ਪਾਣੀ ਦੀ ਬੂੰਦ-ਬੂੰਦ ਨੂੰ ਤਰਸੀਆਂ ਨਹਿਰਾਂ, ਝੋਨਾ ਲਗਾਉਣ ਤੋਂ ਵਾਂਝੇ ਬੈਠੇ ਕਿਸਾਨ

06/15/2019 4:00:37 PM

ਕਾਲਾ ਸੰਘਿਆਂ/ਜਲੰਧਰ (ਨਿੱਝਰ)— ਪੰਜ ਦਰਿਆਵਾਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੀਆਂ ਨਹਿਰਾਂ ਸੁੱਕੀਆਂ ਪਈਆਂ ਹਨ ਤੇ ਦੇਸ਼ ਦਾ ਅੰਨਦਾਤਾ ਪਾਣੀ ਨਾਲ ਫਸਲਾਂ ਦਾ ਪਾਲਣ ਪੋਸ਼ਣ ਕਰਨ ਲਈ ਅਜੋਕੇ ਸਮੇਂ 'ਚ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਗੱਲ ਕਰਦੇ ਹਾਂ ਪੰਜਾਬ ਦੀ ਬਿਸਤ ਦੋਆਬ 'ਚੋਂ ਡੀ. ਏ. ਵੀ. ਕਾਲਜ ਜਲੰਧਰ ਨੇੜਿਓਂ ਨਿਕਲਦੀ ਜਲੰਧਰ ਡਿਸਟਰੀਬਿਊਟਰੀ ਨਹਿਰ ਦੀ, ਜਿਸ 'ਚ ਕਿਸਾਨਾਂ ਨੂੰ ਲੋੜ ਵੇਲੇ ਕਦੇ ਵੀ ਪਾਣੀ ਨਸੀਬ ਨਹੀਂ ਹੋਇਆ। ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪਹਿਲਾਂ 20 ਜੂਨ ਤੋਂ ਲੱਗਦੇ ਚਲੇ ਆ ਰਹੇ ਝੋਨੇ ਦੀ ਬਿਜਾਈ ਦੇ ਮੁਕਾਬਲੇ ਇਸ ਵਾਰ 13 ਜੂਨ ਦੀ ਤਾਰੀਖ ਐਲਾਨ ਕੇ ਕਿਸਾਨ ਵਰਗ ਦੀ ਵਾਹੋ-ਵਾਹੀ ਖੱਟਣ ਦਾ ਯਤਨ ਕੀਤਾ ਗਿਆ ਪਰ ਜ਼ਮੀਨੀ ਪੱਧਰ 'ਤੇ ਦੇਖੀਏ ਤਾਂ ਨੱਕੋ-ਨੱਕ ਖੇਤ ਪਾਣੀ ਨਾਲ ਭਰਨ ਤੇ ਝੋਨੇ ਦੀ ਬਿਜਾਈ ਲਈ ਪਾਣੀ ਦੀ ਮੰਗ ਪੂਰੀ ਕਰਨ ਲਈ ਸਰਕਾਰ ਨੇ ਕੋਈ ਖਾਸ ਪ੍ਰਬੰਧ ਨਹੀਂ ਕੀਤੇ।

13 ਜੂਨ ਤਾਂ ਕੀ 14 ਜੂਨ ਤਕ ਵੀ ਨਹਿਰਾਂ ਸੁੱਕੀਆਂ ਵਿਖਾਈ ਦੇ ਰਹੀਆਂ ਹਨ ਤੇ ਹੁਣ ਅਫਸਰਸ਼ਾਹੀ ਨੂੰ ਕੋਈ ਪੁੱਛੇ ਕਿ ਤੁਸੀਂ ਤਾਂ ਬਿਆਨ ਦਾਗ ਰਹੇ ਸੀ ਕਿ ਕਿਸਾਨ ਝੋਨੇ ਦੀ ਬਿਜਾਈ ਨਹਿਰਾਂ, ਨਦੀਆਂ ਦੇ ਪਾਣੀ ਨਾਲ ਕਰਨ ਨੂੰ ਤਰਜੀਹ ਦੇਣ, ਮੋਟਰਾਂ ਦੇ ਪਾਣੀ ਦੀ ਵਰਤੋਂ ਘੱਟ ਕਰਨ ਤਾਂ ਹੁਣ ਤਕ ਨਹਿਰਾਂ 'ਚ ਪਾਣੀ ਨਾ ਛੱਡੇ ਜਾਣ ਦਾ ਕਾਰਨ ਕੀ ਪੰਜਾਬ ਦਾ ਸਿੰਚਾਈ ਵਿਭਾਗ ਦੱਸ ਸਕਦਾ ਹੈ? ਜਲੰਧਰ ਡਿਸਟਰੀਬਿਊਟਰੀ ਨਹਿਰ ਜਦ ਦੀ ਹੋਂਦ 'ਚ ਆਈ ਹੈ ਸ਼ਾਇਦ ਹੀ ਇਸ ਤੋਂ ਕਦੇ ਲੋੜ ਵੇਲੇ ਕਿਸਾਨਾਂ ਨੂੰ ਫਸਲ ਲਈ ਪਾਣੀ ਮਿਲਿਆ ਹੋਇਆ ਹੋਵੇਗਾ। ਇਸ ਨਹਿਰ ਵਿਚ ਪਾਣੀ ਤਾਂ ਕਦੀ ਕਦਾਈ ਹੀ ਆਉਂਦਾ ਹੈ, ਜਲੰਧਰ ਸ਼ਹਿਰ ਦਾ ਕੂੜਾ ਕਰਕਟ ਜ਼ਰੂਰ ਸੁੱਟਣ ਨੂੰ ਨਹਿਰ ਨੇੜਲੀਆਂ ਬਸਤੀਆਂ ਦੇ ਲੋਕਾਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ।

ਇਸ ਸਬੰਧੀ ਕਿਸਾਨੀ ਨੂੰ ਦਰਪੇਸ਼ ਪਾਣੀ ਦੀਆਂ ਸਮੱਸਿਆਵਾਂ ਬਾਰੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਤਜਿੰਦਰ ਸਿੰਘ ਨਿੱਝਰ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਜ਼ਿਲਾ ਜਲੰਧਰ (ਦਿਹਾਤੀ), ਸੰਦੀਪ ਸਿੰਘ ਵਿੱਕੀ ਸਾਬਕਾ ਚੇਅਰਮੈਨ ਗੰਨ ਐਸੋਸੀਏਸ਼ਨ ਕਪੂਰਥਲਾ, ਮੰਗਲ ਸਿੰਘ ਨਾਗਰਾ ਅਗਾਂਹਵਧੂ ਕਿਸਾਨ, ਜਗਤਾਰ ਸਿੰਘ ਜੱਗਾ ਜੱਲੋਵਾਲ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਤੇ ਗਿਆਨ ਚੰਦ ਭੱਟੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਪੰਜਾਬ ਆਦਿ ਆਗੂਆਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਪਾਸ ਇਸ ਵਕਤ ਸਿੰਚਾਈ ਵਿਭਾਗ ਵੀ ਹੈ, ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਝੋਨੇ ਦੀ ਬਿਜਾਈ ਦੇ ਮੱਦੇਨਜ਼ਰ ਬਿਨਾਂ ਕਿਸੇ ਦੇਰੀ ਨਹਿਰ ਵਿਚ ਪਾਣੀ ਛੱਡਿਆ ਜਾਵੇ ਤਾਂ ਜੋ ਪਹਿਲਾਂ ਤੋਂ ਹੀ ਸਰਕਾਰਾਂ ਦੀਆਂ ਗਲਤ ਨੀਤੀਆਂ ਦਾ ਸ਼ਿਕਾਰ ਬਣਿਆ ਚਲਿਆ ਆ ਰਿਹਾ ਕਿਸਾਨ ਆਪਣੀ ਝੋਨੇ ਦੀ ਫਸਲ ਨੂੰ ਸਮੇਂ ਸਿਰ ਬੀਜ ਸਕੇ।

ਆਗੂਆਂ ਮੁਤਾਬਕ ਕਿਸੇ ਵੀ ਫਸਲ ਦੀ ਬਿਜਾਈ ਜਾਂ ਫਿਰ ਪਾਲਣ ਪੋਸ਼ਣ ਦੇ ਸਮੇਂ ਵੇਲੇ ਕਦੇ ਵੀ ਇਸ 'ਚ ਪਾਣੀ ਨਹੀਂ ਛੱਡਿਆ ਗਿਆ, ਜਿਸ ਦਾ ਖਮਿਆਜ਼ਾ ਕਿਸਾਨਾਂ ਨੂੰ ਵੱਡੀ ਪੱਧਰ 'ਤੇ ਆਰਥਿਕ ਨੁਕਸਾਨ ਉਠਾ ਕੇ ਚੁਕਾਉਣਾ ਪੈ ਰਿਹਾ ਹੈ। ਆਗੂਆਂ ਨੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜੇਕਰ ਇਸ ਨਹਿਰ ਵਿਚ ਸਮੇਂ ਸਿਰ ਪਾਣੀ ਨਹੀਂ ਛੱਡਣਾ ਤਾਂ ਫਿਰ ਇਸ ਨਹਿਰ ਨੂੰ ਮਿੱਟੀ ਦੀ ਭਰਤੀ ਪਾ ਕੇ ਪੂਰ ਦਿੱਤਾ ਜਾਵੇ ਤੇ ਕੋਈ ਸੜਕ ਵਗੈਰਾ ਹੀ ਬਣਾ ਦਿੱਤੀ ਜਾਵੇ, ਘੱਟੋ-ਘੱਟ ਲੋਕਾਂ ਨੂੰ ਇਹ ਤਾਂ ਪਤਾ ਹੋਵੇਗਾ ਕਿ ਨਹਿਰ ਹੈ ਹੀ ਨਹੀਂ ਤਾਂ ਉਹ ਪਾਣੀ ਦਾ ਘੱਟੋ-ਘੱਟ ਬਦਲਵਾਂ ਪ੍ਰਬੰਧ ਤਾਂ ਕਰ ਸਕਣਗੇ।


shivani attri

Content Editor

Related News