ਜਦੋਂ ਨਿਗਮ ਕਮਿਸ਼ਨਰ ਨੇ ਠੋਕਿਆ 14 ਲੱਖ ਰੁਪਏ ਜੁਰਮਾਨਾ ਤਾਂ ਬਾਇਓ-ਮਾਈਨਿੰਗ ਕੰਪਨੀ ਨੇ ਸ਼ੁਰੂ ਕਰ ਦਿੱਤਾ ਕੰਮ

09/16/2022 5:00:59 AM

ਜਲੰਧਰ (ਖੁਰਾਣਾ) : ਪਿਛਲੇ ਸਮੇਂ ਦੌਰਾਨ ਰਹੇ ਨਗਰ ਨਿਗਮ ਦੇ ਅਧਿਕਾਰੀਆਂ ਦੀ ਢਿੱਲੀ ਕਾਰਵਾਈ ਕਾਰਨ ਸ਼ਹਿਰ 'ਚ ਬਾਇਓ-ਮਾਈਨਿੰਗ ਪਲਾਂਟ ਦਾ ਕੋਈ ਅਤਾ-ਪਤਾ ਨਹੀਂ ਸੀ ਅਤੇ ਇਸ ਪ੍ਰਾਜੈਕਟ ਦਾ ਕੰਟ੍ਰੈਕਟ ਲੈਣ ਵਾਲੀ ਕੰਪਨੀ ਨੇ ਸਿਰਫ ਕੁਝ ਪਿੱਲਰ ਆਦਿ ਖੜ੍ਹੇ ਕਰਕੇ ਬਾਕੀ ਕੰਮ ਰੋਕੇ ਹੋਏ ਸਨ। ਹੁਣ ਮੌਜੂਦਾ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਕੰਪਨੀ ਪ੍ਰਤੀ ਸਖ਼ਤ ਤੇਵਰ ਦਿਖਾਉਂਦਿਆਂ ਜਦੋਂ ਪ੍ਰਾਜੈਕਟ ਸੰਚਾਲਕਾਂ ’ਤੇ 14 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਅਤੇ ਲੇਟ-ਲਤੀਫੀ ਲਈ ਹੋਰ ਜੁਰਮਾਨਾ ਠੋਕਣ ਦੀ ਚਿਤਾਵਨੀ ਜਾਰੀ ਕੀਤੀ ਤਾਂ ਕੰਪਨੀ ਨੇ ਨਾ ਸਿਰਫ ਉਥੇ ਸ਼ੈੱਡ ਦਾ ਨਿਰਮਾਣ ਪੂਰਾ ਕੀਤਾ, ਸਗੋਂ ਉਥੇ ਮਸ਼ੀਨਰੀ ਵੀ ਪਹੁੰਚਣੀ ਸ਼ੁਰੂ ਹੋ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਮਹੀਨੇ ਵਰਿਆਣਾ ਡੰਪ ’ਤੇ ਪਏ ਪੁਰਾਣੇ ਕੂੜੇ ਨੂੰ ਟਿਕਾਣੇ ਲਾਏ ਜਾਣ ਦਾ ਕੰਮ ਸ਼ੁਰੂ ਹੋ ਸਕਦਾ ਹੈ।

ਇਹ ਵੀ ਪੜ੍ਹੋ : ਪਨਗ੍ਰੇਨ ’ਚ ਕਰੋੜਾਂ ਦੇ ਘਪਲੇ ਦਾ ਮਾਮਲਾ; 13 ਇੰਸਪੈਕਟਰਾਂ ਵਿਰੁੱਧ ਕੇਸ ਦਰਜ

40 ਕਰੋੜ ਦੀ ਲਾਗਤ ਨਾਲ ਲਗਭਗ 8 ਲੱਖ ਟਨ ਕੂੜੇ ਦਾ ਹੋਵੇਗਾ ਨਿਪਟਾਰਾ

ਨਗਰ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਸਮਾਰਟ ਸਿਟੀ ਦੇ ਲਗਭਗ 40 ਕਰੋੜ ਰੁਪਏ ਦੀ ਲਾਗਤ ਨਾਲ ਵਰਿਆਣਾ ਡੰਪ ’ਤੇ ਪਏ ਲਗਭਗ 60 ਲੱਖ ਟਨ ਪੁਰਾਣੇ ਕੂੜੇ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਰਿਆਣਾ 'ਚ ਕਾਫੀ ਮਾਤਰਾ ਵਿਚ ਕੂੜਾ ਜਮ੍ਹਾ ਹੋ ਜਾਣ ਕਾਰਨ ਉਥੇ ਸਮੱਸਿਆ ਆ ਰਹੀ ਸੀ, ਜਿਸ ਕਾਰਨ ਸ਼ਹਿਰ ਦੀ ਲਿਫਟਿੰਗ ਵੀ ਅਕਸਰ ਪ੍ਰਭਾਵਿਤ ਰਹਿੰਦੀ ਸੀ। ਬਾਇਓ-ਮਾਈਨਿੰਗ ਪਲਾਂਟ ਜਿਹੜਾ 12 ਜੂਨ 2021 ਤੱਕ ਲੱਗ ਜਾਣਾ ਚਾਹੀਦਾ ਸੀ, ਉਹ ਪਹਿਲਾਂ ਹੀ ਕਾਫੀ ਲੇਟ ਹੋ ਚੁੱਕਾ ਹੈ। ਇਸ ਲਈ ਕੰਪਨੀ ’ਤੇ ਦਬਾਅ ਬਣਾ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਜਬਰੀ ਝੋਨੇ ਦੀ ਫਸਲ ਵਾਹੁਣ ਦਾ ਵਿਰੋਧ ਕਰਨ 'ਤੇ ਪੁਲਸ ਨੇ ਕਿਸਾਨਾਂ ਨੂੰ ਭਜਾ-ਭਜਾ ਕੁੱਟਿਆ

ਸਵੱਛਤਾ ਲੀਗ ਦੇ ਮੱਦੇਨਜ਼ਰ ਕਈ ਪ੍ਰੋਗਰਾਮ ਕਰੇਗਾ ਨਿਗਮ

ਕਮਿਸ਼ਨਰ ਦਵਿੰਦਰ ਸਿੰਘ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਦੇ 8 ਸਾਲ ਪੂਰੇ ਹੋਣ ਦੇ ਸਬੰਧ 'ਚ 17 ਸਤੰਬਰ ਤੋਂ ਕੇਂਦਰ ਸਰਕਾਰ ਜਿਹੜੀ ‘ਇੰਡੀਅਨ ਸਵੱਛਤਾ ਲੀਗ’ ਸ਼ੁਰੂ ਕਰ ਰਹੀ ਹੈ, ਉਸ ਵਿਚ ਜਲੰਧਰ ਨਿਗਮ ਵੀ ਵਧ-ਚੜ੍ਹ ਕੇ ਹਿੱਸਾ ਲਵੇਗਾ, ਜਿਸ ਤਹਿਤ ਵੱਖ-ਵੱਖ ਸਕੂਲਾਂ-ਕਾਲਜਾਂ ਆਦਿ ਵਿਚ ਸੈਮੀਨਾਰ, ਨੁੱਕੜ ਨਾਟਕਾਂ ਅਤੇ ਜਾਗਰੂਕਤਾ ਸਬੰਧੀ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਕਈ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਹੋਣਗੀਆਂ। ਇਹ ਪ੍ਰੋਗਰਾਮ 17 ਸਤੰਬਰ ਨੂੰ ਰੈਲੀ ਨਾਲ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਲਈ ਸੈਨੀਟੇਸ਼ਨ ਵਿਭਾਗ ਵੱਲੋਂ ਜਲੰਧਰ ਫਰੰਟੀਅਰ ਟੀਮ ਦਾ ਗਠਨ ਕੀਤਾ ਗਿਆ ਹੈ। ਇਹ ਮੁਹਿੰਮ 2 ਅਕਤੂਬਰ ਨੂੰ ਖਤਮ ਹੋਣ ਦੀ ਬਜਾਏ ਮਹਾਰਿਸ਼ੀ ਵਾਲਮੀਕਿ ਜਯੰਤੀ ਤੱਕ ਚਲਾਈ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੇ ਸਿਲਸਿਲੇ ਵਿਚ ਅੱਜ ਨਿਗਮ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਦੀ ਇਕ ਮੀਟਿੰਗ ਸੱਦੀ ਅਤੇ ਸਾਰੇ ਵਿਭਾਗਾਂ ਨੂੰ ਇਕਜੁੱਟਤਾ ਪ੍ਰਦਰਸ਼ਿਤ ਕਰਨ ਨੂੰ ਕਿਹਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News