ਬਿੱਲਾ ਮਰਡਰ ਨਾਲ ਚਰਚਾ ''ਚ ਆਈ ਫਰਮ ''ਤੇ ਬੈਂਕ ਨੇ ਫਰਾਡ ਦਾ ਦੋਸ਼ ਲਾਇਆ

10/12/2019 1:07:06 PM

ਜਲੰਧਰ (ਖੁਰਾਣਾ)— ਪ੍ਰਮੁੱਖ ਨੈਸ਼ਨਲਾਈਜ਼ਡ ਬੈਂਕ ਓਰੀਐਂਟਲ ਬੈਂਕ ਆਫ ਕਾਮਰਸ, ਜਲੰਧਰ ਦੇ ਚੀਫ ਮੈਨੇਜਰ/ਕਲੱਸਟਰ ਹੈੱਡ (ਰਿਕਵਰੀ) ਨੇ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਫੋਕਲ ਪੁਆਇੰਟ ਐਕਸਟੈਂਸ਼ਨ ਸਥਿਤ ਫਰਮ ਮੈਸਰਜ਼ ਜੇ. ਕੇ. ਇੰਟਰਨੈਸ਼ਨਲ 'ਤੇ 70 ਲੱਖ ਰੁਪਏ ਦੀ ਧੋਖਾਦੇਹੀ ਕਰਨ ਦਾ ਦੋਸ਼ ਲਾਇਆ ਹੈ। ਬੈਂਕ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ 'ਚ ਜੇ. ਕੇ. ਇੰਟਰਨੈਸ਼ਨਲ ਦੇ ਪਾਰਟਨਰਾਂ ਵਰਿੰਦਰ ਸਿੰਘ ਸਪੁੱਤਰ ਸੁਰਿੰਦਰ ਸਿੰਘ ਵਾਸੀ 726 ਪ੍ਰਕਾਸ਼ ਨਗਰ, ਰਾਜਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਅਤੇ ਸਿਮਰਪ੍ਰੀਤ ਕੌਰ ਪਤਨੀ ਅਸ਼ਵਿੰਦਰ ਸਿੰਘ ਵਾਸੀ ਮਾਡਲ ਟਾਊਨ ਫਗਵਾੜਾ 'ਤੇ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇ ਕਿਉਂਕਿ ਇਨ੍ਹਾਂ ਬੈਂਕ ਕੋਲ ਗਿਰਵੀ ਪਏ ਸਟਾਕ ਨੂੰ ਖੁਰਦ-ਬੁਰਦ ਕੀਤਾ ਹੈ।
ਬੈਂਕ ਅਧਿਕਾਰੀ ਨੇ ਦੱਸਿਆ ਕਿ ਇਸ ਫਰਮ ਨੂੰ ਬੈਂਕਿੰਗ ਨਿਯਮਾਂ ਦੇ ਆਧਾਰ 'ਤੇ ਸਮੇਂ-ਸਮੇਂ 'ਤੇ ਕਰਜ਼ੇ ਦਿੱਤੇ ਗਏ, ਜਿਨ੍ਹਾਂ ਦੀ ਰਕਮ 13 ਫਰਵਰੀ 2019 ਤੱਕ 96.35 ਲੱਖ ਤੱਕ ਪਹੁੰਚ ਗਈ। ਇਸ 'ਚ ਕਰੀਬ 70 ਲੱਖ ਰੁਪਏ ਦਾ ਸਟਾਕ ਦਰਸਾਇਆ ਗਿਆ ਜੋ ਫਿਨਿਸ਼ਡ ਅਤੇ ਅਨ-ਫਿਨਿਸ਼ਡ ਗੁਡਸ ਦੀ ਕੈਟਾਗਿਰੀ ਦਾ ਸੀ। ਇਹ ਸਟਾਕ ਬੈਂਕ ਕੋਲ ਗਹਿਣੇ ਹੋਣ ਕਾਰਨ ਇਸ 'ਤੇ ਬੈਂਕ ਦਾ ਅਧਿਕਾਰ ਸੀ ਅਤੇ ਇਸ ਦੀ ਸੇਲ ਪ੍ਰੋਸੀਡਿੰਗ ਵੀ ਬੈਂਕ ਦੇ ਜ਼ਰੀਏ ਹੋਣੀ ਚਾਹੀਦੀ ਸੀ ਪਰ ਫਰਮ ਦੇ ਪਾਰਟਨਰਾਂ ਨੇ ਸਟਾਕ ਨੂੰ ਇਧਰ-ਉਧਰ ਕਰ ਦਿੱਤਾ ਅਤੇ ਬੈਂਕ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਬੈਂਕ ਅਧਿਕਾਰੀਆਂ ਨੇ ਇਸ ਨੂੰ ਧੋਖਾਦੇਹੀ ਦਾ ਮਾਮਲਾ ਦੱਸਦਿਆਂ ਮੁਲਜ਼ਮਾਂ 'ਤੇ ਕਾਰਵਾਈ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਫੋਕਲ ਪੁਆਇੰਟ ਐਕਸਟੈਂਸ਼ਨ ਸਥਿਤ ਫਰਮ ਜੇ. ਕੇ. ਇੰਟਰਨੈਸ਼ਨਲ 3 ਜੂਨ 2016 ਨੂੰ ਕੰਪਨੀ ਬਾਗ ਕੋਲ ਹੋਏ ਅਨਿਲ ਬਿੱਲਾ ਮਰਡਰ ਕਾਂਡ ਮਾਮਲੇ ਵਿਚ ਉਸ ਸਮੇਂ ਵਿਵਾਦਾਂ 'ਚ ਆਈ ਸੀ, ਜਦੋਂ ਇਸ ਦੇ ਪਾਰਟਨਰ ਰਾਜਨ ਕੋਚਰ ਉਰਫ ਵਰਿੰਦਰ ਸਿੰਘ ਨੂੰ ਜਲੰਧਰ ਪੁਲਸ ਨੇ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਬਿੱਲਾ ਮਰਡਰ 'ਚ ਵਰਿੰਦਰ ਸਿੰਘ ਉਰਫ ਰਾਜਨ ਕੋਚਰ ਨੂੰ ਕਈ ਮਹੀਨੇ ਜੇਲ 'ਚ ਬਿਤਾਉਣੇ ਪਏ ਸਨ ਪਰ ਜਾਂਚ ਦੌਰਾਨ ਉਨ੍ਹਾਂ ਦੀ ਕੋਈ ਭੂਮਿਕਾ ਸਾਹਮਣੇ ਨਾ ਆਉਣ 'ਤੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਹੁਣ ਉਹ ਹੀ ਜੇ. ਕੇ. ਇੰਟਰਨੈਸ਼ਨਲ ਫਰਮ ਬੈਂਕ ਲੋਨ ਕਾਰਣ ਫਿਰ ਚਰਚਾ 'ਚ ਹੈ।

ਡੈੱਟ ਰਿਕਵਰੀ ਟ੍ਰਿਬਿਊਨਲ 'ਚ ਵੀ ਚੱਲ ਰਿਹਾ ਕੇਸ
ਜੇ. ਕੇ. ਇੰਟਰਨੈਸ਼ਨਲ ਨਾਲ ਸਬੰਧਤ ਨੁਮਾਇੰਦਿਆਂ ਨੇ ਦੱਸਿਆ ਕਿ ਬੈਂਕ ਨੇ ਇਸ ਮਾਮਲੇ ਵਿਚ ਡੈੱਟ ਰਿਕਵਰੀ ਟ੍ਰਿਬਿਊਨਲ 'ਚ ਵੀ ਕੇਸ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਟਾਕ ਨੂੰ ਖੁਰਦ-ਬੁਰਦ ਨਹੀਂ ਕੀਤਾ ਗਿਆ, ਸਗੋਂ ਮਾਰਕੀਟ ਵਿਚ ਘਾਟਾ ਪੈ ਜਾਣ ਕਾਰਨ ਅਜਿਹਾ ਹੋਇਆ ਅਤੇ ਫਰਮ ਘਾਟੇ ਵਿਚ ਚਲੀ ਗਈ। ਫਰਮ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ਬੈਂਕ ਕੋਲ ਗਹਿਣੇ ਪਈ ਹੈ, ਜਿਸ ਨੂੰ ਵੇਚ ਕੇ ਬੈਂਕ ਆਪਣਾ ਪੈਸਾ ਹਾਸਲ ਕਰ ਸਕਦਾ ਹੈ।
ਫਰਮ ਦੇ ਨੁਮਾਇੰਦਿਆਂ ਦਾ ਇਹ ਵੀ ਕਹਿਣਾ ਹੈ ਕਿ ਕਰੀਬ 2 ਸਾਲ ਪਹਿਲਾਂ 2 ਪਾਰਟਨਰ ਫਰਮ ਨੂੰ ਛੱਡ ਗਏ ਸਨ ਅਤੇ ਉਸ ਦੌਰਾਨ ਫਰਮ ਨੂੰ ਪਾਰਟਨਰਸ਼ਿਪ ਤੋਂ ਪ੍ਰੋਪਰਾਈਟਰਸ਼ਿਪ ਵਿਚ ਬਦਲ ਦਿੱਤਾ ਗਿਆ, ਜਿਸ ਦੀ ਸੂਚਨਾ ਬੈਂਕ ਨੂੰ ਵੀ ਦਿੱਤੀ ਗਈ ਅਤੇ ਇਹ ਸੂਚਨਾ ਬੈਂਕ ਰਿਕਾਰਡ ਵਿਚ ਦਰਜ ਵੀ ਹੈ। ਇਸ ਦੇ ਬਾਵਜੂਦ ਸਾਬਕਾ ਪਾਰਟਨਰਾਂ 'ਤੇ ਵੀ ਕੇਸ ਦਰਜ ਕਰਨ ਦੀ ਸਿਫਾਰਿਸ਼ ਕਰਨਾ ਸਮਝ ਤੋਂ ਪਰ੍ਹੇ ਹੈ।

ਲੱਕੀ ਕੱਕੜ ਅਤੇ ਓਮ ਜੈਨ ਦਾ ਆਪਸੀ ਝਗੜਾ ਹੈ ਮੁੱਖ ਕਾਰਨ
ਫੋਕਲ ਪੁਆਇੰਟ ਐਕਸਟੈਂਸ਼ਨ 'ਚ ਸਥਿਤ ਜੇ. ਕੇ. ਇੰਟਰਨੈਸ਼ਨਲ ਦੇ ਮਾਲਕਾਂ 'ਤੇ ਪੁਲਸ ਕੇਸ ਦਰਜ ਕਰਨ ਦੀ ਸਿਫਾਰਿਸ਼ ਦੇ ਪਿੱਛੇ ਅਸਲ 'ਚ ਮੁੱਖ ਕਾਰਨ ਸ਼ਹਿਰ ਦੇ 2 ਉਦਯੋਗਪਤੀਆਂ ਅਤੇ ਐਕਸਪੋਰਟਰਾਂ ਓਮ ਜੈਨ ਅਤੇ ਲੱਕੀ ਕੱਕੜ ਦਾ ਆਪਸੀ ਝਗੜਾ ਹੈ।
ਜ਼ਿਕਰਯੋਗ ਹੈ ਕਿ ਕਦੀ ਓਮ ਜੈਨ ਅਤੇ ਲੱਕੀ ਕੱਕੜ ਆਪਸ ਵਿਚ ਘਿਉ-ਖਿਚੜੀ ਹੋਇਆ ਕਰਦੇ ਸਨ ਅਤੇ ਇਨ੍ਹਾਂ ਦੋਵਾਂ ਦਾ ਦੁਬਈ ਕੁਨੈਕਸ਼ਨ ਪੂਰੇ ਉਦਯੋਗਿਕ ਖੇਤਰ ਵਿਚ ਮਸ਼ਹੂਰ ਸੀ। ਗੁਰੂ-ਚੇਲੇ ਦੇ ਨਾਂ ਨਾਲ ਮਸ਼ਹੂਰ ਇਹ ਜੋੜੀ ਕੁਝ ਸਾਲ ਪਹਿਲਾਂ ਵਪਾਰਕ ਘਾਟੇ ਆਦਿ ਨੂੰ ਲੈ ਕੇ ਟੁੱਟ ਜਿਹੀ ਗਈ।
ਸ਼ਹਿਰ ਦੇ ਉਦਯੋਗਿਕ ਖੇਤਰਾਂ ਦੀ ਮੰਨੀਏ ਤਾਂ ਜਦੋਂ ਦੋਵਾਂ ਦੀ ਆਪਸ ਵਿਚ ਬਹੁਤ ਬਣਦੀ ਸੀ ਤਾਂ ਲੱਕੀ ਕੱਕੜ ਦਾ ਕਾਰੋਬਾਰ ਜੇ. ਕੇ. ਅਤੇ ਏ. ਟੀ. ਐੱਮ. ਦੇ ਨਾਂ ਨਾਲ ਹੁੰਦਾ ਸੀ ਅਤੇ ਇਕ ਫਰਮ ਵਿਚ ਤਾਂ ਜੈਨ ਨੇ ਆਪਣੀ ਜ਼ਮੀਨ ਤੱਕ ਬੈਂਕ ਕੋਲ ਗਹਿਣੇ ਰੱਖੀ ਸੀ। ਸੂਤਰ ਦੱਸਦੇ ਹਨ ਕਿ ਕਈ ਸਾਲ ਪਹਿਲਾਂ ਬਸਤੀ ਸ਼ੇਖ ਸਥਿਤ ਲੋਚਨ ਭਾਟੀਆ ਦੇ ਘਰ ਇਕ ਐਗਰੀਮੈਂਟ ਡੀਲ ਹੋਈ, ਜਿਸ ਦੌਰਾਨ ਸ਼ਹਿਰ ਦੇ ਪਤਵੰਤਿਆਂ ਨੇ ਓਮ ਜੈਨ ਤੇ ਲੱਕੀ ਕੱਕੜ ਵਿਚ ਲੈਣ-ਦੇਣ ਨੂੰ ਫਾਈਨਲ ਕਰਵਾਇਆ ਸੀ। ਇਸ ਸਮਝੌਤੇ ਤੋਂ ਬਾਅਦ ਵੀ ਜਦੋਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਗੱਲ ਬੈਂਕ ਖਾਤੇ ਤੋਂ ਡਿਫਾਲਟਰ ਹੋਣ ਤੱਕ ਆ ਗਈ। ਜੇ. ਕੇ. ਇੰਟਰਨੈਸ਼ਨਲ ਸਿਰ ਚੜ੍ਹਿਆ ਬੈਂਕ ਲੋਨ ਅਸਲ ਵਿਚ ਇਸੇ ਵਿਵਾਦ ਦਾ ਸਿੱਟਾ ਹੈ ਜੋ ਲੰਬਾ ਖਿੱਚਦਾ ਜਾ ਰਿਹਾ ਹੈ।


shivani attri

Content Editor

Related News