ਗੁਰਦੁਆਰਾ ਅਕਾਲ ਬੁੰਗਾ ’ਤੇ ਕਬਜ਼ੇ ਦੇ ਮਾਮਲੇ ਵਿਚ ਮਜੀਠੀਆ ਨੇ ਘੇਰੀ ''ਆਪ''

11/30/2023 10:58:10 AM

ਜਲੰਧਰ (ਬਿਊਰੋ)-ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਾ ਸਿਰਫ਼ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਅਕਾਲ ਬੁੰਗਾ ਵਿਚ ਸ਼ਾਂਤਮਈ ਬੈਠ ਕੇ ਗੁਰਬਾਣੀ ਦਾ ਪਾਠ ਕਰ ਰਹੀ ਸੰਗਤ ’ਤੇ ਹਮਲਾ ਕਰਵਾਇਆ, ਸਗੋਂ ਇਸ ਨੇ ਤਿੰਨ ਬੇਦੋਸ਼ੇ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਭਾਲਣ ਦੀ ਕੋਸ਼ਿਸ਼ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਇਥੇ ਗੁਰਪ੍ਰੀਤ ਸਿੰਘ ਦੇ ਮਾਪਿਆਂ ਦੇ ਨਾਲ ਰਲ ਕੇ ਇਕ ਜਲੰਧਰ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨਿਸ਼ਾਨ ਸਿੰਘ ਅਤੇ ਬਘੇਲ ਸਿੰਘ ਨੂੰ ਸੁਲਤਾਨਪੁਰ ਲੋਧੀ ਵਿਚ 22 ਨਵੰਬਰ ਨੂੰ ਗੁਰਦੁਆਰਾ ਅਕਾਲ ਬੁੰਗਾ ਵਿਖੇ 21 ਨਵੰਬਰ ਨੂੰ ਵਾਪਰੀ ਘਟਨਾ ਲਈ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਅਸਲ ਵਿਚ ਉਹ ਉਸ ਦਿਨ ਸ੍ਰੀ ਦਰਬਾਰ ਸਾਹਿਬ ਵਿਚ ਮੌਜੂਦ ਸਨ। ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀਡੀਓ ਵਿਖਾ ਕੇ ਸਾਬਤ ਵੀ ਕੀਤਾ ਕਿ ਤਿੰਨੋਂ 21 ਨਵੰਬਰ ਨੂੰ ਅੰਮ੍ਰਿਤਸਰ ਵਿਚ ਮੌਜੂਦ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਐਪ ਨਾਲ ਚੱਲਣ ਵਾਲੀਆਂ ਟੈਕਸੀਆਂ ਲਈ ਵੱਡਾ ਕਦਮ ਚੁੱਕਣ ਜਾ ਰਹੀ ਸਰਕਾਰ

ਸ. ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਗੁਰਦੁਆਰਾ ਅਕਾਲ ਬੁੰਗਾ ’ਤੇ ਹਮਲੇ ਦੇ ਹੁਕਮ ਦਿੱਤੇ ਤਾਂ ਜੋ ਬਾਬਾ ਬਲਬੀਰ ਸਿੰਘ ਦਾ ਗੁਰਦੁਆਰਾ ਸਾਹਿਬ ’ਤੇ ਮੁੜ ਕਬਜ਼ਾ ਕਰਵਾਇਆ ਜਾ ਸਕੇ ਅਤੇ ਹੁਣ ਮਾਸੂਮ ਅਤੇ ਨਿਰਦੋਸ਼ ਲੋਕਾਂ ਨੂੰ ਕੇਸ ਵਿਚ ਫਸਾਇਆ ਜਾ ਰਿਹਾ ਹੈ ਕਿਉਂਕਿ ਉਹ ਅੰਮ੍ਰਿਤਧਾਰੀ ਹਨ ਅਤੇ ਵਾਪਰੀ ਘਟਨਾ ਤੋਂ ਇਕ ਦਿਨ ਪਹਿਲਾਂ ਸੁਲਤਾਨਪੁਰ ਲੋਧੀ ਵਿਖੇ ਮੌਜੂਦ ਸਨ। ਸਾਬਕਾ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸਿਰਫ਼ ਇਕ ਏਕੜ ਖੇਤੀਬਾੜੀ ਜ਼ਮੀਨ ਦੇ ਮਾਲਕ ਕਿਸਾਨ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਪਰਿਵਾਰ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦਕਿ ਉਨ੍ਹਾਂ ਦੀ ਧੀ ਦਾ 1 ਦਸੰਬਰ ਨੂੰ ਵਿਆਹ ਹੈ। ਗੁਰਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਿਆਹ ਦਾ ਸੱਦਾ ਦੇਣ ਵਾਸਤੇ ਸੁਲਤਾਨਪੁਰ ਲੋਧੀ ਆਇਆ ਸੀ ਅਤੇ ਉਸ ਦਾ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਕਬਜ਼ੇ ਨਾਲ ਕੋਈ ਸਬੰਧ ਨਹੀਂ ਹੈ। ਬਜ਼ੁਰਗ ਜੋੜੇ ਨੇ ਰੋਂਦੇ ਹੋਏ ਦੱਸਿਆ ਕਿ ਬੇਟੇ ਦੀ ਗੈਰ-ਹਾਜ਼ਰੀ ਕਰਕੇ ਉਨ੍ਹਾਂ ਨੂੰ ਬੇਟੀ ਦਾ ਵਿਆਹ ਕਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ, ਜਦਕਿ ਸਾਡੇ ’ਤੇ ਅੱਜ ਤਕ ਕੋਈ ਵੀ ਕੇਸ ਨਹੀਂ ਹੈ ਅਤੇ ਨਾ ਹੀ ਅਸੀਂ ਕਿਸੇ ਪਾਰਟੀ ਨਾਲ ਸਬੰਧ ਰੱਖਦੇ ਹਾਂ। ਸਾਡੇ ਪੁੱਤਰ ਨੂੰ ਤਾਂ ਨਿਹੰਗ ਦੇ ਬਾਣੇ ਵਿਚ ਹੋਣ ਕਰ ਕੇ ਹੀ ਪੁਲਸ ਨੇ ਚੁੱਕ ਲਿਆ।

ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਨਿਰਦੋਸ਼ ਲੋਕਾਂ ਨੂੰ ਕੇਸ ਵਿਚ ਫਸਾਇਆ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਬਾਬਾ ਬਲਬੀਰ ਸਿੰਘ ਦੀ ਮਦਦ ਕਰਨਾ ਚਾਹੁੰਦੇ ਹਨ ਅਤੇ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਗੁਰਦੁਆਰਾ ਅਕਾਲ ਬੁੰਗਾ ’ਤੇ ਕਬਜ਼ਾ ਹੋ ਜਾਵੇ ਕਿਉਂਕਿ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਬਾਬਾ ਬਲਬੀਰ ਸਿੰਘ ਵੱਲੋਂ ਚਲਾਏ ਜਾ ਰਹੇ ਸਕੂਲ ਵਿਚ ਅਧਿਆਪਕ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਾਨੂੰਨੀ ਕਾਰਵਾਈ ਕਰਦਿਆਂ ਯਕੀਨੀ ਬਣਾਏਗਾ ਕਿ ਕਿਸੇ ਵੀ ਨਿਰਦੋਸ਼ ਵਿਅਕਤੀ ਨੂੰ ਝੂਠੇ ਕੇਸ ਵਿਚ ਨਾ ਫਸਾਇਆ ਜਾਵੇ। ਇਸ ਮੌਕੇ ਸੀਨੀਅਰ ਅਕਾਲੀ ਲੀਡਰ ਗੁਰਚਰਨ ਸਿੰਘ ਚੰਨੀ, ਯੂਥ ਆਗੂ ਰਾਜਪਾਲ, ਸੁਖਵੰਤ ਸਿੰਘ ਸੁੱਖਾ, ਗੁਰਪ੍ਰੀਤ ਸਿੰਘ ਖਾਲਸਾ ਅਤੇ ਹੋਰ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ 'ਤੇ ਹੋਏ ਹਮਲੇ ਨੂੰ ਲੈ ਕੇ ਗੈਂਗਸਟਰ ਬਿਸ਼ਨੋਈ 'ਤੇ ਭੜਕੇ ਗੁਰਸਿਮਰਨ ਮੰਡ, ਕਹੀਆਂ ਵੱਡੀਆਂ ਗੱਲਾਂ

‘ਮਾਈਨਿੰਗ ਦੀ ਸਰਕਾਰ ਸੀ. ਬੀ. ਆਈ. ਜਾਂਚ ਕਰਵਾਵੇ, ਸਭ ਸਾਹਮਣੇ ਆ ਜਾਵੇਗਾ’
ਰੋਪੜ ਵਿਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ’ਤੇ ਵਿਧਾਨ ਸਭਾ ਵਿਚ ਪਏ ਰੌਲੇ ਸਮੇਂ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਮਜੀਠੀਆ ਨੇ ਕਿਹਾ ਕਿ ਜੇ ਸਰਕਾਰ ਅਤੇ ਉਸਦੇ ਮੰਤਰੀ ਇੰਨੇ ਹੀ ਸੱਚੇ ਅਤੇ ਸੁੱਚੇ ਹਨ ਤਾਂ ਉਹ ਇਸਦੀ ਸੀ. ਬੀ. ਆਈ. ਜਾਂਚ ਕਰਵਾਉਣ ਦੇ ਹੁਕਮ ਦੇਣ, ਸਭ ਕੁਝ ਨਿਤਰ ਕੇ ਲੋਕਾਂ ਦੇ ਸਾਹਮਣੇ ਆ ਜਾਵੇਗਾ। ਮਜੀਠੀਆ ਨੇ ਕਿਹਾ ਕਿ ‘ਆਪ’ ਦੇ ਮੰਤਰੀਆਂ, ‘ਆਪ’ ਦੇ ਲੀਡਰਾਂ ਅਤੇ ਪੁਲਸ ਦੀ ਸ਼ਹਿ ਤੋਂ ਬਿਨਾਂ ਮਾਈਨਿੰਗ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਮਾਈਨਿੰਗ ਵਿਚ ਕਰੋੜਾਂ ਰੁਪਏ ਇਕੱਠਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਖ਼ੁਸ਼ ਕੀਤੇ ਸਰਪੰਚ, ਪੰਚਾਇਤਾਂ ਨੂੰ ਦਿੱਤੇ ਇਹ ਨਿਰਦੇਸ਼

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 

shivani attri

This news is Content Editor shivani attri