 1 ਦੇ ਇੰਚਾਰਜ ਸੂਬਾਈ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਮੰਡਲ ਨੰਬਰ 2 ਦੇ ਇੰਚਾਰਜ ਸੁਨੀਲ ਜੋਤੀ, ਮੰਡਲ ਨੰਬਰ 3 ਦੇ ਇੰਚਾਰਜ ਕੇ. ਡੀ. ਭੰਡਾਰੀ, ਮੰਡਲ ਨੰਬਰ 4 ਦੇ ਇੰਚਾਰਜ ਪੁਨੀਤ ਸ਼ੁਕਲਾ, ਮੰਡਲ ਨੰਬਰ 5 ਦੇ ਇੰਚਾਰਜ ਸੂਬਾਈ ਸਕੱਤਰ ਅਨਿਲ ਸੱਚਰ, ਮੰਡਲ ਨੰਬਰ 6 ਦੇ ਇੰਚਾਰਜ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਮੰਡਲ ਨੰਬਰ 7 ਦੇ ਇੰਚਾਰਜ ਸੁਭਾਸ਼ ਸੂਦ, ਮੰਡਲ ਨੰਬਰ 8 ਦੇ ਇੰਚਾਰਜ ਵਿਨੋਦ ਸ਼ਰਮਾ, ਮੰਡਲ ਨੰਬਰ 9 ਦੇ ਇੰਚਾਰਜ ਭਗਵੰਤ ਪ੍ਰਭਾਕਰ, ਮੰਡਲ ਨੰਬਰ 10 ਦੇ ਇੰਚਾਰਜ ਰਾਜੀਵ ਢੀਂਗਰਾ, ਮੰਡਲ ਨੰਬਰ 11 ਦੇ ਇੰਚਾਰਜ ਸੂਬਾਈ ਬੁਲਾਰੇ ਮਹਿੰਦਰ ਭਗਤ, ਮੰਡਲ ਨੰਬਰ 12 ਦੇ ਇੰਚਾਰਜ ਰਮਨ ਪੱਬੀ, ਮੰਡਲ ਨੰਬਰ 13 ਦੇ ਇੰਚਾਰਜ ਰਾਜੂ ਮਾਗੋ ਅਤੇ ਮੰਡਲ ਨੰਬਰ 14 ਦੇ ਇੰਚਾਰਜ ਸਰਬਜੀਤ ਸਿੰਘ ਮੱਕੜ ਹੋਣਗੇ, ਜਿਹੜੇ ਆਗਾਮੀ ਦਿਨਾਂ ਵਿਚ ਆਉਣ ਵਾਲੇ ਪ੍ਰੋਗਰਾਮਾਂ ਲਈ ਆਪਣੇ-ਆਪਣੇ ਮੰਡਲਾਂ ਵਿਚ ਹਰ 15 ਦਿਨਾਂ ਵਿਚ ਮੀਟਿੰਗਾਂ ਦਾ ਆਯੋਜਨ ਕਰਨਗੇ ਅਤੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕਰਨਗੇ।

ਇਹ ਵੀ ਪੜ੍ਹੋ: ਮੋਹਾਲੀ ਵਿਖੇ ਹੋਏ ਰਾਕੇਟ ਹਮਲੇ ਦੇ ਮਾਮਲੇ ’ਚ ਪੁਲਸ ਯੂ-ਟਿਊਬ ’ਤੇ ਰੱਖਣ ਲੱਗੀ ਨਜ਼ਰ, ਮਿਲੇ ਅਹਿਮ ਸੁਰਾਗ

ਰਾਕੇਟ ਹਮਲਾ : ਪੁਲਸ ਹੈੱਡਕੁਆਰਟਰ ਹੀ ਸੁਰੱਖਿਅਤ ਨਹੀਂ ਤਾਂ ਜਨਤਾ ਕਿਵੇਂ ਹੋਵੇਗੀ ਸੁਰੱਖਿਅਤ : ਮਨੋਰੰਜਨ ਕਾਲੀਆ
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਮਨੋਰੰਜਨ ਕਾਲੀਆ ਨੇ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਚ ਰਾਕੇਟ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਜੇਕਰ ਪੁਲਸ ਹੈੱਡਕੁਆਰਟਰ ਹੀ ਸੁਰੱਖਿਅਤ ਹੀ ਨਹੀਂ ਤਾਂ ਜਨਤਾ ਕਿਵੇਂ ਸੁਰੱਖਿਅਤ ਹੋਵੇਗੀ। ਆਮ ਆਦਮੀ ਪਾਰਟੀ ਦੇ ਸ਼ਾਸਨ ਵਿਚ ਜਨਤਾ ਦੀ ਸੁਰੱਖਿਆ ’ਤੇ ਇਹ ਵੱਡਾ ਸਵਾਲੀਆ ਨਿਸ਼ਾਨ ਹੈ। ਕਾਲੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਢਿੱਲ ਵਰਤ ਰਹੇ ਹਨ ਅਤੇ ਪੰਜਾਬ ਪੁਲਸ ਨੇ ਵੀ ਆਪਣਾ ਪ੍ਰਭਾਵ ਗੁਆ ਦਿੱਤਾ ਹੈ। ਇਹੀ ਕਾਰਨ ਹੈ ਕਿ ਪੰਜਾਬ ਵਿਚ ਦਿਨੋ-ਦਿਨ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਰਾਕੇਟ ਹਮਲਾ ‘ਆਪ’ ਸਰਕਾਰ ਲਈ ਖਤਰੇ ਦੀ ਘੰਟੀ ਹੈ, ਜੋ ਪੰਜਾਬ ਵਿਚ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਕੁਚਲਣ ਵਿਚ ਅਸਫਲ ਸਾਬਿਤ ਹੋ ਰਹੀ ਹੈ।

ਇਹ ਵੀ ਪੜ੍ਹੋ: ਖਾਣਾ ਖਾਣ ਮਗਰੋਂ PG ਜਾ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ ਨੇ ਘਰ ’ਚ ਵਿਛਾਏ ਸੱਥਰ, MSC ਦੇ ਵਿਦਿਆਰਥੀ ਦੀ ਮੌਤ

ਅਸਤੀਫ਼ਾ ਦੇਣ ਵਾਲੇ ਭਾਜਯੁਮੋ ਆਗੂਆਂ ਦੀ ਥਾਂ ਨਿਯੁਕਤ ਕੀਤੇ ਨਵੇਂ ਚਿਹਰੇ
ਸੰਨੀ ਸ਼ਰਮਾ ਜ਼ਿਲ੍ਹਾ ਸਕੱਤਰ, ਸੰਦੀਪ ਕੁਮਾਰ ਦਫਤਰ ਸਕੱਤਰ ਅਤੇ ਅਭਿਸ਼ੇਕ ਮੰਡਲ ਪ੍ਰਧਾਨ ਨਿਯੁਕਤ

ਜ਼ਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਭਾਜਯੁਮੋ ਪ੍ਰਧਾਨ ਬਲਜੀਤ ਸਿੰਘ ਪ੍ਰਿੰਸ ਦੀ ਪ੍ਰਧਾਨਗੀ ਵਿਚ ਪਾਰਟੀ ਦਫਤਰ ਵਿਚ ਹੋਈ ਮੀਟਿੰਗ ਦੌਰਾਨ ਸੰਨੀ ਸ਼ਰਮਾ ਨੂੰ ਭਾਜਯੁਮੋ ਦਾ ਜ਼ਿਲ੍ਹਾ ਸਕੱਤਰ, ਸੰਦੀਪ ਕੁਮਾਰ ਨੂੰ ਦਫਤਰ ਸਕੱਤਰ ਅਤੇ ਅਭਿਸ਼ੇਕ ਸੇਠ ਨੂੰ ਭਾਜਯੁਮੋ ਮੰਡਲ ਨੰਬਰ 2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸੁਸ਼ੀਲ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਨਵੇਂ ਨਿਯੁਕਤ ਕੀਤੇ ਅਹੁਦੇਦਾਰ ਪਾਰਟੀ ਦੇ ਮਿਹਨਤੀ ਵਰਕਰ ਹਨ। ਉਨ੍ਹਾਂ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਯੁਵਾ ਮੋਰਚਾ ਪ੍ਰਧਾਨ ਬਲਜੀਤ ਸਿੰਘ ਪ੍ਰਿੰਸ ਨੇ ਸਾਰੇ ਨਵੇਂ ਅਹੁਦੇਦਾਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਡਟ ਕੇ ਕੰਮ ਕਰਨ ਲਈ ਕਿਹਾ। ਵਰਣਨਯੋਗ ਹੈ ਕਿ ਬੀਤੇ ਦਿਨੀਂ ਹੈਨਰੀ ਸਮਰਥਕਾਂ ਅਤੇ ਕਿਸ਼ਨ ਲਾਲ ਸ਼ਰਮਾ ਮਾਮਲੇ ਵਿਚ ਹੋਏ ਸਮਝੌਤੇ ਤੋਂ ਬਾਅਦ ਭੰਡਾਰੀ ਸਮਰਥਕਾਂ ਵੱਲੋਂ ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਸੀ। ਜ਼ਿਲਾ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਨਾ ਮੰਨਣ ’ਤੇ ਭਾਜਪਾ ਐਕਟਿਵ ਮੋਡ ’ਤੇ ਆ ਗਈ। ਸੰਗਠਨ ਦੇ ਫ਼ੈਸਲੇ ਮੁਤਾਬਕ ਉਨ੍ਹਾਂ ਅਸਤੀਫ਼ਾ ਦੇਣ ਵਾਲੇ ਭਾਜਯੁਮੋ ਦੇ ਜ਼ਿਲਾ ਸਕੱਤਰ ਅਨੁਪਮ ਸ਼ਰਮਾ, ਦਫਤਰ ਸਕੱਤਰ ਨਿਤਿਨ ਖਹਿਰਾ ਤੇ ਭਾਜਯੁਮੋ ਮੰਡਲ 2 ਦੇ ਇੰਚਾਰਜ ਸੰਨੀ ਦੂਆ ਦੀ ਥਾਂ ਤੁਰੰਤ ਪ੍ਰਭਾਵ ਨਾਲ ਨਵੀਆਂ ਨਿਯੁਕਤੀਆਂ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਪਾਰਟੀ ਹੀ ਸਭ ਤੋਂ ਉੱਪਰ ਹੈ। ਇਸ ਮੌਕੇ ਭਗਵੰਤ ਪ੍ਰਰਭਾਕਰ, ਪੰਕਜ ਜੁਲਕਾ, ਰਾਜੇਸ਼ ਕਪੂਰ, ਕੁਲਵੰਤ ਸ਼ਰਮਾ, ਅਨੁਜ ਸ਼ਾਰਦਾ, ਗੁਰਪ੍ਰੀਤ ਵਿੱਕੀ, ਰਾਜੇਸ਼ ਨੋਨਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਫਗਵਾੜਾ-ਜਲੰਧਰ ਹਾਈਵੇਅ 'ਤੇ ਮੁੰਡੇ-ਕੁੜੀ ਨੂੰ ਵਾਹਨ ਨੇ ਕੁਚਲਿਆ, ਮੁੰਡੇ ਦੀ ਮੌਕੇ 'ਤੇ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News