ਜੱਗ ਜਿਊਂਦਿਆਂ ਦੇ ਮੇਲੇ ; ਮੋਇਆਂ ਸਾਰ ਨਾ ਕਾਈ

03/27/2020 2:27:39 PM

ਜਲੰਧਰ - ਅੱਜ ਪੂਰੇ ਵਿਸ਼ਵ ਵਿਚ ਕੋਰੋਨਾ-ਵਾਇਰਸ ਦਾ ਕਹਿਰ ਨਾਜ਼ਲ ਹੈ। ਇਸ ਮਹਾਮਾਰੀ ਨੂੰ ਕੋਵਿਡ-19 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਚੀਨ ਦੇ ਹੁਬੀ ਪ੍ਰਾਂਤ ਦੇ ਵੁਹਾਨ ਸ਼ਹਿਰ ’ਚੋਂ ਦਸੰਬਰ-2019 ਵਿਚ ਉਤਪੰਨ ਹੋਏ ਇਸ ਜ਼ਹਿਰੀਲੇ ਵਾਇਰਸ ਨੇ ਮਹਿਜ਼ ਢਾਈ ਮਹੀਨੇ ਦੇ ਅਰਸੇ ਅੰਦਰ ਕੁਲ ਦੁਨੀਆ ਦੇ 195 ਮੁਲਕਾਂ ਵਿਚੋਂ, 166 ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਮਹਾਮਾਰੀ ਕਾਰਣ ਪੂਰੇ ਵਿਸ਼ਵ ਵਿਚ 276665 ਵਿਅਕਤੀ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਇਨ੍ਹਾਂ ਤੋਂ ਬਿਨਾਂ ਲੱਗਭਗ 11419 ਵਿਅਕਤੀਆਂ ਦੀ ਤਾਂ ਮੌਤ ਵੀ ਹੋ ਚੁੱਕੀ ਹੈ। ਇਸ ਅਸਪੱਸ਼ਟ ਤੇ ਦੁਰਬੋਧ ਮਹਾਮਾਰੀ ਨੇ ਤਾਂ, ਪਲੇਗ ਦੀ ਮਹਾਮਾਰੀ ਦੀ ਭਿਆਨਕਤਾ ਨੂੰ ਯਾਦ ਕਰਵਾ ਦਿੱਤਾ ਹੈ। ਇਸ ਨੂੰ ਸਮੇਂ ਦੀ ਸਿਤਮ-ਜ਼ਰੀਫ਼ੀ ਕਹੋ ਜਾਂ ਫੇਰ ਮਹਿਜ਼ ਇਤਫ਼ਾਕ ਕਿ ਸਾਲ 1855 ਵਿਚ ਵੀ ਪਲੇਗ ਦੀ ਮਹਾਮਾਰੀ ਦਾ ਆਰੰਭ ਚੀਨ ਦੇ ਯੂਨਾਨ ਸ਼ਹਿਰ ਵਿਚੋਂ ਹੀ ਹੋਇਆ ਸੀ। ਉਸ ਵੇਲੇ ਚੀਨ ਦਾ ਸ਼ਾਸਕ, ਬਾਦਸ਼ਾਹ ਸ਼ਿਨਫ਼ੈਂਗ ਸੀ। ਪਲੇਗ ਦੀ ਮਹਾਮਾਰੀ ਕਾਰਣ ਚੀਨ ਅਤੇ ਭਾਰਤ ਵਿਚ 1,20,00000 (ਇਕ ਕਰੋੜ ਵੀਹ ਲੱਖ) ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਵਿਚੋਂ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 20,00000 (ਵੀਹ ਲੱਖ) ਸੀ ਅਤੇ ਭਾਰਤ ਵਿਚ ਪਲੇਗ ਕਾਰਨ ਮਰਨ ਵਾਲਿਆਂ ਦੀ ਗਿਣਤੀ 1 ਕਰੋੜ ਤੱਕ ਅੱਪੜ ਗਈ ਸੀ। ਜਦੋਂ ਅਜੇਹੀ ਮਹਾਮਾਰੀ ਫੈਲਦੀ ਹੈ ਤਾਂ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਉਨ੍ਹਾਂ ਦੇਸ਼ਾਂ ਨੂੰ ਕਰਨਾ ਪੈਂਦਾ ਹੈ, ਜਿਨ੍ਹਾਂ ਦੀ ਅਬਾਦੀ, ਵਿੱਤੋਂ ਵੱਧ ਤੇ ਨਿਯੰਤਰਿਤ ਪ੍ਰਬੰਧਾਂ ਦੀਆਂ ਸੀਮਾਵਾਂ ਦੇ ਸਾਰੇ ਮਾਪਦੰਡਾਂ ਦੇ ਬਾਵਜੂਦ ਵੀ ਬੇਕਾਬੂ ਜਾਪਦੀ ਹੋਵੇ। ਅੱਜ ਅਬਾਦੀ ਦੇ ਪੱਖੋਂ ਚੀਨ ਅਤੇ ਭਾਰਤ ਕੁੱਝ ਅਜੇਹੀ ਹੀ ਸਥਿਤੀ ਵਿਚੋਂ ਗੁਜ਼ਰ ਰਹੇ ਹਨ। 

ਚੀਨ ਦੀ ਅਬਾਦੀ ਦੁਨੀਆ ਵਿਚ ਪਹਿਲੇ ਨੰਬਰ ’ਤੇ ਹੈ, ਜੋ ਕਿ ਲੱਗਭਗ 143 ਕਰੋੜ, 10 ਲੱਖ ਦੇ ਕਰੀਬ ਹੈ। ਇਸ ਤੋਂ ਬਾਅਦ ਭਾਰਤ ਦੂਸਰੇ ਨੰਬਰ ’ਤੇ ਹੈ, ਜਿਸਦੀ ਅਬਾਦੀ ਇਸ ਵੇਲੇ 131 ਕਰੋੜ ਦੇ ਕਰੀਬ ਹੈ। ਇਥੇ ਇਹ ਵਰਨਣ ਕਰਨਾ ਵੀ ਜ਼ਰੂਰੀ ਹੈ ਕਿ ਕੋਰੋਨਾ ਵਾਇਰਸ ਦੀ ਲਪੇਟ ਵਿਚ ਜੋ ਦੇਸ਼ ਆਏ ਹਨ, ਉਨ੍ਹਾਂ ਵਿਚੋਂ ਬਹੁਤੇ ਦੇਸ਼ ਪੂਰੀ ਤਰ੍ਹਾਂ ਉੱਨਤ ਅਤੇ ਸ਼ਕਤੀਸ਼ਾਲੀ ਦੇਸ਼ ਹਨ ਅਤੇ ਸਾਧਨਾਂ ਪੱਖੋਂ ਵੀ ਪੂਰੀ ਤਰ੍ਹਾਂ ਸਮਰੱਥ ਹਨ ਪਰ ਭਾਰਤ ਇਸ ਪੱਖੋਂ ਹਾਲੇ ਬਹੁਤ ਪਿੱਛੇ ਹੈ। ਚੀਨ ਵਿਚ ਇਸ ਭਿਅੰਕਰ ਕੋਰੋਨਾ ਵਾਇਰਸ ਤੋਂ ਪੀੜਤ ਲੋਕਾਂ ਦੀ ਗਿਣਤੀ 81008 ਹੈ ਅਤੇ ਮਰਨ ਵਾਲਿਆਂ ਦੀ ਗਣਤੀ 3255 ਹੋ ਚੁੱਕੀ ਹੈ। ਮਰਨ ਵਾਲਿਆਂ ਵਿਚ ਸਭ ਤੋਂ ਵੱਧ ਗਿਣਤੀ ਹੁਣ ਇਟਲੀ ਵਿਚ ਹੈ, ਜਿੱਥੇ ਹੁਣ ਤੀਕਰ 4032 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 47021 ਕੇਸ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਮਰੀਜ਼ਾਂ ਦੇ ਹਨ। ਇਨ੍ਹਾਂ ਦੋ ਦੇਸ਼ਾਂ ਤੋਂ ਬਿਨਾਂ, ਇਸ ਮਹਾਮਾਰੀ ਦੀ ਲਪੇਟ ਵਿਚ ਸਪੇਨ, ਜਰਮਨੀ, ਅਮਰੀਕਾ, ਈਰਾਨ ਤੇ ਫਰਾਂਸ ਆਦਿ ਦੇ ਨਾਂ ਮੁੱਖ ਤੌਰ ’ਤੇ ਵਰਣਨਯੋਗ ਹਨ। ਦੱਸਣਯੋਗ ਹੋਵੇਗਾ ਕਿ ਇਸ ਮਹਾਮਾਰੀ ਦੇ ਇਲਾਜ ਲਈ ਹਾਲੇ ਤੱਕ ਕਿਸੇ ਵੀ ਦੇਸ਼ ਦੇ ਮੈਡੀਕਲ ਸਾਇੰਸ ਦੇ ਖੇਤਰ ਨਾਲ ਜੁੜੇ ਵਿਗਿਆਨੀਆਂ ਨੇ ਕਾਰਗਰ ਵੈਕਸੀਨ ਈਜਾਦ ਨਹੀਂ ਕੀਤੀ, ਉਸ ਦਾ ਇਕ ਕਾਰਣ ਇਹ ਵੀ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ, ਇਕ ਨਵੀਂ ਕਿਸਮ ਦਾ ਅਤੀ ਭਿਆਨਕ ਵਾਇਰਸ ਹੈ, ਇਸ ਲਈ ਇਸ ਦੇ ਰਵੱਈਏ ਤੇ ਮਾਰੂ ਪ੍ਰਭਾਵਾਂ ਨੂੰ ਸਮਝਣ ਲਈ ਹਾਲੇ ਕੁੱਝ ਹੋਰ ਦੇਰ ਲੱਗ ਸਕਦੀ ਹੈ।

ਇਹ ਠੀਕ ਹੈ ਕਿ ਚੀਨ ਵਰਗੇ ਜਿਸ ਦੇਸ਼ ਵਿਚ ਇਹ ਵਾਇਰਸ ਉਤਪੰਨ ਹੋਇਆ ਹੈ, ਉਨ੍ਹਾਂ ਨੇ ਬੇਹੱਦ ਕਰੜੇ ਮਾਪਦੰਡ ਇਖ਼ਤਿਆਰ ਕਰਕੇ ਇਸ ਵਾਇਰਸ ਨੂੰ ਹੁਣ ਹੋਰ ਅੱਗੇ ਫੈਲਣ ਤੋਂ ਤਾਂ ਰੋਕ ਲਿਆ ਹੈ ਪਰ ਬਾਕੀ ਦੇਸ਼ਾਂ ਲਈ, ਖਾਸ ਕਰਕੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ, ਉਸ ਕਿਸਮ ਦੀ ਰੋਕਥਾਮ ਕਰ ਲੈਣਾ ਕੋਈ ਆਸਾਨ ਕੰਮ ਨਹੀਂ। ਭਾਵੇਂ ਭਾਰਤ ਵਿਚ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਹਾਲੇ ਕੇਵਲ 258 ਹੈ ਪਰ ਫਿਕਰ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚ 63 ਕੇਸਾਂ ਦਾ ਇਜ਼ਾਫ਼ਾ ਕੇਵਲ ਪਿਛਲੇ 24 ਘੰਟਿਆਂ ਦੇ ਅੰਦਰ ਹੀ ਹੋਇਆ ਹੈ, ਇਨ੍ਹਾਂ ਵਿਚੋਂ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 24 ਪ੍ਰਭਾਵਿਤ ਮਰੀਜ਼ ਰਾਜ਼ੀ ਵੀ ਹੋ ਗਏ ਹਨ। ਵਿਸ਼ਵ ਸਿਹਤ ਸੰਸਥਾ (ਡਬਲਯੂ. ਐੱਚ. ਓ.) ਦੇ ਅਨੁਮਾਨਾਂ ਅਨੁਸਾਰ ਉਹ ਇਸ ਮਹਾਮਾਰੀ ਦੇ ਭਾਰਤ ਵਿਚ ਫੈਲਾਅ ਨੂੰ ਦੂਸਰੇ ਪੜਾਅ ਵਿਚ ਅੱਪੜ ਗਈ ਸਮਝਦੇ ਹਨ। ਭਾਰਤ ਦੇ ਹੀਲੇ ਅਤੇ ਵਸੀਲਿਆਂ ਨੂੰ ਮੁੱਖ ਰੱਖਦੇ ਹੋਏ ਇਸ ਮਹਾਮਾਰੀ ਦਾ ਤੀਸਰਾ ਪੜਾਅ ਬੇਹੱਦ ਭਿਆਨਕ ਅਵਸਥਾ ਅਖਤਿਆਰ ਕਰ ਸਕਦਾ ਹੈ। ਇਸ ਭਿਆਨਕ ਅਵਸਥਾ ਵਿਚ ਤਾਂ ਮੌਤਾਂ ਦੀ ਗਿਣਤੀ ਕਰਨੀ ਵੀ ਸੰਭਵ ਨਹੀਂ ਹੋ ਸਕੇਗੀ।

ਸ਼ਾਇਦ ਇਸ ਕਿਸਮ ਦੀ ਭਿਆਨਕ ਵਿਕਰਾਲਤਾ ਦੇ ਸਾਹਵੇਂ ਦੇਸ਼ ਦੇ ਸਾਧਨਾਂ ਦੀ ਹੀਣਤਾ ਦੇ ਖੱਪੇ ਨੂੰ ਮੁੱਖ ਰੱਖਦੇ ਹੋਏ ਹੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ 19 ਮਾਰਚ ਨੂੰ ਰਾਤ ਦੇ 8 ਵਜੇ, ਗੰਭੀਰ ਫਿਕਰਮੰਦੀ ਦੇ ਆਲਮ ਵਿਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨ ਦਾ ਫੈਸਲਾ ਕੀਤਾ ਸੀ। ਭਾਵੇਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਰਾਜਨੀਤਕ ਵਿਚਾਰਧਾਰਾ ਅਤੇ ਉਸ ਨੂੰ ਦੇਸ਼ ਵਿਚ ਲਾਗੂ ਕਰਨ ਦੀ ਉਨ੍ਹਾਂ ਦੀ ਵਿਧਾ ਨਾਲ ਅਸੀਂ ਕਤੱਈ ਇਤਫ਼ਾਕ ਨਹੀਂ ਰੱਖਦੇ ਅਤੇ ਉਸਦਾ ਪੂਰੀ ਨਿਸ਼ਟਾ ਨਾਲ ਵਿਰੋਧ ਕਰਦੇ ਹਾਂ ਪਰ 19 ਮਾਰਚ ਨੂੰ ਰਾਤ ਦੇ 8 ਵਜੇ ਜੋ ਨਰਿੰਦਰ ਮੋਦੀ ਦੇਸ਼ ਵਾਸੀਆਂ ਨੂੰ ਸੁਨੇਹਾ ਦੇ ਰਿਹਾ ਸੀ, ਉਹ ਸੱਚਮੁੱਚ ਹੀ ਭਾਰਤ ਦਾ ਇਕ ਸੰਵੇਦਨਸ਼ੀਲ ਪ੍ਰਧਾਨ ਮੰਤਰੀ ਜਾਪ ਰਿਹਾ ਸੀ। ਇਹ ਪਹਿਲੀ ਵਾਰ ਹੈ ਕਿ ਸ਼੍ਰੀ ਨਰਿੰਦਰ ਮੋਦੀ ਵੱਲੋਂ ਕਹੀ ਗਈ ਹਰ ਇਕ ਗੱਲ ਦਾ, ਮੈਂ ਆਪਣੇ ਦੇਸ਼ ਅਤੇ 130 ਕਰੋੜ ਦੇਸ਼ਵਾਸੀਆਂ ਦੇ ਹਿੱਤ ਵਿਚ ਪੂਰਨ ਤੌਰ ’ਤੇ ਸਮਰਥਨ ਕਰਦਾ ਹਾਂ। ਮੈਂ ਮੰਨਦਾ ਹਾਂ ਕਿ ਪ੍ਰਧਾਨ ਮੰਤਰੀ ਦੇ ਇਸ ਭਾਸ਼ਣ ਵਿਚ ਕੋਈ ਰਾਜਨੀਤਕ ਜ਼ੁਮਲੇਬਾਜ਼ੀ ਨਹੀਂ ਸੀ, ਸਗੋਂ ਉਨ੍ਹਾਂ ਦੀ ਆਵਾਜ਼ ਤੇ ਹਾਵਭਾਵ ਵਿਚ ਬੇਹੱਦ ਸੰਜੀਦਗੀ ਤੇ ਦੇਸ਼ ਵਾਸੀਆਂ ਲਈ ਦਰਦ ਝਲਕ ਰਿਹਾ ਸੀ। ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਸਾਰੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਉਪਰਾਲਿਆਂ ਦੇ ਬਾਵਜੂਦ ਕੋਰੋਨਾ ਵਾਇਰਸ ਦੀ ਭਿਆਨਕਤਾ ਦੇ ਤੀਸਰੇ ਤੇ ਆਖਰੀ ਪੜਾਅ ਵਿਚ ਅੱਪੜ ਜਾਣ ਦਾ ਸਹਿਮ ਤੇ ਬੇਬਸੀ, ਪ੍ਰਧਾਨ ਮੰਤਰੀ ਦੇ ਬੋਲਾਂ ਵਿਚ ਸਾਫ਼ ਝਲਕ ਰਹੀ ਸੀ। ਭਾਰਤ ਵਰਸ਼ ਦੇ 130 ਕਰੋੋੜ ਦੇਸ਼ ਵਾਸੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇਸ ਧੁਰ ਅੰਦਰਲੀ ਪੀੜਾ ਤੇ ਬੇਬਸੀ ਨੂੰ ਸਮਝਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਦੇਸ਼ ਦੇ ਸੱਚੇ ਨਾਗਰਿਕ ਹੋਣ ਦੀ ਹੈਸੀਅਤ ਵਿਚ ਉਸ ਪ੍ਰਤੀ, 100 ਫੀਸਦੀ ਸੰਵੇਦਨਸ਼ੀਲਤਾ ਅਤੇ ਨਿਸ਼ਠਾਵਾਨ ਉੱਤਰਦਾਇਕਤਾ ਦਾ ਸਬੂਤ ਦੇਣਾ ਚਾਹੀਦਾ ਹੈ। ਅਜਿਹਾ ਅਮਲ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤ ਵਿਚ ਹੋਵੇਗਾ।

ਸਾਰੀ ਦੁਨੀਆ ਇਸ ਵੇਲੇ ਭਿਆਨਕ ਮਹਾਮਾਰੀ ਦੀ ਵੱਡੀ ਆਫ਼ਤ ਵਿਚੋਂ ਗੁਜ਼ਰ ਰਹੀ ਹੈ। ਇਹ ਮਹਾਮਾਰੀ ਵੀ ਅਜਿਹੀ ਹੈ ਕਿ ਜਿਸਦੀ ਕੇਵਲ ਦਵਾਈ, ਸਾਡਾ ਕੌਮੀ ਅਨੁਸ਼ਾਸਨ ਹੀ ਹੋ ਸਕੀ ਹੈ। ਜੋ ਵੀ ਸੁਝਾਅ ਤੇ ਪ੍ਰਸਤਾਵਨਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦੇ ਦ੍ਰਿਸ਼ਟੀ ਗੋਚਰ ਕੀਤੀ ਹੈ, ਉਸ ਦਾ ਇੰਨਬਿਨ ਪਾਲਣ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ 22 ਮਾਰਚ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ ਰਾਤ ਦੇ 9 ਵਜੇ ਤੱਕ ‘ਜਨਤਾ ਕਰਫਿਊ’ ਨਾਫ਼ਜ਼ ਕਰਨ ਦੀ ਜੋ ਅਪੀਲ ਕੀਤੀ ਹੈ, ਉਸ ਉੱਤੇ ਨੇਕ ਨੀਅਤੀ ਨਾਲ ਅਮਲ ਕੀਤਾ ਜਾਵੇ। ਇਸ ‘ਜਨਤਾ ਕਰਫਿਊ’ ਦਾ ਕੇਵਲ ਤੇ ਕੇਵਲ ਇਕ ਹੀ ਮਕਸਦ ਹੈ ਕਿ ਦੇਸ਼ ਵਾਸੀਆਂ ਅੰਦਰ ਇਸ ਮਹਾਮਾਰੀ ਦਾ ਡੱਟ ਕੇ ਟਾਕਰਾ ਕਰਨ ਲਈ, ਸਵੈ-ਸੰਜਮ ਅਤੇ ਸਵੈ-ਅਨੁਸ਼ਾਸਨ ਦੀ ਭਾਵਨਾ ਪੈਦਾ ਕੀਤੀ ਜਾਵੇ ਅਤੇ ਉਸ ਉੱਤੇ ਪੂਰਨ ਸੁਹਿਰਦਤਾ ਅਤੇ ਈਮਾਨਦਾਰੀ ਨਾਲ ਪਹਿਰਾ ਦੇਣ ਲਈ ਦੇਸ਼ ਵਾਸੀਆਂ ਨੂੰ ਤਿਆਰ ਕੀਤਾ ਜਾਵੇ, ਇਸ ਵਿਚ ਹੀ ਸਾਡਾ ਸਾਰਿਆਂ ਦਾ, ਭਾਰਤ ਦੇਸ਼ ਦਾ ਅਤੇ ਮਨੁੱਖਤਾ ਦਾ ਬਚਾਅ ਹੈ। ਜੇ ਅਸੀਂ ਇਸ ਭਿਆਨਕ ਮਹਾਮਾਰੀ ਤੋਂ ਆਪ ਬਚਣਾ ਹੈ ਅਤੇ ਆਪਣੇ ਪਰਿਵਾਰ ਨੂੰ ਵੀ ਬਚਾਉਣਾ ਹੈ ਤਾਂ ਸਾਨੂੰ ਸਮਾਜਿਕ ਮੇਲ-ਜੋਲ ਘਟਾ ਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਸਮਾਜਿਕ, ਧਾਰਮਿਕ ਅਤੇ ਦੁਨਿਆਵੀ ਵਰਤ-ਵਿਹਾਰਾਂ ਤੋਂ ਪਾਸਾ ਵੱਟਣਾ ਪਵੇਗਾ, ਆਪ ਨੂੰ ਅਤੇ ਪਰਿਵਾਰ ਨੂੰ ਹਰ ਕਿਸਮ ਦੀ ਭੀੜ ਤੋਂ ਦੂਰ ਰੱਖਣ ਲਈ ਹਰ ਲੋੜੀਂਦਾ ਉਪਰਾਲਾ ਕਰਨਾ ਹੋਵੇਗਾ। 

ਮਹਿਕਮਾ ਸਿਹਤ ਅਤੇ ਸਰਕਾਰਾਂ ਵੱਲੋਂ ਸੋਸ਼ਲ ਮੀਡੀਏ ਅਤੇ ਬਿਜਲਈ ਮਾਧਿਅਮਾਂ ਰਾਹੀਂ ਦਿੱਤੇ ਜਾ ਰਹੇ ਪ੍ਰਹੇਜ਼ਗਾਰ ਮਸ਼ਵਰਿਆਂ ਅਤੇ ਰੋਕਥਾਮ ਪ੍ਰਤੀ ਦਿੱਤੀਆਂ ਜਾ ਰਹੀਆਂ ਨਸੀਹਤਾਂ ’ਤੇ ਆਪਣੇ ਧਾਰਮਿਕ ਫਰਜ਼ਾਂ ਵਾਂਗ ਹੀ ਅਮਲ ਕਰਨਾ ਹੋਵੇਗਾ। ਬੱਸ ਏਹੀ ਇਕ ਸਭ ਤੋਂ ਉੱਤਮ ਤੇ ਕਾਰਗਰ ਉਪਾਅ ਹੈ, ਜੋ ਸਾਨੂੰ ਕੋਰੋਨਾ ਵਾਇਰਸ ਦੀ ਭਾਵੀ ਮਹਾਮਾਰੀ ਦਾ ਟਾਕਰਾ ਕਰਨ ਦੇ ਸਮਰੱਥ ਕਰ ਸਕਦਾ ਹੈ ਪਰ ਜੇ ਅਸੀਂ ਸਵੈ-ਸੰਜਮ ਤੇ ਸਵੈ-ਅਨੁਸ਼ਾਸਨ ਨਿਭਾਉਣ ਤੋਂ ਖੁੰਝ ਗਏ ਤੇ ਜ਼ਰਾ ਜਿੰਨੀ ਵੀ ਕੁਤਾਹੀ ਕਰ ਗਏ, ਫੇਰ ਤਾਂ ਮੇਰੀ ਗੱਲ ਚੇਤੇ ਰੱਖਿਓ ! ਕਿ ਸਾਨੂੰ ਪਛਤਾਉਣ ਦਾ ਮੌਕਾ ਵੀ ਨਹੀਂ ਮਿਲੇਗਾ, ਅਜਿਹੇ ਦਰਦਨਾਕ, ਦਿਲਕੰਬਾਊ ਤੇ ਭਿਆਨਕ ਮੰਜ਼ਰ ਦੇਖਣੇ ਪੈ ਸਕਦੇ ਹਨ ਜਿਨ੍ਹਾਂ ਨੂੰ ਅਸੀਂ ਕਦੇ ਆਪਣੇ ਚੇਤਿਆਂ ਦੇ ਉਦਰੇਵਿਆਂ ਵਿਚ, ਕਿਆਸਿਆ ਵੀ ਨਹੀਂ ਹੋਣਾ। ਪਿਆਰੇ ਮਿੱਤਰੋ ! ਜੇ ਜਿਊਂਦੇ ਰਹੇ ਤਾਂ ਸਾਰੀ ਜ਼ਿੰਦਗੀ ਹੀ ਮੇਲਿਆ ’ਤੇ ਗਲ਼ੇ-ਮਿਲਣੀਆਂ ਲਈ ਹੈ। ਜੇ ਆਪਣੀਆਂ ਅਣਗਹਿਲੀਆਂ ਤੇ ਗ਼ਲਤੀਆਂ ਕਾਰਨ ਇਸ ਬੀਮਾਰੀ ਨੂੰ ਸਹੇੜ ਕੇ ਘਰ ਲੈ ਗਏ ਤਾਂ ਯਾਦ ਰੱਖਿਓ ਕਿ ਚਾਰ ਬੰਦੇ ਅਰਥੀ ਨੂੰ ਮੋਢਾ ਦੇਣ ਵਾਲੇ ਵੀ ਨਹੀਂ ਲੱਭਣੇ।

ਬੀਰ ਦਵਿੰਦਰ ਸਿੰਘ
ਸਾਬਕਾ ਡਿਪਟੀ ਸਪੀਕਰ
ਪੰਜਾਬ ਵਿਧਾਨ ਸਭਾ


rajwinder kaur

Content Editor

Related News