ਭਾਈ ਲਾਲੂ ਜੀ ਦੀ ਯਾਦ ''ਚ ਵੱਡਾ ਦੀਵਾਨ ਹਾਲ ਬਹੁਤ ਜਲਦੀ ਬਣਾਇਆ ਜਾਵੇਗਾ: ਬੀਬੀ ਜਗੀਰ ਕੌਰ

10/06/2021 5:29:04 PM

ਸੁਲਤਾਨਪੁਰ ਲੋਧੀ (ਸੋਢੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਪ੍ਰਧਾਨ ਬੀਬੀ ਜਗੀਰ ਕੌਰ ਅੱਜ ਬ੍ਰਹਮਗਿਆਨੀ ਭਾਈ ਲਾਲੂ ਜੀ ਦੇ ਸਲਾਨਾ ਜੋੜ ਮੇਲੇ ''ਚ ਹਾਜਰੀ ਭਰਨ ਲਈ ਉਚੇਚੇ ਤੌਰ 'ਤੇ ਪੁੱਜੇ। ਜਿਨ੍ਹਾਂ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਜਾਏ ਧਾਰਮਿਕ ਦੀਵਾਨ ਨੂੰ ਸੰਬੋਧਨ ਕਰਦੇ ਹੋਏ ਸਮੂਹ ਸੰਗਤਾਂ ਨੂੰ ਇਸ ਮਹਾਨ ਜੋੜ ਮੇਲੇ ਦੀ ਵਧਾਈ ਦਿੱਤੀ। ਬੀਬੀ ਜਗੀਰ ਕੌਰ ਨੇ ਇਸ ਇਤਿਹਾਸਕ ਨਗਰੀ ਡੱਲਾ ਸਾਹਿਬ 'ਚ 4 ਗੁਰੂ ਸਾਹਿਬਾਨ ਨੇ ਚਰਨ ਪਾਏ ਹੋਏ ਹਨ ਅਤੇ ਇਥੋਂ ਦੇ 72 ਭਗਤਾਂ ਨੇ ਗੁਰੂ ਬਖਸ਼ਿਸ਼ ਪ੍ਰਾਪਤ ਕੀਤੀ ਹੋਈ ਹੈ । ਉਨ੍ਹਾਂ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਤੀਜੇ ਪਾਤਸ਼ਾਹ ਧੰਨ-ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਇਸ ਨਗਰੀ ਦੇ ਚਾਰ ਮੰਜੀਦਾਰ ਸਿੱਖ ਭਾਈ ਲਾਲੂ ਜੀ, ਪਰਮਹੰਸ ਭਾਈ ਪਾਰੋ ਜੀ, ਭਾਈ ਖਾਨੂ ਛੁਰਾ ਜੀ ਅਤੇ ਭਾਈ ਸ਼ਾਹ ਅੱਲਾ ਯਾਰ ਥਾਪੇ ਸਨ, ਜਿਨ੍ਹਾਂ ਦੀ ਯਾਦ ਇਹ ਸਲਾਨਾ ਜੋੜ ਮੇਲਾ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਈ ਲਾਲੂ ਜੀ ਮਹਾਨ ਤਪੱਸਵੀ ਅਤੇ ਨਾਮੀ ਵੈਦ ਵੀ ਸਨ। ਉਨ੍ਹਾਂ ਕਿਹਾ ਕਿ ਮੈ ਇਨ੍ਹਾਂ ਮਹਾਨ ਗੁਰਸਿੱਖਾਂ ਪਿਆਰਿਆਂ ਦੇ ਚਰਨਾਂ 'ਚ ਸੀਸ ਝੁਕਾਉਂਦੀ ਹਾਂ। ਪਰਮਹੰਸ ਭਾਈ ਪਾਰੋ ਜੀ ਉਹ ਮਹਾਨ ਬ੍ਰਹਮਗਿਆਨੀ ਸਿੱਖ ਹਨ, ਜਿਨ੍ਹਾਂ ਤੋਂ ਖੁਸ਼ ਹੋ ਕੇ ਸਤਿਗੁਰੂ ਪਾਤਸ਼ਾਹ ਨੇ ਗੁਰਤਾ ਗੱਦੀ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਮਹਾਨ ਭਾਈ ਪਾਰੋ ਜੀ ਨੇ ਕਿਹਾ ਕਿ ਮੈਨੂੰ ਗੁਰਤਾਗੱਦੀ ਨਹੀਂ ਆਪਣੀ ਗੁਰਸਿੱਖੀ ਦੀ ਦਾਤ ਮੇਰੀ ਝੋਲੀ ਪਾ ਦਿਓ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਮੈ ਉਨ੍ਹਾਂ ਮਹਾਨ ਗੁਰਸਿੱਖਾਂ ਦੇ ਚਰਨਾਂ ''ਚ ਸੀਸ ਝੁਕਾਉਂਦੀ ਹਾਂ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਸਾਰੇ ਕਹਿੰਦੇ ਕਿ ਅਸੀਂ ਬਾਬੇ ਸੰਤ ਹੀ ਬਣਨਾ ਪਰ ਜਿਹੜੀ ਗੁਰਸਿੱਖੀ ਦੀ ਦਾਤ ਭਾਈ ਪਾਰੋ ਜੀ ਨੇ ਪ੍ਰਾਪਤ ਕੀਤੀ, ਉਹ ਸਿੱਖੀ ਲੈਣ ਨੂੰ ਤਿਆਰ ਨਹੀਂ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਚਾਰ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਤੇ 72 ਭਗਤਾਂ ਦੇ ਇਸ ਨਗਰ ਡੱਲਾ ਦੀ ਜਿੰਨੀ ਤਰੱਕੀ ਹੋਣੀ ਚਾਹੀਦੀ ਸੀ, ਉਹ ਨਹੀਂ ਹੋਈ । ਉਨ੍ਹਾਂ ਡੱਲਾ ਸਾਹਿਬ ''ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡਾ ਦੀਵਾਨ ਹਾਲ ਭਾਈ ਲਾਲੂ ਜੀ ਦੀ ਯਾਦ ''ਚ ਜਲਦੀ ਬਣਾਉਣ ਦਾ ਐਲਾਨ ਕਰਦੇ ਕਿਹਾ ਕਿ ਹਲਕੇ ਦੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ ਨੂੰ ਦੀਵਾਨ ਹਾਲ ਜਲਦੀ ਆਰੰਭ ਕਰਵਾਉਣ ਲਈ ਲਿਖਤੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਬੀਬਾ ਗੁਰਪ੍ਰੀਤ ਕੌਰ ਨੂੰ ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨਾਲ ਗੱਲਬਾਤ ਕਰਕੇ ਜਲਦੀ ਦੀਵਾਨ ਹਾਲ ਦੀ ਕਾਰ ਸੇਵਾ ਆਰੰਭ ਕਰਵਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਇਸ ਲਈ ਸੇਵਾ ਸੌਪੀ ਜਾਂਦੀ ਹੈ ਕਿਉਂਕਿ ਠੇਕੇਦਾਰ ਏਨੀ ਮਜਬੂਤ ਇਮਾਰਤ ਨਹੀਂ ਬਣਾ ਸਕਦੇ, ਜਿਨ੍ਹਾਂ ਮਜਬੂਤ ਕਾਰ ਸੇਵਾ ਰਾਹੀਂ ਮਹਾਂਪੁਰਸ਼ ਬਣਾਉਂਦੇ ਹਨ। 

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਘਟਨਾ: ਮ੍ਰਿਤਕਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਉਨ੍ਹਾਂ ਸੰਤ ਬਾਬਾ ਜਗਤਾਰ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਬਣਾਈ 7 ਮੰਜਿਲਾ ਸਰਾਂ , ਵੱਡੇ ਲੰਗਰ ਹਾਲ ਅਤੇ ਹੋਰ ਸਰਾਵਾਂ, ਬਾਥਰੂਮ ਆਦਿ ਬਹੁਤ ਹੀ ਮਜ਼ਬੂਤ ਅਤੇ ਜਲਦੀ ਬਣਾਉਣ ਦੀ ਪ੍ਰਸੰਸਾ ਕਰਦੇ ਕਿਹਾ ਕਿ ਇਹ ਦੀਵਾਨ ਹਾਲ ਵੀ ਜਲਦੀ ਬਣਾਉਣ ਲਈ ਬਾਬਾ ਜੀ ਨੂੰ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਹਾਂਪੁਰਸ਼ ਇਲਾਕੇ ਅਤੇ ਦੂਰ ਦੁਰਾਡੇ ਦੀਆਂ ਸੰਗਤਾਂ ਨੂੰ ਲਿਆ ਕੇ ਨਾਮ ਜਪਾਉਂਦੇ ਹੋਏ ਗੁਰੂ ਘਰਾਂ ਦੀਆਂ ਇਮਾਰਤਾਂ ਬਣਾਉਂਦੇ ਹਨ ਜਿਸ ਕਾਰਨ ਨਾਮ ਸਿਮਰਨ ਦੀ ਬਰਕਤ ਸਦਕਾ ਹੀ ਇਹਨਾਂ ਇਮਾਰਤਾਂ ''ਚ ਗੁਰੂ ਕਿਰਪਾ ਬਣੀ ਰਹਿੰਦੀ ਹੈ ।
ਉਨ੍ਹਾਂ ਦੀਵਾਨ ਹਾਲ ''ਚ ਬੈਠ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ, ਗੁਰ ਇਤਿਹਾਸ ਅਤੇ ਕਥਾ ਵੀਚਾਰਾਂ ਸੁਣਨ ਦੀ ਪ੍ਰੇਰਨਾ ਕਰਦਿਆਂ ਕਿਹਾ ਕਿ ਇਹ ਮੇਲਾ ਨਹੀਂ ਜੋੜ ਮੇਲਾ ਹੈ , ਜੋ ਕਿ ਪ੍ਰਮਾਤਮਾ ਨਾਲ ਜੁੜ ਕੇ ਜੀਵਨ ਸਫਲ ਬਣਾਉਣ ਲਈ ਹੈ ।

ਬੀਬੀ ਜੀ ਨੇ ਮਾਤਾ ਦਮੋਦਰੀ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਇਸ ਨਗਰੀ ਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਦਮੋਦਰੀ ਜੀ ਨੂੰ ਵਿਆਉਂਣ ਆਏ ਸਨ । ਉਨ੍ਹਾਂ ਕਿਹਾ ਕਿ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਵਨ ਚਰਨ ਛੋਹ ਪ੍ਰਾਪਤ ਇਹ ਧਰਤੀ ਹੈ , ਜਿੱਥੇ ਸਤਿਗੁਰੂ ਜੀ ਦੀਆਂ ਰਹਿਮਤਾਂ ਹਮੇਸ਼ਾ ਚੱਲ ਰਹੀਆਂ ਹਨ । ਉਨ੍ਹਾਂ ਕਿਹਾ ਕਿ ਸਤਿਗੁਰੂ ਪਾਤਸ਼ਾਹ ਨੇ ਔਰਤ ਜਾਤੀ ਨੂੰ ਜੋ ਮਾਣ ਸਤਿਕਾਰ ਬਖਸ਼ਿਸ਼ ਕੀਤਾ ਸੀ ਉਸੇ ਸਦਕਾ ਹੀ ਜਿਲ੍ਹਾ ਕਪੂਰਥਲਾ ''ਚ ਔਰਤਾਂ ਨੂੰ ਹੁਣ ਵੀ ਵੱਡਾ ਮਾਣ ਸਤਿਕਾਰ ਗੁਰੂ ਪਾਤਸ਼ਾਹ ਨੇ ਦਿੱਤਾ ਹੈ । ਉਨ੍ਹਾਂ ਸੰਗਤਾਂ ਨੂੰ ਧੰਨ-ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਇਸ ਤੋਂ ਬਾਅਦ ਗੁਰਦੁਆਰਾ ਬਾਬਾ ਬੀੜ ਸਾਹਿਬ ਵਿਖੇ ਵੀ ਹਾਜਰੀ ਭਰਨੀ ਹੈ ।

ਇਹ ਵੀ ਪੜ੍ਹੋ :  ਜਲੰਧਰ ’ਚ ਭਿਆਨਕ ਹਾਦਸਾ, ਪਲਟੀਆਂ ਖਾ ਕੇ ਪੁਲੀ ’ਤੇ ਚੜ੍ਹੀ ਕਾਰ, ਦੋ ਨੌਜਵਾਨਾਂ ਦੀ ਮੌਤ

ਇਸ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ , ਇੰਜ. ਸਵਰਨ ਸਿੰਘ ਮੈਂਬਰ ਪੀ. ਏ. ਸੀ. , ਮਹਿੰਦਰ ਸਿੰਘ ਆਹਲੀ ਸਕੱਤਰ ਸ਼੍ਰੋਮਣੀ ਕਮੇਟੀ, ਮੇਲਾ ਇੰਚਾਰਜ ਭਾਈ ਜਰਨੈਲ ਸਿੰਘ ਬੂਲੇ ਗੁਰਦੁਆਰਾ ਇੰਸਪੈਕਟਰ ਅੰਮ੍ਰਿਤਸਰ, ਭਾਈ ਚੈਚਲ ਸਿੰਘ ਮੈਨੇਜਰ, ਭਾਈ ਹਰਵਿੰਦਰ ਸਿੰਘ ਪ੍ਰਚਾਰਕ, ਭਾਈ ਮਨਪ੍ਰੀਤ ਸਿੰਘ ਪ੍ਰਚਾਰਕ, ਭਾਈ ਰਣਜੀਤ ਸਿੰਘ ਰਾਣਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ, ਜਥੇ ਹਰਜਿੰਦਰ ਸਿੰਘ ਲਾਡੀ ਡਡਵਿੰਡੀ, ਜਥੇ ਸੁਖਚੈਨ ਸਿੰਘ ਮਨਿ‍ਆਲਾ, ਬੀਬੀ ਬਲਜੀਤ ਕੌਰ ਕਮਾਲਪੁਰ, ਜਥੇ ਹਰਜਿੰਦਰ ਸਿੰਘ ਵਿਰਕ, ਜਥੇ ਕਮਲਜੀਤ ਸਿੰਘ ਹੈਬਤਪੁਰ ਸੀਨੀਅਰ ਮੀਤ ਪ੍ਰਧਾਨ ਦੁਆਬਾ ਜੋਨ ਯੂਥ ਵਿੰਗ, ਇੰਦਰ ਸਿੰਘ ਲਾਟੀਆਂਵਾਲ, ਹਜ਼ੂਰੀ ਰਾਗੀ ਸੁਖਦੇਵ ਸਿੰਘ, ਭਾਈ ਸੁਖਵਿੰਦਰ ਸਿੰਘ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਸ਼ਿਰਕਤ ਕੀਤੀ ।

ਇਹ ਵੀ ਪੜ੍ਹੋ : ਜਲੰਧਰ: 8 ਮਹੀਨਿਆਂ ਦੇ ਬੱਚੇ ਦੀ ਮੌਤ ਤੋਂ ਬਾਅਦ ਭਿੜੇ ਦਾਦਕੇ ਤੇ ਨਾਨਕੇ, ਮੁਰਦਾ ਘਰ ’ਚ ਕੀਤਾ ਹੰਗਾਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News