ਭੋਗਪੁਰ ''ਚ ਚੋਰ ਗਿਰੋਹ ਸਰਗਰਮ, ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ

01/28/2020 7:42:58 PM

ਭੋਗਪੁਰ,(ਰਾਜੇਸ਼ ਸੂਰੀ) : ਭੋਗਪੁਰ ਸ਼ਹਿਰ 'ਚ ਬੇਖੋਫ ਚੋਰਾਂ ਵੱਲੋਂ ਇਕ ਹੋਰ ਸ਼ੋਅਰੂਮ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਮੋਬਾਇਲ ਫੋਨ ਤੇ ਨਕਦੀ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭੋਗਪੁਰ ਦੇ ਖੇਤਰਾਂ 'ਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਜਾਰੀ ਰਹਿਣ ਕਾਰਨ ਲੋਕਾਂ 'ਚ ਸਹਿਮ ਅਤੇ ਡਰ ਦਾ ਮਾਹੋਲ ਪਾਇਆ ਜਾ ਰਿਹਾ ਹੈ। ਸੋਮਵਾਰ ਤੇ ਮੰਗਲਵਾਰ ਵਿਚਕਾਰਲੀ ਰਾਤ ਚੋਰਾਂ ਵੱਲੋਂ ਭੋਗਪੁਰ ਸ਼ਹਿਰ ਵਿਚਲੇ ਆਦਮਪੁਰ ਰੇਲਵੇ ਫਾਟਕਾਂ ਨੇੜੇ ਇਕ ਮੋਬਾਇਲ ਸ਼ੋਅਰੂਮ ਦੀ ਛੱਤ ਤੋੜਕੇ ਸ਼ੋਅਰੂਮ ਅੰਦਰ ਦਾਖਲ ਹੋ ਕੇ ਲੱਖਾਂ ਰੁਪਏ ਕੀਮਤ ਦੇ ਨਵੇਂ ਮੋਬਾਇਲ ਫੋਨ ਅਤੇ ਸ਼ੋਅਰੂਮ ਦੇ ਗੱਲੇ ਵਿਚ ਪੰਦਰਾਂ ਹਜ਼ਾਰ ਦੇ ਕਰੀਬ ਨਕਦੀ ਚੋਰੀ ਕੀਤੇ ਜਾਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਚੋਰਾਂ ਵੱਲੋਂ ਨਿਸ਼ਾਨਾ ਬਣਾਏ ਗਏ ਆਰ. ਕੇ ਇਲੈਕਟਰੋਨਿਕਸ ਦੇ ਮਾਲਕ ਰਮੇਸ਼ ਚੰਤਰ ਪੁੱਤਰ ਖਰੈਤੀ ਲਾਲ ਵਾਸੀ ਨਵੀਂ ਅਬਾਦੀ ਭੋਗਪੁਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਸੋਮਵਾਰ ਰਾਤ ਸਮੇਂ ਸ਼ੋਅਰੂਮ ਨੂੰ ਤਾਲਾ ਲਗਾ ਕੇ ਘਰ ਚਲੇ ਗਏ ਸਨ। ਮੰਗਲਵਾਰ ਸਵੇਰ ਸਮੇਂ ਜਦੋਂ ਉਨ੍ਹਾਂ ਨੇ ਸ਼ੋਅਰੂਮ ਦਾ ਤਾਲਾ ਖੋਲਿਆ ਤਾਂ ਅੰਦਰ ਸਮਾਨ ਖਿਲਰਿਆ ਹੋਇਆ ਸੀ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਸ਼ੋਅਰੂਮ ਦੀ ਛੱਤ ਨੂੰ ਪਾੜ ਕੇ ਅੰਦਰ ਦਾਖਲ ਹੋਏ ਅਤੇ ਸ਼ੋਅਰੂਮ 'ਚੋਂ 25 ਸਮਾਰਟ ਮੋਬਾਇਲ ਫੋਨ, ਇਕ ਲੈਪਟਾਪ, 5 ਛੋਟੇ ਮੋਬਾਇਲ ਫੋਨ, ਇਕ ਵੂਫਰ ਬਾਕਸ, ਗੱਲੇ ਵਿਚ ਪਈ ਪੰਦਰਾਂ ਹਜ਼ਾਰ ਦੀ ਨਕਦੀ ਚੋਰੀ ਕਰਕੇ ਲੈ ਗਏ ਸਨ। ਰਮੇਸ਼ ਚੰਦਰ ਵੱਲੋਂ ਵਾਰਦਾਤ ਦੀ ਸੂਚਨਾ ਭੋਗਪੁਰ ਪੁਲਸ ਨੂੰ ਦਿੱਤੀ ਗਈ। ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦੀ ਫਿੰਗਰ ਪ੍ਰਿਟ ਮਾਹਰ ਟੀਮ ਵੱਲੋਂ ਸ਼ੋਅਰੂਮ ਅੰਦਰ ਚੋਰਾਂ ਦੀਆਂ ਉਂਗਲੀਆਂ ਦੇ ਨਿਸ਼ਾਨਾਂ ਦੇ ਸੈਂਪਲ ਇਕੱਠੇ ਕੀਤੇ ਗਏ ਹਨ। ਪੁਲਸ ਵਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।